ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ਵਿਚ ਇਕ ਪ੍ਰਵਾਸੀ ਮਜ਼ਦੂਰ ਵਲੋਂ ਇਕ ਬੱਚੇ ਦੀ ਹੱਤਿਆ ਕੀਤੇ ਜਾਣ ਨਾਲ ਰਾਜ ਵਿਚ ਸੋਗਮਈ ਅਤੇ ਦੁਖਦਾਈ ਮਾਹੌਲ ਬਣਿਆ ਹੈ। ਲੋਕਾਂ ਵਿਚ ਅਮਨ ਕਾਨੂੰਨ ਦੀ ਸਥਿਤੀ ਅਤੇ ਆਮ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਵੱਡੀ ਚਿੰਤਾ ਪੈਦਾ ਹੋਈ ਹੈ। ਬਿਨਾਂ ਸ਼ੱਕ ਇਹ ਬਹੁਤ ਦੁਖਦਾਈ ਤੇ ਚਿੰਤਾਜਨਕ ਘਟਨਾ ਸੀ। ਇਸ ਦੋਸ਼ੀ ਨੂੰ ਕਾਨੂੰਨ ਦੇ ਘੇਰੇ ਵਿਚ ਲਿਆ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਣੀ ਚਾਹੀਦੀ ਹੈ, ਪਰ ਕੁਝ ਲੋਕ ਇਸ ਘਟਨਾ ਲਈ ਸਾਰੇ ਪ੍ਰਵਾਸੀਆਂ ਨੂੰ ਜ਼ਿੰਮੇਵਾਰ ਠਹਿਰਾ ਕੇ ਉਨ੍ਹਾਂ ਦੇ ਖ਼ਿਲਾਫ਼ ਲਾਮਬੰਦੀ ਕਰ ਰਹੇ ਹਨ। ਇਸ ਨਾਲ ਪੰਜਾਬ ਦਾ ਮਾਹੌਲ ਖ਼ਰਾਬ ਹੋ ਸਕਦਾ ਹੈ। ਇਹ ਵਰਤਾਰਾ ਵੀ ਚਿੰਤਾਜਨਕ ਅਤੇ ਮੰਦਭਾਗਾ ਹੈ।
ਪੰਜਾਬ ਵਿਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆ ਕੇ ਪ੍ਰਵਾਸੀ ਉਸੇ ਹੀ ਤਰ੍ਹਾਂ ਕੰਮਕਾਰ ਕਰ ਰਹੇ ਹਨ, ਜਿਸ ਤਰ੍ਹਾਂ ਵੱਡੀ ਗਿਣਤੀ ਵਿਚ ਪੰਜਾਬੀ ਦੇਸ਼ ਦੇ ਦੂਜੇ ਸੂਬਿਆਂ ਵਿਚ ਪਿਛਲੇ ਲੰਬੇ ਸਮੇਂ ਤੋਂ ਕੰਮਕਾਰ ਕਰਦਿਆਂ ਉਥੇ ਵਸੇ ਹੋਏ ਹਨ। ਉਨ੍ਹਾਂ ਦੇ ਵੀ ਪਹਿਚਾਣ ਪੱਤਰ ਅਤੇ ਵੋਟ ਉੱਥੇ ਬਣੇ ਹੋਏ ਹਨ। ਪੰਜਾਬ ਦੇ ਘਟਨਾਕ੍ਰਮ ਦਾ ਉਨ੍ਹਾਂ 'ਤੇ ਵੀ ਅਸਰ ਹੋ ਸਕਦਾ ਹੈ। ਇਸ ਲਈ ਇਥੇ ਕੁਝ ਸੰਗਠਨਾਂ ਅਤੇ ਧਿਰਾਂ ਵਲੋਂ ਜੋ ਦਹਿਸ਼ਤ ਫੈਲਾਈ ਜਾ ਰਹੀ ਹੈ, ਉਸ ਸੰਬੰਧੀ ਪ੍ਰਸ਼ਾਸਨ ਵਲੋਂ ਤੁਰੰਤ ਪ੍ਰਭਾਵੀ ਕਾਰਵਾਈ ਕੀਤੇ ਜਾਣ ਦੀ ਜ਼ਰੂਰਤ ਹੈ। ਕਈ ਥਾਵਾਂ ਤੋਂ ਪ੍ਰਵਾਸੀ ਮਜ਼ਦੂਰਾਂ ਨੇ ਡਰ ਦੇ ਮਾਹੌਲ ਕਾਰਨ ਇੱਥੋਂ ਜਾਣਾ ਵੀ ਸ਼ੁਰੂ ਕਰ ਦਿੱਤਾ ਹੈ, ਜੋ ਗਲਤ ਸੰਦੇਸ਼ ਦੇਣ ਵਾਲਾ ਹੈ। ਦਹਾਕਿਆਂ ਤੋਂ ਪ੍ਰਵਾਸੀਆਂ ਨੇ ਪੰਜਾਬ ਦੀ ਖ਼ੁਸ਼ਹਾਲੀ ਵਿਚ ਆਪਣਾ ਵੱਡਾ ਯੋਗਦਾਨ ਪਾਇਆ ਹੈ। ਖ਼ਾਸ ਤੌਰ 'ਤੇ ਸਨਅਤ ਅਤੇ ਖੇਤੀਬਾੜੀ ਦੇ ਖੇਤਰ ਤੋਂ ਇਲਾਵਾ ਉਨ੍ਹਾਂ ਨੇ ਅਨੇਕਾਂ ਤਰ੍ਹਾਂ ਦੇ ਹੋਰ ਵੀ ਕੰਮ ਸੰਭਾਲੇ ਹੋਏ ਹਨ। ਇਕ ਤਰ੍ਹਾਂ ਨਾਲ ਉਹ ਸਮਾਜ ਦਾ ਹਿੱਸਾ ਬਣ ਚੁੱਕੇ ਹਨ। ਜੇਕਰ ਕੋਈ ਵਿਅਕਤੀ ਕੋਈ ਅਪਰਾਧ ਜਾਂ ਹੋਰ ਗ਼ਲਤ ਕੰਮ ਕਰਦਾ ਹੈ ਤਾਂ ਉਸ ਨੂੰ ਕਾਨੂੰਨ ਅਨੁਸਾਰ ਸਜ਼ਾ ਦਾ ਭਾਗੀ ਜ਼ਰੂਰ ਬਣਾਇਆ ਜਾਣਾ ਚਾਹੀਦਾ ਹੈ, ਪਰ ਉਸ ਦਾ ਗੁੱਸਾ ਹੋਰਾਂ 'ਤੇ ਕੱਢਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਸੂਬੇ ਦੀਆਂ ਕੁਝ ਪੰਚਾਇਤਾਂ ਨੇ ਇਸ ਸੰਬੰਧੀ ਮਤੇ ਵੀ ਪਾਏ ਹਨ ਅਤੇ ਪ੍ਰਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਵੀ ਦਿੱਤੀਆਂ ਹਨ, ਜਿਨ੍ਹਾਂ ਵਿਰੁੱਧ ਵੱਡੀ ਗਿਣਤੀ ਵਿਚ ਪੰਜਾਬੀਆਂ ਵਲੋਂ ਹੀ ਪ੍ਰਤੀਕਰਮ ਹੋਇਆ ਹੈ। ਇੱਥੋਂ ਤੱਕ ਕਿ ਕਈ ਕਿਸਾਨ ਜਥੇਬੰਦੀਆਂ ਵਲੋਂ ਵੀ ਅਪਣਾਏ ਗਏ ਅਜਿਹੇ ਰੁਖ਼ ਦੀ ਨਿੰਦਾ ਕੀਤੀ ਜਾਣ ਲੱਗੀ ਹੈ।
ਪਿਛਲੇ ਦਿਨੀਂ ਬਹੁਤ ਸਾਰੇ ਬੁੱਧੀਜੀਵੀਆਂ, ਲੇਖਕਾਂ ਅਤੇ ਕਲਾਕਾਰਾਂ ਨੇ ਵੀ ਹੁਸ਼ਿਆਰਪੁਰ ਵਿਚ ਵਾਪਰੀ ਅਪਰਾਧਕ ਘਟਨਾ ਦੀ ਸਖ਼ਤ ਆਲੋਚਨਾ ਕਰਦਿਆਂ ਇਹ ਕਿਹਾ ਹੈ ਕਿ ਕਿਸੇ ਮਾਨਸਿਕ ਤੌਰ 'ਤੇ ਬਿਮਾਰ ਵਿਅਕਤੀ ਦੇ ਕਾਰੇ ਲਈ ਕੋਈ ਸਮੁੱਚਾ ਭਾਈਚਾਰਾ ਦੋਸ਼ੀ ਨਹੀਂ ਹੋ ਸਕਦਾ। ਪੰਜਾਬ ਦੀ ਪਰੰਪਰਾ ਇਹ ਰਹੀ ਹੈ ਕਿ ਉਸ ਨੇ ਸਭ ਵਰਗਾਂ, ਜਾਤੀਆਂ ਅਤੇ ਖਿੱਤਿਆਂ ਦੇ ਲੋਕਾਂ ਨੂੰ ਹਮੇਸ਼ਾ ਆਪਣੇ ਗਲ ਨਾਲ ਲਗਾਇਆ ਹੈ। ਅਜਿਹੀ ਪਰੰਪਰਾ ਕਾਇਮ ਰਹਿਣੀ ਚਾਹੀਦੀ ਹੈ। ਦੋ ਦਹਾਕੇ ਪਹਿਲਾਂ ਵੀ ਕੁਝ ਵੱਡੇ ਸ਼ਹਿਰਾਂ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਸਨ, ਪਰ ਉਸ ਸਮੇਂ ਵੀ ਸਿਰਜੇ ਗਏ ਸੌੜੇ ਮਾਹੌਲ ਦੇ ਖ਼ਿਲਾਫ਼ ਵੱਡੀ ਪੱਧਰ 'ਤੇ ਆਵਾਜ਼ ਉੱਠੀ ਸੀ। ਇਸ ਸੰਬੰਧੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਇਹ ਕਿਹਾ ਹੈ ਕਿ ਕਿਸੇ ਵੀ ਮੰਦਭਾਗੀ ਘਟਨਾ ਨੂੰ ਕਿਸੇ ਪੂਰੇ ਵਰਗ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਇਸ ਲਈ ਸਭ ਨੂੰ ਕਸੂਰਵਾਰ ਨਹੀਂ ਠਹਿਰਾਇਆ ਜਾ ਸਕਦਾ। ਇਸ ਸੰਬੰਧੀ ਉਨ੍ਹਾਂ ਨੇ ਸੰਬੰਧਿਤ ਪ੍ਰਸ਼ਾਸਨਾਂ ਨੂੰ ਪੂਰੀ ਤਰ੍ਹਾਂ ਸੁਚੇਤ ਰਹਿਣ ਦੀ ਹਦਾਇਤ ਵੀ ਕੀਤੀ ਹੈ।
ਇਸ ਸਮੇਂ ਲੱਖਾਂ ਹੀ ਪ੍ਰਵਾਸੀ ਸੂਬੇ ਵਿਚ ਕੰਮਾਂ 'ਤੇ ਲੱਗੇ ਹੋਏ ਹਨ। ਦੂਜੇ ਪਾਸੇ ਸਾਡੀ ਜਾਣਕਾਰੀ ਅਨੁਸਾਰ ਅੱਜ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਇਲਾਵਾ ਅਮਰੀਕਾ, ਆਸਟ੍ਰੇਲੀਆ, ਕੈਨੇਡਾ ਅਤੇ ਯੂਰਪ ਦੇ ਬਹੁਤੇ ਦੇਸ਼ਾਂ ਵਿਚ ਵੀ 50 ਲੱਖ ਤੋਂ ਵਧੇਰੇ ਪੰਜਾਬੀ ਆਪਣਾ ਜੀਵਨ ਬਸਰ ਕਰ ਰਹੇ ਹਨ। ਹਰ ਥਾਂ 'ਤੇ ਉਨ੍ਹਾਂ ਨੇ ਆਪਣੀ ਮਿਹਨਤ ਅਤੇ ਯੋਗਤਾ ਨਾਲ ਚੰਗਾ ਪ੍ਰਭਾਵ ਬਣਾਇਆ ਹੈ ਅਤੇ ਉਥੋਂ ਦੇ ਸਮਾਜਾਂ ਵਿਚ ਵੀ ਉਨ੍ਹਾਂ ਨੇ ਆਪਣੀ ਪਛਾਣ ਕਾਇਮ ਕੀਤੀ ਹੈ। ਇਸ ਸਮੇਂ ਸਰਕਾਰ ਦੀ ਵੀ ਇਹ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਜਿਹੇ ਮਾਹੌਲ ਨੂੰ ਫੈਲਣ ਤੋਂ ਰੋਕਣ ਦਾ ਯਤਨ ਕਰੇ। ਸਮਾਜ ਦੇ ਵੱਖ-ਵੱਖ ਚੇਤਨ ਵਰਗਾਂ ਨੂੰ ਵੀ ਆਪਸੀ ਭਾਈਚਾਰਾ ਤੇ ਸਮਾਜਿਕ ਸਾਂਝ ਬਣਾਈ ਰੱਖਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਅਜਿਹੇ ਯਤਨਾਂ ਨਾਲ ਹੀ ਸੂਬੇ ਵਿਚ ਫਿਰ ਤੋਂ ਸੁਖਾਵਾਂ ਮਾਹੌਲ ਸਿਰਜਿਆ ਜਾ ਸਕੇਗਾ।
-ਬਰਜਿੰਦਰ ਸਿੰਘ ਹਮਦਰਦ