23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਨਿਮਰਤਾ ਅਤੇ ਸਾਦਗੀ ਦਾ ਮੁਜੱਸਮਾ-ਸ਼ੇਖ ਫ਼ਰੀਦ

ਅਜੀਤ ਡੈਸਕ 21-09-2025

ਬਾਬਾ ਸ਼ੇਖ ਫ਼ਰੀਦ...× ਸੂਫ਼ੀ ਪੈਗ਼ੰਬਰ...× ਦਰਵੇਸ਼ ਰੂਹ...× ਚਿਸ਼ਤੀ ਸਿਲਸਿਲੇ ਦੇ ਰੂਹੇ-ਰਵਾਂ...× ਪੰਜਾਬੀ ਦੇ ਆਦਿ ਕਵੀ...× । ਬਾਬਾ ਫ਼ਰੀਦ ਬਾਰੇ ਸਭ ਤੋਂ ਪ੍ਰਮਾਣਿਕ ਪੁਸਤਕ 'ਸੀਅਰੁਲ ਔਲੀਆ' ਦੇ ਲੇਖਕ ਮੁਹੰਮਦ ਮੁਬਾਰਕ ਅਲਅਲਵੀ ਕਿਰਮਾਨੀ (ਅਮੀਰ ਖੁਰਦ) ਨੇ ਇਨ੍ਹਾਂ ਨੂੰ 'ਪੀਰਾਂ ਦਾ ਪੀਰ' ਆਖਿਆ ਹੈ। ਸ਼ਾਂਤ ਸੁਭਾਅ, ਮਿੱਠ ਬੋਲੜੇ, ਸਬਰ ਸੰਤੋਖੀ, ਰੱਬੀ ਆਤਮਾ ਨੂੰ ਲੋਕਾਈ ਝੁਕ ਕੇ ਸਿਜਦਾ ਕਰਦੀ ਐ।
ਨਿਮਰਤਾ ਅਤੇ ਸਾਦਗੀ ਦੇ ਇਸ ਮੁਜੱਸਮੇ ਦਾ ਆਗਮਨ 1173 ਈ. ਨੂੰ ਮੁਲਤਾਨ ਤੋਂ ਦਸ ਕਿੱਲੋਮੀਟਰ ਦੂਰ ਪਿੰਡ ਕੋਠੇਵਾਲ- ਜਿਸਨੂੰ ਹੁਣ ਚਾਵਲੀ ਮਸਾਇਖਾਂ ਦੇ ਨਾਂਅ ਨਾਲ ਜਾਣਿਆ ਜਾਂਦੈ- ਵਿਚ ਹੋਇਆ, ਜਿਹੜਾ ਉਦੋਂ ਸਿੰਧ ਸੂਬੇ ਦਾ ਹਿੱਸਾ ਸੀ। ਸ਼ੇਖ ਫ਼ਰੀਦ ਦੇ ਵਡੇਰੇ ਇਸਲਾਮ ਦੇ ਦੂਜੇ ਖ਼ਲੀਫ਼ਾ ਹਜ਼ਰਤ ਉਮਰ ਦੀ ਵੰਸ਼ ਵਿਚੋਂ ਸਨ। ਉਨ੍ਹਾਂ ਦਾ ਪਿਛੋਕੜ ਕਾਬਲ ਦੇ ਬਾਦਸ਼ਾਹ ਫ਼ਾਰੂਖ ਸ਼ਾਹ ਆਦਲ ਨਾਲ ਜੁੜਦਾ ਹੈ। ਦਾਦਾ ਸ਼ੇਖ ਸ਼ੁਐਬ, ਗਜ਼ਨੀ ਦੇ ਰਾਜੇ ਦੇ ਭਰਾ ਸਨ। ਜਦੋਂ ਚੰਗੇਜ਼ ਖਾਨ ਨੇ ਕਾਬਲ ਨੂੰ ਉਜਾੜਿਆ ਤਾਂ ਕਾਜ਼ੀ ਸ਼ੁਐਬ ਲਾਹੌਰ ਹੁੰਦੇ ਹੋਏ ਕਸੂਰ ਅਤੇ ਅੰਤ ਕੋਠੇਵਾਲ ਜਾ ਟਿਕੇ। ਉਨ੍ਹਾਂ ਨੂੰ ਇੱਥੋਂ ਦਾ ਕਾਜ਼ੀ ਮੁਕੱਰਰ ਕੀਤਾ ਗਿਆ। ਇੱਥੇ ਹੀ ਪਿਤਾ ਜਮਾਲ-ਉਦ-ਦੀਨ ਅਤੇ ਬੀਬੀ ਮਰੀਅਮ (ਕਰਸੂਮ ਬੀਬੀ) ਦੇ ਘਰ ਤਿੰਨ ਬੇਟਿਆਂ ਅਤੇ ਇਕ ਬੇਟੀ ਨੇ ਜਨਮ ਲਿਆ। ਵਿਚਕਾਰਲੇ ਬੇਟੇ ਦਾ ਨਾਂਅ ਫ਼ਰੀਦ-ਉਦ-ਦੀਨ ਮਸਊਦ ਰੱਖਿਆ ਗਿਆ। ਬਾਬਾ ਫ਼ਰੀਦ ਦੇ ਮਾਤਾ ਬੀਬੀ ਮਰੀਅਮ ਹਜ਼ਰਤ ਅਲੀ ਦੇ ਖ਼ਾਨਦਾਨ ਨਾਲ ਸੰਬੰਧਿਤ ਸਈਅਦ ਮੁਹੰਮਦ ਅਬਦੁੱਲਾ ਸ਼ਾਹ ਦੀ ਬੇਟੀ ਸਨ। ਹਜ਼ਰਤ ਮੁਹੰਮਦ ਦੇ ਚਾਚਾ ਹਜ਼ਰਤ ਅੱਬਾਸ ਦੀ ਕੁੱਲ ਵਿਚੋਂ ਸ਼ੇਖ ਵਜੀਹਉੱਦੀਨ ਨੇ ਮਰੀਅਮ ਨੂੰ ਗੋਦ ਲਿਆ ਹੋਇਆ ਸੀ। ਹਿੰਦੁਸਤਾਨ ਆਉਣ ਸਮੇਂ ਉਹ ਮਰੀਅਮ ਨੂੰ ਨਾਲ ਲੈ ਆਏ ਤੇ ਉਸਦੀ ਸ਼ਾਦੀ ਜਮਾਲ-ਉਦ-ਦੀਨ ਨਾਲ ਕਰ ਦਿੱਤੀ ਅਤੇ ਸ਼ੇਖ ਫ਼ਰੀਦ ਦਾ ਜਨਮ ਹੋਇਆ।
ਬੰਦਗੀ ਦੀ ਖ਼ੈਰ ਮੰਗਣ ਵਾਲੇ ਫ਼ਰੀਦ-ਉਦ-ਦੀਨ ਗੰਜਿ ਸ਼ਕਰ ਨੇ ਅੱਠ ਸਾਲਾਂ ਦੀ ਉਮਰ ਵਿਚ ਹੀ ਮੁਕੱਦਸ ਕੁਰਾਨ ਸ਼ਰੀਫ ਜ਼ੁਬਾਨੀ ਯਾਦ ਕਰ ਲਿਆ ਸੀ ਅਤੇ ਪੰਦਰਾਂ ਸਾਲ ਦੀ ਉਮਰ ਵਿਚ ਹਾਜੀ ਦੀ ਪਦਵੀ ਹਾਸਲ ਕਰ ਲਈ ਸੀ। ਇਸਲਾਮੀ ਤਾਲੀਮ ਹਾਸਲ ਕਰਨ ਲਈ ਕਾਬਲ ਭੇਜਿਆ ਗਿਆ। ਮੁਲਤਾਨ ਆ ਕੇ ਸ਼ੇਖ ਬਹਾਯੁਦੀਨ ਜ਼ਕਰੀਆ ਤੋਂ ਵੀ ਮਜ਼੍ਹਬੀ ਇਲਮ ਹਾਸਲ ਕੀਤਾ ਅਤੇ ਖ਼ਵਾਜਾ ਬਖ਼ਤਿਆਰ ਕਾਕੀ ਨੂੰ ਮੁਰਸ਼ਦ ਧਾਰਨ ਕਰ ਲਿਆ।
ਪ੍ਰੋ. ਪ੍ਰੀਤਮ ਸਿੰਘ ਅਨੁਸਾਰ ਚਿਸ਼ਤੀ ਸੰਪਰਦਾਇ ਦਾ ਸਿਲਸਿਲਾ ਖ਼ਵਾਜਾ ਹਸਨ ਬਸਰੀ ਤੋਂ ਸ਼ੁਰੂ ਹੋਇਆ। ਉਨ੍ਹਾਂ ਨੇ ਫ਼ਕੀਰੀ ਦੀ ਗੋਦੜੀ ਹਜ਼ਰਤ ਅਲੀ ਪਾਸੋਂ ਪ੍ਰਾਪਤ ਕੀਤੀ ਅਤੇ ਆਪਣੀਆਂ ਤੇਰਾਂ ਪੁਸ਼ਤਾਂ ਪਿੰਡ ਚਿਸ਼ਤ ਵਿਚ ਹੀ ਟਿਕੇ ਰਹੇ। ਖ਼ਵਾਜਾ ਮੁਇਨ-ਉਦ-ਦੀਨ ਨੇ ਚਿਸ਼ਤੀ ਸੰਪਰਦਾਇ ਦੀ ਨੀਂਹ ਰੱਖੀ ਅਤੇ ਉਹ ਇਸਦੇ ਚੌਦਵੇਂ ਖ਼ਲੀਫ਼ਾ ਸਨ। ਉਨ੍ਹਾਂ ਆਪਣੀ ਗੱਦੀ ਕੁਤਬ-ਉਦ-ਦੀਨ ਬਖਤਿਆਰ ਕਾਕੀ ਨੂੰ ਸੌਂਪੀ। ਸ਼ੇਖ ਫ਼ਰੀਦ ਉਚੇਰੀ ਸਿੱਖਿਆ ਲਈ ਮੁਲਤਾਨ ਗਏ ਤਾਂ ਉਨ੍ਹਾਂ ਦਾ ਮੇਲ ਬਖ਼ਤਿਆਰ ਕਾਕੀ ਨਾਲ ਹੋਇਆ। ਸਰਗਰਮੀਆਂ ਦਾ ਕੇਂਦਰ ਪਹਿਲਾਂ ਦਿੱਲੀ ਤੇ ਫਿਰ ਅਜਮੇਰ ਬਣ ਗਿਆ। ਅੱਜ ਕੱਲ੍ਹ ਅਜਮੇਰ ਨੂੰ 'ਅਜਮੇਰ ਸ਼ਰੀਫ' ਕਿਹਾ ਜਾਂਦੈ। ਸ਼ੇਖ ਫ਼ਰੀਦ ਵੀ ਬਖ਼ਤਿਆਰ ਕਾਕੀ ਦੇ ਨਾਲ ਦਿੱਲੀ ਆ ਗਏ ਅਤੇ ਕਾਕੀ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਫ਼ਰੀਦ ਜੀ ਨੂੰ ਇਸ ਦਾ ਖ਼ਲੀਫ਼ਾ ਥਾਪਿਆ ਗਿਆ ਤੇ ਉਹ ਚਿਸ਼ਤੀ ਸਿਲਸਿਲੇ ਦੇ ਮੁਖੀ ਬਣੇ।
ਮੈਕਸ ਆਰਥਰ ਮੈਕਾਲਿਫ਼ ਅਨੁਸਾਰ ਸ਼ੇਖ ਫ਼ਰੀਦ ਦੀਆਂ ਤਿੰਨ ਸ਼ਾਦੀਆਂ ਹੋਈਆਂ। ਪੰਜ ਪੁੱਤਰ ਅਤੇ ਤਿੰਨ ਧੀਆਂ ਨੇ ਜਨਮ ਲਿਆ। ਜਦੋਂ ਬਲਬਨ ਦਿੱਲੀ ਦੇ ਤਖ਼ਤ 'ਤੇ ਬੈਠਾ ਤਾਂ ਉਸਨੇ ਸ਼ੇਖ ਫ਼ਰੀਦ ਨੂੰ ਸ਼ਾਹੀ ਮਹਿਮਾਨ ਵਜੋਂ ਦਿੱਲੀ ਆਉਣ ਦਾ ਸੱਦਾ ਦਿੱਤਾ। ਸ਼ਾਹੀ ਮਹੱਲ ਵਿਚ ਸ਼ੇਖ ਫ਼ਰੀਦ ਦੀ ਨਜ਼ਰ ਬਲਬਨ ਦੀ ਧੀ ਹਜ਼ਬਰਾ ਉੱਪਰ ਪਈ ਤਾਂ ਫ਼ਰੀਦ ਨੇ ਫ਼ੁਰਮਾਇਆ, ਇਸਦੇ ਮਸਤਕ 'ਤੇ ਲਿਖਿਆ ਹੈ, ਇਸਦਾ ਨਿਕਾਹ ਮੇਰੇ ਨਾਲ ਹੋਵੇਗਾ। ਨਿਕਾਹ ਹੋ ਗਿਆ ਪਰ ਹੀਰੇ ਜਵਾਹਰਾਤ ਫ਼ਰੀਦ ਜੀ ਨੇ ਪ੍ਰਵਾਨ ਨਹੀਂ ਕੀਤੇ। ਬੀਬੀ ਹਜ਼ਬਰਾ ਨਾਲ ਉਹ ਦਿੱਲੀ ਛੱਡ ਕੇ ਅਜੋਧਨ ਆ ਵਸੇ। ਬਾਅਦ ਵਿਚ ਇਸਦਾ ਨਾਂਅ ਪਾਕਪਟਨ ਪੈ ਗਿਆ। ਬਾਬਾ ਫ਼ਰੀਦ ਜੀ ਦੇ ਆਗਮਨ ਨਾਲ ਪਾਕਪਟਨ ਰੂਹਾਨੀਅਤ ਦਾ ਕੇਂਦਰ ਬਣ ਗਿਆ, ਜਿੱਥੇ ਦੂਰੋਂ-ਦੂਰੋਂ ਲੋਕ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਕਰਨ ਤੇ ਸਿੱਖਿਆ ਹਾਸਲ ਕਰਨ ਆਉਂਦੇ ਸਨ। ਆਪਣੇ ਪੀਰਾਂ ਅਤੇ ਪੈਰੋਕਾਰਾਂ ਦੇ ਕਹਿਣ 'ਤੇ ਇਨ੍ਹਾਂ ਨੇ ਅਠਾਰਾਂ ਸਾਲ ਤੱਕ ਗਜ਼ਨੀ, ਬਗ਼ਦਾਦ, ਸੀਰੀਆ, ਈਰਾਨ ਆਦਿ ਮੁਲਕਾਂ ਦਾ ਦੌਰਾ ਕੀਤਾ ਅਤੇ ਪ੍ਰਸਿੱਧ ਸੂਫ਼ੀ ਫ਼ਕੀਰਾਂ ਨਾਲ ਵਾਰਤਾਲਾਪ ਕਰਦੇ ਰਹੇ।
ਬਾਬਾ ਫ਼ਰੀਦ ਗ਼ਰੀਬੀ ਵਾਲਾ ਜੀਵਨ ਬਸ਼ਰ ਕਰਦੇ ਸਨ। ਪ੍ਰੋ. ਗੁਰਬਚਨ ਸਿੰਘ ਤਾਲਿਬ ਲਿਖਦੇ ਹਨ: ਸ਼ੇਖ ਫ਼ਰੀਦ ਬਹੁਤ ਹੀ ਸਖ਼ਤ ਅਨੁਸ਼ਾਸਨ ਵਿਚ ਰਹਿੰਦੇ ਸਨ। ਖਾਣ ਪੀਣ ਅਤੇ ਕੱਪੜਿਆਂ ਦੇ ਮਾਮਲੇ ਵਿਚ ਬੜੇ ਸੰਜਮੀ ਸਨ। ਉਹ ਇਕ ਪਾਟਿਆ ਪੁਰਾਣਾ ਕੰਬਲ ਲੈ ਕੇ ਸੌਂਦੇ ਸਨ, ਜਿਹੜਾ ਉਨ੍ਹਾਂ ਦੇ ਸਰੀਰ ਨੂੰ ਢਕਣ ਲਈ ਨਾਕਾਫ਼ੀ ਹੁੰਦਾ ਸੀ। ਪਾਕਪਟਨ ਨੂੰ ਆਪਣਾ ਪੱਕਾ ਟਿਕਾਣਾ ਬਣਾਉਣ ਮਗਰੋਂ ਵੀ ਉਹ ਜੰਗਲੀ ਕੰਦ- ਮੂਲ ਖਾ ਕੇ ਆਪਣਾ ਗੁਜ਼ਾਰਾ ਕਰਦੇ ਸਨ। ਬਾਬਾ ਫ਼ਰੀਦ ਦਾ ਕਥਨ ਹੈ: ਜ਼ਕਾਤ ਤਿੰਨ ਤਰ੍ਹਾਂ ਦਾ ਹੁੰਦਾ ਹੈ। ਇਕ ਸ਼ਰੀਅਤ ਦਾ, ਦੂਜਾ ਤਰੀਕਤ ਦਾ 'ਤੇ ਤੀਜਾ ਹਕੀਰਤ ਦਾ। ਹਕੀਰਤ ਦੇ ਦਾਨ ਵਿਚ ਆਪਣੇ ਲਈ ਕੁਝ ਨਹੀਂ ਰੱਖੀਦਾ, ਸਾਰਾ ਕੁਝ ਦਾਨ ਵਿਚ ਦੇ ਦਿੱਤਾ ਜਾਂਦਾ ਹੈ। ਸ਼ੇਖ ਫ਼ਰੀਦ ਦੇ ਨਾਂਅ 'ਗੰਜਿ ਸ਼ਕਰ' ਬਾਰੇ ਡਾ. ਗੁਰਦੇਵ ਸਿੰਘ ਨੇ 'ਪੰਜਾਬੀ ਸੂਫ਼ੀ ਕਾਵਿ ਦਾ ਇਤਿਹਾਸ' ਵਿਚ ਲਿਖਿਆ ਹੈ: ਅਸਲ ਵਿਚ ਆਪ ਦੀ ਸੀਰੀਂ ਬਿਆਨੀ (ਮਧੁਰ ਕਥਨੀ) ਕਰਕੇ ਹੀ ਆਪ ਨੂੰ ਗੰਜਿ ਸ਼ਕਰ (ਮਿਠਾਸ ਦਾ ਖ਼ਜ਼ਾਨਾ) ਕਿਹਾ ਹੋਵੇਗਾ। ਵਿਦਵਾਨਾਂ ਦਾ ਮੱਤ ਹੈ, ਇਕ ਕਾਰਨ ਇਨ੍ਹਾਂ ਦਾ ਨਾਂਅ ਵੀ ਹੋ ਸਕਦਾ 'ਫ਼ਰੀਦ'- ਮਤਲਬ ਅਦੁੱਤੀ, ਇਕੱਲਾ, ਸਭ ਤੋਂ ਭਿੰਨ। ਮਾਤਾ ਮਰੀਅਮ ਵੀ ਇਸ ਦਾ ਕਾਰਨ ਹੋ ਸਕਦੀ ਹੈ ਜੋ ਬਚਪਨ ਵਿਚ ਫ਼ਰੀਦ ਜੀ ਦੇ ਬੰਦਗੀ ਕਰਨ ਸਮੇਂ ਉਨ੍ਹਾਂ ਦੀ ਚਟਾਈ ਹੇਠ ਸ਼ੱਕਰ ਛੁਪਾ ਦਿੰਦੇ ਸਨ। ਸ਼ੇਖ ਫ਼ਰੀਦ ਦੀ ਰਚਨਾ ਵਿਚ ਉਨ੍ਹਾਂ ਦਾ ਅਕਸ ਉੱਚ ਕੋਟੀ ਦੇ ਵਿਦਵਾਨਾਂ ਵਾਲਾ ਹੈ। ਬਾਬਾ ਫ਼ਰੀਦ ਜੀ ਦਾ ਪੰਜਾਬੀ ਸਾਹਿਤ ਵਿਚ ਵਡਮੁੱਲਾ ਯੋਗਦਾਨ ਉਸ ਸਮੇਂ ਰਚੇ ਸ਼ਬਦਾਂ ਅਤੇ ਸ਼ਲੋਕਾਂ ਕਰਕੇ ਹੈ। ਉਨ੍ਹਾਂ ਦੀ ਬਾਣੀ ਦਾ ਉੱਚ ਮਿਆਰ ਹੋਣ ਕਾਰਨ ਹੀ ਪਹਿਲੇ ਚਾਰ ਗੁਰੂਆਂ ਨੇ ਇਸ ਨੂੰ ਸੰਭਾਲਿਆ ਅਤੇ ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਇਕੱਤਰ ਕਰ 'ਆਦਿ ਸ੍ਰੀ ਗੁਰੂ ਗ੍ਰੰਥ' ਸਾਹਿਬ ਵਿਚ ਦਰਜ ਕਰ ਕੇ ਅਹਿਮ ਸਥਾਨ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਬਾਬਾ ਫ਼ਰੀਦ ਜੀ ਦੇ ਚਾਰ ਸ਼ਬਦ-ਦੋ ਆਸਾ ਰਾਗ, ਦੋ ਸੂਹੀ ਰਾਗ-ਅਤੇ 112 ਸ਼ਲੋਕ ਦਰਜ ਹਨ। ਸ਼ੇਖ ਫ਼ਰੀਦ ਜੀ ਦੀ ਰਚਨਾ ਦੀ ਸ਼੍ਰੇਸਟਤਾ ਦੇ ਸੰਦਰਭ ਵਿਚ ਉੱਘੇ ਵਿਦਵਾਨ ਡਾ. ਜੀਤ ਸਿੰਘ ਸੀਤਲ ਲਿਖਦੇ ਹਨ: ਦੇਸ਼ ਦੀ ਲੋਕ ਭਾਸ਼ਾ ਪੁਰਾਤਨ ਪੰਜਾਬੀ ਅਥਵਾ ਲਹਿੰਦੀ ਵਿਚ ਪਹਿਲੀ ਵਾਰ ਸ਼ੇਖ ਫ਼ਰੀਦ ਨੇ ਉੱਚ ਪੱਧਰ ਦੀ ਕਵਿਤਾ ਰਚੀ। ਉਹ ਆਧੁਨਿਕ ਭਾਰਤੀ ਭਾਸ਼ਾਵਾਂ ਦੇ ਪਹਿਲੇ ਸਾਹਿਤਕਾਰ ਹਨ, ਭਗਤੀ, ਬੰਦਗੀ ਕਾਵਿ ਦੇ ਪਹਿਲੇ ਸ਼੍ਰੋਮਣੀ ਕਵੀ ਅਤੇ ਗੁਰਮਤਿ ਵਿਚਾਰਧਾਰਾ ਦੇ ਪਹਿਲੇ ਪੇਸ਼-ਰੌ ਹਨ।
ਡਾ. ਤਾਰਨ ਸਿੰਘ ਨੇ ਬਹੁਤ ਸੰਖੇਪ ਸ਼ਬਦਾਂ ਵਿਚ ਫ਼ਰੀਦ ਜੀ ਦੀ ਬਾਣੀ ਨੂੰ ਵਡਿਆਇਆ ਹੈ: ਬਾਬਾ ਫ਼ਰੀਦ ਨੂੰ ਸਭ ਤੋਂ ਵੱਡਾ ਤਜਰਬਾ ਘਰੋਗੀ ਸਾਧਾਰਨ ਜਾਤੀ ਜੀਵਨ ਦਾ ਹੀ ਹੈ, ਜਿਸ ਵਿਚ ਰੋਟੀ, ਲਾਵ੍ਹਣ, ਭੁੱਖ, ਰੁੱਖੀ ਸੁੱਖੀ ਤੇ ਚੋਪੜੀ ਦਾ ਤਜਰਬਾ ਹੈ, ਜਿਸ ਵਿਚ ਖਟੋਲਾ, ਵਾਣ, ਵਿਛਾਈ ਤੇ ਲੇਫ਼ ਦੀ ਵਰਤੋਂ ਹੈ, ਜਿਸ ਵਿਚ ਛੱਪਰ, ਤੁੱਟੇ ਮੇਹ, ਕੋਠੇ, ਪੱਤਣ, ਕੇਤੜੀ ਦੀ ਸੋਝੀ ਹੈ, ਕਿਵੇਂ ਸ਼ੱਕਰ, ਖੰਡ, ਨਿਵਾਤ, ਗੁੜ, ਮਾਖਿਓਂ, ਦੁੱਧ, ਖਜੂਰੀ ਪੱਕੀਆਂ ਨਾਲ ਵਾਹ ਰਹਿੰਦਾ ਹੈ। ਜਿੱਥੇ ਵਿਛੋੜੇ ਦੀਆਂ ਰਾਤਾਂ ਦਾ ਅਨੁਭਵ ਹੈ, ਜਿੱਥੇ ਕਥੂਰੀ ਤੇ ਹਿੰਗ ਦੇ ਭੇਤ ਦੀ ਸੂਝ ਹੈ, ਜਿੱਥੇ ਲੋਕ ਪੱਗ ਦੀ ਸੰਭਾਲ਼ ਕਰਦੇ-ਕਰਦੇ ਭੁੱਲ ਜਾਂਦੇ ਹਨ ਕਿ ਸਿਰ ਨੂੰ ਵੀ ਮਿੱਟੀ ਖਾ ਜਾਏਗੀ। ਜਿੱਥੇ ਗ੍ਰਿਹਸਤੀ ਜੀਵਨ, ਵਿਆਹ ਦੇ ਸਾਹੇ, ਤਿਲਵੇਤਰੀ ਦੀ ਰਸਮ, ਸਹੁ ਕੱਢਣ ਦਾ ਪਤਾ, ਲੋੜ, ਗੰਢ, ਸਹੁਰੇ-ਪੇਕੇ ਸੰਬੰਧਾਂ ਦਾ ਪਤਾ ਲੱਗਦਾ ਹੈ। ਇਸ ਤਰ੍ਹਾਂ ਸ਼ੇਖ ਫ਼ਰੀਦ ਦੀ ਰਚਨਾ ਵਸਤੂ ਅਤੇ ਰੂਪ ਦੋਹਾਂ ਪੱਖਾਂ ਤੋਂ ਪੰਜਾਬੀ ਸਾਹਿਤ ਵਿਚ ਬਹੁਤ ਮਹਾਨਤਾ ਰੱਖਦੀ ਹੈ। ਉਨ੍ਹਾਂ ਦੀ ਰਚਨਾ ਵਿਚ ਜਿਹੜੇ ਦੋ ਕਾਵਿ-ਰੂਪ ਵਰਤੇ ਗਏ ਹਨ, ਉਹ ਭਾਰਤੀ ਪਰੰਪਰਾ ਨਾਲ ਸੰਬੰਧ ਰੱਖਦੇ ਹਨ। ਸ਼ਲੋਕ ਅਜਿਹਾ ਕਾਵਿ-ਰੂਪ ਹੈ, ਜਿਸ ਵਿਚ ਸੰਜਮ ਅਤੇ ਸੰਖੇਪਤਾ ਹੁੰਦੀ ਹੈ ਅਤੇ ਪਾਠਕ ਦੇ ਮਨ ਉੱਤੇ ਡੂੰਘਾ ਪ੍ਰਭਾਵ ਪੈਂਦਾ ਹੈ:
ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨ੍ਹਾ ਨ ਮਾਰੇ ਘੁੰਮਿ॥
ਆਪਨੜੈ ਘਰਿ ਜਾਈਐ ਪੈਰ ਤਿਨ੍ਹਾ ਦੇ ਚੁੰਮਿ॥7॥
ਫ਼ਰੀਦ ਬਾਣੀ ਵਿਚ ਦੂਸਰਾ ਕਾਵਿ-ਰੂਪ ਹੈ-ਸ਼ਬਦ:
ਦਿਲਹੁ ਮੁਹਬਤਿ ਜਿੰਨ੍ਹ ਸੇਈ ਸਚਿਆ॥
ਜਿਨ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ॥
(ਰਾਗ ਆਸਾ, ਅੰਗ : 488)
ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਫ਼ਰੀਦ ਜੀ ਦੀ ਗੱਦੀ 'ਤੇ ਬੈਠੇ ਗਿਆਰਵੇਂ ਗੱਦੀ ਨਸ਼ੀਨ ਸ਼ੇਖ ਬ੍ਰਹਮ-ਜਿਨ੍ਹਾਂ ਨੂੰ ਸ਼ੇਖ ਇਬਰਾਹੀਮ ਵੀ ਕਿਹਾ ਜਾਂਦਾ- ਨਾਲ ਦੋ ਵਾਰ ਹੋਈ। ਇਸੇ ਤੋਂ ਹੀ ਗੁਰੂ ਜੀ ਨੇ ਫ਼ਰੀਦ ਜੀ ਦੀ ਬਾਣੀ ਹਾਸਲ ਕੀਤੀ ਦੱਸੀ ਜਾਂਦੀ ਹੈ। ਕੁਝ ਖੋਜਕਾਰਾਂ ਦਾ ਇਹ ਵੀ ਮੱਤ ਹੈ ਕਿ ਸ਼ੇਖ ਫ਼ਰੀਦ ਦੀ ਰਚਨਾ ਅਸਲ ਵਿਚ ਸ਼ੇਖ ਇਬਰਾਹੀਮ ਦੀ ਹੈ। ਇਹ ਜਾਣਕਾਰੀ ਵੀ ਮਿਲਦੀ ਹੈ ਕਿ ਸ਼ੇਖ ਫ਼ਰੀਦ ਜੀ ਦੀ ਕੁਝ ਬਾਣੀ ਅਤੇ ਸ਼ਲੋਕ ਹੋਰ ਵੀ ਹਨ, ਜੋ ਲਿਖਤੀ ਰੂਪ ਵਿਚ ਸਾਹਮਣੇ ਨਹੀਂ ਆਏ।
ਫ਼ਰੀਦਕੋਟ ਸ਼ਹਿਰ ਦਾ ਨਾਂਅ ਵੀ ਬਾਬਾ ਸ਼ੇਖ ਫ਼ਰੀਦ ਜੀ ਨਾਲ ਜੁੜਿਆ ਹੋਇਆ ਹੈ। ਪ੍ਰੋ. ਪ੍ਰੀਤਮ ਸਿੰਘ ਦੀ ਪੁਸਤਕ 'ਸ਼ੇਖ ਫ਼ਰੀਦ ਦੀ ਭਾਲ' ਵਿਚ ਇਕ ਵਾਰਤਾ ਇਸ ਤਰ੍ਹਾਂ ਹੈ ਕਿ ਸ਼ੇਖ ਫ਼ਰੀਦ ਆਪਣੇ ਮੁਰਸ਼ਦ ਬਖ਼ਤਿਆਰ ਕਾਕੀ ਨੂੰ ਮਿਲਣ ਪਿੱਛੋਂ ਦਿੱਲੀ ਤੋਂ ਹਾਂਸੀ ਹਿਸਾਰ ਦੇ ਰਸਤੇ ਪਾਕਪਟਨ ਜਾ ਰਹੇ ਸਨ। ਰਸਤੇ ਵਿਚ 'ਮੋਕਲਹਰ' ਨਾਂਅ ਦਾ ਸਥਾਨ ਸੀ, ਜਿੱਥੇ ਸਮੇਂ ਦੇ ਹਾਕਮ, ਚੌਧਰੀ ਮੋਕਲਸੀਂਹ ਵੱਲੋਂ ਕਿਲ੍ਹੇ ਦੀ ਉਸਾਰੀ ਕਰਵਾਈ ਜਾ ਰਹੀ ਸੀ। ਉਸਦੇ ਨੌਕਰਸ਼ਾਹਾਂ ਨੇ ਬਾਬਾ ਫ਼ਰੀਦ ਨੂੰ ਵਗਾਰ 'ਤੇ ਲਾ ਲਿਆ ਅਤੇ ਸਿਰ 'ਤੇ ਗਾਰੇ ਦੀ ਤਗਾਰੀ ਚੁਕਵਾ ਦਿੱਤੀ। ਜਦੋਂ ਲੋਕਾਂ ਨੇ ਮੋਕਲਸੀਂਹ ਨੂੰ ਇਸ ਬਾਰੇ ਦੱਸਿਆ ਤਾਂ ਉਸ ਨੇ ਜਾਣਿਆ ਕਿ ਇਹ ਕੋਈ ਦੈਵੀ ਰੂਹ ਹੈ। ਉਸਨੇ ਮਾਫ਼ੀ ਮੰਗੀ ਅਤੇ ਸਤਲੁਜ ਦਰਿਆ ਦੇ ਉਜਾੜੇ ਤੋਂ ਨਗਰ ਦੀ ਸੁੱਖ ਸਾਂਦ ਦੀ ਦੁਆ ਕੀਤੀ। ਨਾਲ ਹੀ ਨਗਰ ਦਾ ਨਾਂਅ ਬਦਲ ਕੇ ਫ਼ਰੀਦਕੋਟ ਰੱਖ ਦਿੱਤਾ। ਜਿਸ ਥਾਂ ਬਾਬਾ ਫ਼ਰੀਦ ਨੂੰ ਤਗਾਰੀ ਚੁਕਾਈ ਗਈ ਸੀ, ਉੱਥੇ ਹੁਣ 'ਟਿੱਲਾ ਬਾਬਾ ਫ਼ਰੀਦ' ਸੁਸ਼ੋਭਿਤ ਹੈ।
ਬਾਬਾ ਫ਼ਰੀਦ ਜੀ ਦੇ ਨਾਂਅ ਨਾਲ 'ਗੋਦੜੀ' ਦੀ ਦੰਦ-ਕਥਾ ਵੀ ਪ੍ਰਚਲਿਤ ਹੈ। ਜਦੋਂ ਉਹ ਮੋਕਲਹਰ ਪਹੁੰਚੇ ਤਾਂ ਉਨ੍ਹਾਂ ਆਪਣੀ ਗੋਦੜੀ ਉਤਾਰ ਕੇ ਇਕ ਦਰੱਖਤ 'ਤੇ ਟੰਗ ਦਿੱਤੀ। ਪਸ਼ੂ ਚਾਰਨ ਵਾਲੇ ਕੁਝ ਮੁੰਡਿਆਂ ਨੇ ਇਸ ਗੋਦੜੀ ਦੀ ਖਿੱਦੋ ਬਣਾ ਕੇ ਖੇਡਣਾ ਸ਼ੁਰੂ ਕਰ ਦਿੱਤਾ। ਜਦੋਂ ਬਾਬਾ ਫ਼ਰੀਦ ਜੀ ਵਾਪਸ ਉੱਥੇ ਮੁੜੇ ਤਾਂ ਗੋਦੜੀ ਦਾ ਨਾਮੋ-ਨਿਸ਼ਾਨ ਵੀ ਨਹੀਂ ਸੀ। ਇਸੇ ਦੀ ਯਾਦ ਵਿਚ ਹੁਣ ਗੁਰਦੁਆਰਾ ਗੋਦੜੀ ਸਾਹਿਬ ਬਣਿਆ ਹੋਇਆ ਹੈ। ਮਾਨਵਤਾ ਦੇ ਇਹ ਰਹਿਬਰ 1266 ਈ. ਨੂੰ ਪਾਕਪਟਨ ਵਿਖੇ ਅੱਲ੍ਹਾ ਨੂੰ ਪਿਆਰੇ ਹੋ ਗਏ।

-ਮੋਬਾਈਲ : 89684-33500

ਪਿਛਲੀ ਖ਼ਬਰ ਵਿਸ਼ਵ ਵਿਚ ਸ਼ਾਂਤੀ ਤੇ ਮਨੁੱਖੀ ਸੁੱਖਾਂ ਲਈ ਬੁੱਧ ਭਿਖਸ਼ੂਆਂ ਦਾ ਯੋਗਦਾਨ ਅਗਲੀ ਖ਼ਬਰ ਅਮਰੀਕਾ ਵਲੋਂ ਵਧਾਏ ਟੈਰਿਫ਼ ਦਾ ਭਾਰਤ-ਅਮਰੀਕਾ ਵਪਾਰ 'ਤੇ ਪ੍ਰਭਾਵ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।