23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਵਿਸ਼ਵ ਵਿਚ ਸ਼ਾਂਤੀ ਤੇ ਮਨੁੱਖੀ ਸੁੱਖਾਂ ਲਈ ਬੁੱਧ ਭਿਖਸ਼ੂਆਂ ਦਾ ਯੋਗਦਾਨ

ਅਜੀਤ ਡੈਸਕ 21-09-2025

ਬੁੱਧ ਧੰਮ ਦੇ ਪ੍ਰਚਾਰਕਾਂ ਨੂੰ ਭਿਖਸ਼ੂ ਕਿਹਾ ਜਾਂਦਾ ਹੈ। ਭਿਖਸ਼ੂ ਹਰ ਕੋਈ ਐਵੇਂ ਹੀ ਨਹੀਂ ਬਣ ਜਾਂਦਾ। ਭਿਖਸ਼ੂ ਬਣਨ ਲਈ ਕਈ ਅਹਿਮ ਪੜਾਅ ਪਾਸ ਕਰਨੇ ਪੈਂਦੇ ਹਨ। ਇਸ ਤਰ੍ਹਾਂ ਵੱਖ-ਵੱਖ ਪੜਾਵਾਂ 'ਚੋਂ ਲੰਘ ਕੇ ਭਿਖਸ਼ੂ ਬਣਿਆ ਜਾਂਦਾ ਹੈ। ਭਿਖਸ਼ੂ ਬਣੇ ਰਹਿਣਾ ਆਸਾਨ ਨਹੀਂ ਹੈ। ਬੁੱਧਾ ਦੀ 'ਵਿਨਯ ਪਿਟਕ' ਅਨੁਸਾਰ ਭਿਖਸ਼ੂ ਨੂੰ ਸਦਾਚਾਰ ਨਾਲ ਸੰਬੰਧਿਤ 227 ਅਤੇ ਭਿਖਸ਼ੂਣੀਆਂ ਨੂੰ 235 ਸਖ਼ਤ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਬੋਧੀ ਦੇਸ਼ਾਂ ਵਿਚ ਵਿੱਦਿਆ ਪੜ੍ਹਾਉਣ ਦਾ ਕਾਰਜ ਭਿਖਸ਼ੂ ਹੀ ਕਰਦੇ ਹਨ, ਕਿਉਂਕਿ ਬੁੱਧ ਧੰਮ ਦੀ ਤਾਂ ਸਿੱਖਿਆ ਹੀ ਇਹ ਹੈ ਕਿ ਆਲਸਪਣ ਮੌਤ ਬਰਾਬਰ ਹੈ। ਸਖ਼ਤ ਮਿਹਨਤ ਹੀ ਨੈਤਿਕਤਾ ਵੱਲ ਅੱਗੇ ਵਧਣ ਤੇ ਨਿਰਵਾਣ ਪ੍ਰਾਪਤ ਕਰਨ ਦਾ ਮਾਰਗ ਹੈ। ਬੁੱਧ ਨੇ ਭਿਖਸ਼ੂਆਂ ਨੂੰ ਕਦੇ ਵੀ, ਕਿਤੇ ਵੀ ਹੱਥ 'ਤੇ ਹੱਥ ਧਰ ਕੇ ਬੈਠਣ ਦਾ ਸਬਕ ਨਹੀਂ ਪੜ੍ਹਾਇਆ। ਜੇ ਕੋਈ ਭਿਕਸ਼ੂ ਦੁਖੀਆਂ ਵਲੋਂ ਮੂੰਹ ਮੋੜਦਾ ਹੈ ਤਾਂ ਉਹ ਭਿਖਸ਼ੂ ਨਹੀਂ ਹੈ। ਭਾਰਤ ਦੇ ਇਤਿਹਾਸ ਵਿਚ ਅਨੇਕਾਂ ਯੂਨੀਵਰਸਿਟੀਆਂ 'ਚ ਭਿਖਸ਼ੂ ਹਰ ਵਿਸ਼ੇ ਦੇ ਅਧਿਆਪਕ ਵਜੋਂ ਪੜ੍ਹਾਉਂਦੇ ਰਹੇ ਹਨ। ਨਾਲੰਦਾ ਤੇ ਤਕਸ਼ਿਲਾ ਯੂਨੀਵਰਸਿਟੀਆਂ ਵਿਚ ਕਦੇ ਵਿਦੇਸ਼ਾਂ ਤੋਂ ਲੋਕ ਪੜ੍ਹਨ ਆਇਆ ਕਰਦੇ ਸਨ। ਇੱਥੇ ਇਹ ਵੀ ਦੱਸਣਯੋਗ ਹੈ ਕਿ 'ਭਿਖਸ਼ੂ-ਸੰਘ' ਦੁਨੀਆ ਦੀ ਸਭ ਤੋਂ ਪਹਿਲੀ ਲੋਕਤੰਤਰਿਕ ਨਿਯਮਾਂ ਨਾਲ ਕੰਮ-ਕਾਰ ਕਰਨ ਵਾਲੀ ਸੰਸਥਾ ਹੈ, ਜਿਹੜੀ ਅੱਜ ਤੱਕ ਮੌਜੂਦ ਹੈ। ਇਤਿਹਾਸ ਤੋਂ ਪਤਾ ਲਗਦਾ ਹੈ ਕਿ ਭਿਖਸ਼ੂਆਂ ਨੇ ਕਿਵੇਂ ਪੈਦਲ ਚੱਲ ਕੇ, ਜੰਗਲਾਂ, ਰੇਗਿਸਤਾਨਾਂ ਤੇ ਹਿਮਾਲਿਆ ਪਰਬਤ ਦੇ ਪਹਾੜਾਂ ਦਾ ਸੀਨਾ ਚੀਰ ਕੇ ਦੂਰ-ਦੂਰ ਦੇ ਦੇਸ਼ਾਂ ਵਿਚ ਧੰਮ ਦੇ ਆਜ਼ਾਦੀ, ਸਮਾਨਤਾ, ਭਾਈਚਾਰੇ ਅਤੇ ਮਨੁੱਖ ਦੇ ਦੁੱਖ ਨਿਵਾਰਨ ਦਾ ਲੋਕਾਂ ਨੂੰ ਸੰਦੇਸ਼ ਸਮਝਾਇਆ। ਭਿਖਸ਼ੂਆਂ ਨੇ ਨਵੀਆਂ ਤੋਂ ਨਵੀਂਆਂ ਖੋਜਾਂ ਕੀਤੀਆਂ, ਨਵੇਂ ਰਾਹ ਕੱਢੇ, ਵੱਡੇ-ਵੱਡੇ ਪੁਲ ਬਣਾਏ, ਉਹ ਜਿਨ੍ਹਾਂ-ਜਿਨ੍ਹਾਂ ਦੇਸ਼ਾਂ 'ਚ ਗਏ, ਉੱਥੇ-ਉੱਥੇ ਉਹ ਵਿੱਦਿਆ ਦੇ ਨਾਇਕ ਸਾਬਿਤ ਹੋਏ। ਮਹਾਰਾਜਾ ਅਸ਼ੋਕ ਨੇ ਕਲਿੰਗਾ ਦੀ ਲੜਾਈ ਜਿੱਤਣ ਤੋਂ ਬਾਅਦ ਹੋਏ ਖ਼ੂਨ-ਖ਼ਰਾਬੇ ਕਾਰਨ ਭਿਖਸ਼ੂ ਮੋਗਲੀ ਪੁੱਤਤਿਸ ਤੋਂ ਦੀਖਸ਼ਾ ਲੈ ਕੇ ਲੜਾਈ ਤੋਂ ਤੌਬਾ ਕਰ ਲਈ ਸੀ। ਜਵਾਹਰ ਲਾਲ ਨਹਿਰੂ ਅਨੁਸਾਰ ਬੁੱਧਵਾਦ ਨੇ ਜਿੱਥੇ ਧਾਰਮਿਕ ਪ੍ਰਦੂਸ਼ਣ ਨੂੰ ਸਾਫ਼ ਕੀਤਾ, ਉੱਥੇ ਤਥਾਗਤ ਬੁੱਧ ਨੇ ਗਿਆਨ ਪ੍ਰਾਪਤ ਕਰਨ ਤੋਂ ਬਾਅਦ ਆਪਣੇ 61 ਭਿਖਸ਼ੂਆਂ ਨੂੰ ਵੱਖ-ਵੱਖ ਪ੍ਰਦੇਸਾਂ 'ਚ ਧੰਮ ਦੇ ਪ੍ਰਚਾਰ ਲਈ ਭੇਜਿਆ। ਸਮਰਾਟ ਅਸ਼ੋਕ ਨੇ ਆਪਣੇ ਪੁੱਤਰ ਮਹਿੰਦਰ ਨੂੰ ਬਰ੍ਹਮਾ ਅਤੇ ਪੁੱਤਰੀ ਸੰਘ ਮਿੱਤਰਾ ਨੂੰ ਸ੍ਰੀਲੰਕਾ ਪ੍ਰਚਾਰ ਲਈ ਭੇਜਿਆ। ਬੋਧ ਭਿਖਸ਼ੂ ਜਿਸ ਦੇਸ਼ ਵਿਚ ਵੀ ਗਏ, ਉੱਥੇ ਲੋਕਾਂ ਨੂੰ ਵਿੱਦਿਆ ਦਿੱਤੀ, ਸਿਹਤ ਸੰਭਾਲ ਦੀ ਸਿੱਖਿਆ ਦਿੱਤੀ, ਕਲਾ ਤੇ ਹੁਨਰ ਨਾਲ ਮਾਲਾ-ਮਾਲ ਕੀਤਾ, ਔਰਤਾਂ ਦੇ ਰੁਤਬੇ ਨੂੰ ਵਧਾਇਆ, ਲੋਕਾਂ ਨੂੰ ਸੁੱਖ-ਸ਼ਾਂਤੀ ਅਤੇ ਭਾਈਚਾਰੇ ਦਾ ਪਾਠ ਪੜ੍ਹਾਇਆ। ਪਰ ਇਸ ਸਭ ਦੇ ਬਦਲੇ 'ਚ ਬੋਧ ਭਿਖਸ਼ੂਆਂ ਨੇ ਸਿਰਫ਼ ਭੋਜਨ ਤੇ ਚੀਵਰ (ਬਸਤਰ) ਤੋਂ ਇਲਾਵਾ ਕੁਝ ਨਹੀਂ ਲਿਆ। ਬੁੱਧ ਧੰਮ ਦੇ ਪ੍ਰਭਾਵ ਕਾਰਨ ਹੀ ਚੀਨੀ ਸਮਾਜ ਨੇ ਐਨੀ ਤਰੱਕੀ ਕੀਤੀ ਕਿ ਚੀਨ ਵਿਸ਼ਵ ਸ਼ਕਤੀ ਬਣ ਗਿਆ ਹੈ। ਬੁੱਧ ਧੰਮ ਦੀ ਸਭ ਤੋਂ ਵੱਡੀ ਦੇਣ ਵਿੱਦਿਆ ਹੈ। ਬੁੱਧ ਧੰਮ ਨੇ ਵਿੱਦਿਆ ਦੇ ਦਰਵਾਜ਼ੇ ਸਭ ਲੋਕਾਂ ਲਈ ਬਰਾਬਰ ਖੋਲ੍ਹੇ। ਸਿੱਟੇ ਵਜੋਂ ਬੋਧੀ ਸਕੂਲ ਸਰਵਜਨਕ ਸੇਵਾਵਾਂ ਦੇ ਕੇਂਦਰ ਬਣ ਗਏ, ਕਿਉਂਕਿ ਬੋਧੀ ਸਕੂਲ ਵਿਹਾਰਾਂ ਦੇ ਨਾਲ ਜੁੜੇ ਹੋਏ ਹਨ। ਆਮ ਆਦਮੀ ਨੂੰ ਪੜ੍ਹਨ-ਲਿਖਣ ਦੀ ਕਲਾ, ਨੈਤਿਕਤਾ ਅਤੇ ਫ਼ਿਲਾਸਫ਼ੀ ਬਹੁਤ ਹੀ ਘੱਟ ਖਰਚੇ 'ਤੇ ਪੜ੍ਹਾਏ ਜਾਂਦੇ ਹਨ। ਵਿਦੇਸ਼ਾਂ ਵਿਚ ਹਰ ਥਾਂ ਬੌਧ ਭਿਖਸ਼ੂ ਹੀ ਅਧਿਆਪਕ ਹੁੰਦੇ ਸਨ। ਬਰ੍ਹਮਾ ਦੇਸ਼ ਵਿਚ ਬੋਧੀ-ਮੱਠ ਨਾਲ ਇਕ ਸਕੂਲ ਵੀ ਹੁੰਦਾ ਹੈ, ਜਿੱਥੇ ਬੋਧ ਭਿਖਸ਼ੂ ਹਰ ਇਕ ਨੂੰ ਬਿਲਕੁਲ ਮੁਫ਼ਤ ਵਿੱਦਿਆ ਦਾ ਦਾਨ ਦਿੰਦੇ ਹਨ। ਦੁਨੀਆ ਵਿਚ ਜਾਪਾਨ ਦੀਆਂ ਬੁਲੰਦੀਆਂ ਦੇ ਨਾਇਕ ਭਿਖਸ਼ੂ ਹੀ ਹਨ। ਇਹ ਭਿਖਸ਼ੂ ਹੀ ਹਨ, ਜੋ ਲੋਕਾਂ 'ਚ ਅਮਨ ਤੇ ਸ਼ਾਂਤੀ ਦੀ ਭਾਵਨਾ ਪੈਦਾ ਕਰਕੇ ਭਾਈਚਾਰਾ ਵਧਾਉਣ ਲਈ ਉਤਸ਼ਾਹਿਤ ਕਰਦੇ ਹਨ। ਇਹ ਠੀਕ ਹੈ ਕਿ ਭਿਖਸ਼ੂ ਅਮਨ-ਸ਼ਾਂਤੀ ਦਾ ਸੰਦੇਸ਼ ਦਿੰਦੇ ਹਨ, ਪਰ ਭਿਖਸ਼ੂ ਬਿਨਾਂ ਕਿਸੇ ਦੀ ਜਾਨ ਲਿਆਂ, ਆਪਣਾ ਬਚਾਅ ਕਰਨ ਲਈ ਮਾਰਸ਼ਲ-ਆਰਟ ਦੀ ਸਿੱਖਿਆ ਵੀ ਦਿੰਦੇ ਹਨ। ਇਤਿਹਾਸ ਗਵਾਹ ਹੈ ਕਿ ਦੇਸ਼ ਵੀਅਤਨਾਮ, ਕੰਬੋਡੀਆ, ਤਾਈਵਾਨ ਨੂੰ ਗੁਲਾਮੀ ਤੋਂ ਬਚਾਉਣ ਲਈ ਭਿਖਸ਼ੂਆਂ ਨੇ ਅਨੇਕਾਂ ਵਾਰ ਹਥਿਆਰ ਚੁੱਕੇ ਹਨ। ਥਾਈਲੈਂਡ ਦੇਸ਼ 'ਚ ਦੋ ਲੱਖ ਭਿਖਸ਼ੂ ਹਨ। ਇਹ ਦੇਸ਼ ਕਦੀ ਕਿਸੇ ਦਾ ਗ਼ੁਲਾਮ ਨਹੀਂ ਹੋਇਆ। ਇਕ ਵਾਰ ਚੀਨ ਨੇ ਇਸ 'ਤੇ ਹਮਲਾ ਕੀਤਾ ਤਾਂ ਭਿਖਸ਼ੂ ਹਥਿਆਰਬੰਦ ਹੋ ਕੇ ਲੜੇ। ਸ੍ਰੀਲੰਕਾ ਦੇ ਭਿਖਸ਼ੂ ਵੀ ਵਿਦੇਸ਼ੀਆਂ ਦੇ ਨਾਲ ਲੜਦੇ ਰਹੇ ਹਨ। ਵੀਅਤਨਾਮ ਦੇਸ਼ 'ਚੋਂ ਅਮਰੀਕਾ ਵਰਗੇ ਸ਼ਕਤੀਸ਼ਾਲੀ ਦੇਸ਼ ਨੂੰ ਭਿਖਸ਼ੂਆਂ ਨੇ ਹੀ ਭਜਾਇਆ। ਅਮਰੀਕਾ ਵਲੋਂ ਵੀਅਤਨਾਮ ਨੂੰ ਗੁਲਾਮ ਬਣਾਉਣ ਲਈ ਮਨੁੱਖਤਾ 'ਤੇ ਕੀਤੇ ਜਾ ਰਹੇ ਜ਼ੁਲਮਾਂ ਨੂੰ ਦੇਖਦਿਆਂ ਜਦੋਂ ਇਕ ਬਜ਼ੁਰਗ ਭਿਖਸ਼ੂ ਨੇ ਸਰੇ-ਬਾਜ਼ਾਰ ਸਮਾਧੀ ਮੁਦਰਾ 'ਚ ਬੈਠ ਕੇ ਆਪਣੇ-ਆਪ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਸੀ ਅਤੇ ਉਸੇ ਥਾਂ ਬੈਠੇ-ਬੈਠੇ ਜਲ ਕੇ ਭਸਮ ਹੋ ਗਿਆ ਸੀ ਤਾਂ ਇਸ ਘਟਨਾ ਨੇ ਸੰਸਾਰ ਖ਼ਾਸ ਕਰਕੇ ਅਮਰੀਕਾ 'ਚ ਹਾਹਾਕਾਰ ਮਚਾ ਦਿੱਤੀ ਸੀ। ਬੁੱਧ ਧੰਮ ਸਪੱਸ਼ਟ ਕਹਿੰਦਾ ਹੈ ਕਿ ਜਦੋਂ ਤੁਹਾਡੀ ਇੱਜ਼ਤ 'ਤੇ ਜਾਂ ਬਿਨਾਂ ਵਜ੍ਹਾ ਤੁਹਾਡੇ 'ਤੇ ਕੋਈ ਜਾਨਲੇਵਾ ਹਮਲਾ ਕਰਦਾ ਹੈ ਜਾਂ ਜਿੱਥੇ ਬੁਰਾਈ ਚੰਗਿਆਈ 'ਤੇ ਭਾਰੂ ਪੈਂਦੀ ਦਿਸੇ ਤਾਂ ਉੱਥੇ ਭਿੱਜੀ ਬਿੱਲੀ ਬਣ ਕੇ ਨਾ ਬੈਠੋ, ਲੜੋ ਅਤੇ ਆਪਣੀ ਤੇ ਮਨੁੱਖਤਾ ਦੀ ਆਜ਼ਾਦੀ ਦੀ ਰੱਖਿਆ ਕਰੋ।
ਧੰਮ ਦਾ ਉਦੇਸ਼ ਅਜਿਹੀ ਵਿਵਸਥਾ ਸਥਾਪਤ ਕਰਨਾ ਹੈ, ਜਿੱਥੇ ਵਿਅਕਤੀਗਤ ਜਾਂ ਰਾਸ਼ਟਰੀ ਪੱਧਰ 'ਤੇ ਜ਼ੁਲਮ, ਅੱਤਿਆਚਾਰ ਅਤੇ ਅਨਿਆਂ ਲਈ ਕੋਈ ਥਾਂ ਨਾ ਹੋਵੇ, ਜਿੱਥੇ ਇਕ ਨਸਲ ਅਤੇ ਦੂਸਰੀ ਨਸਲ ਵਿਚਕਾਰ ਕੋਈ ਪਾੜਾ ਨਾ ਹੋਵੇ, ਜਿੱਥੇ ਕੋਈ ਅਮੀਰ ਜਾਂ ਗਰੀਬ ਨਾ ਹੋਵੇ, ਜਿੱਥੇ ਕੋਈ ਵੀ ਬੇਰੁਜ਼ਗਾਰ ਨਾ ਹੋਵੇ, ਜਿੱਥੇ ਸਾਰੇ ਕੰਮ ਰਲ-ਮਿਲ ਕੇ ਕੀਤੇ ਜਾਣ ਤਾਂ ਜੋ ਕਿਸੇ ਇਕ 'ਤੇ ਭਾਰ ਨਾ ਪਵੇ। ਅਜਿਹਾ ਰਾਜ ਜਿਸ ਵਿਚ ਸਾਰੀ ਧਰਤੀ ਇਕ 'ਸੁੱਖਾਵਤੀ' (ਬੇਗ਼ਮਪੁਰੇ) ਦਾ ਰੂਪ ਧਾਰਨ ਕਰ ਲਵੇ, ਜਿੱਥੇ ਆਦਮੀ ਤ੍ਰਿਸ਼ਨਾ ਅਤੇ ਦੁੱਖਾਂ ਦੇ ਬੋਝ ਹੇਠ ਦੱਬਿਆ ਨਾ ਜਾਵੇ, ਬਲਕਿ ਹਰ ਮਨੁੱਖ ਸੰਪੂਰਨਤਾ ਵੱਲ ਵਧਦਾ ਹੋਇਆ ਨਿਰਵਾਣ ਪ੍ਰਾਪਤ ਕਰੇ। ਜੋ ਖ਼ੁਦ ਵੀ ਲੋਕਾਂ ਦਾ ਸ਼ੋਸ਼ਣ ਨਾ ਕਰੇ ਤੇ ਨਾ ਹੀ ਕਿਸੇ ਹੋਰ ਨੂੰ ਕਰਨ ਦੇਵੇ। ਜੋ ਖ਼ੁਦ ਵੀ ਮੁਸੀਬਤਾਂ ਤੇ ਦੁੱਖਾਂ ਤੋਂ ਰਹਿਤ ਰਹੇ ਅਤੇ ਦੂਜਿਆਂ ਨੂੰ ਵੀ ਮੁਸੀਬਤਾਂ 'ਚ ਪੈਣ ਨਾ ਦੇਵੇ। (ਮਾਰਸਮਸੁੱਤ ਭਾਗ 2)

-ਜੀ.ਟੀ. ਰੋਡ, ਸਿਵਲ ਕੋਰਟਸ, ਫਗਵਾੜਾ।
ਮੋਬਾਈਲ : 9814517499

ਪਿਛਲੀ ਖ਼ਬਰ ਵਿਕਰਮ ਸਾਰਾਭਾਈ ਤੇ ਡਾ. ਅਬਦੁਲ ਕਲਾਮ ਦੀ ਪਹਿਲੀ ਮੁਲਾਕਾਤ ਅਗਲੀ ਖ਼ਬਰ ਨਿਮਰਤਾ ਅਤੇ ਸਾਦਗੀ ਦਾ ਮੁਜੱਸਮਾ-ਸ਼ੇਖ ਫ਼ਰੀਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।