ਨਿੱਕ-ਸੁੱਕ ਦੇ ਪਾਠਕਾਂ ਲਈ ਇਹ ਖ਼ਬਰ ਨਵੀਂ ਹੋ ਸਕਦੀ ਹੈ ਕਿ ਪਹਿਲੀ ਸਤੰਬਰ 2025 ਤੋਂ ਇੰਡੀਆ ਪੋਸਟ ਦੀ ਰਜਿਸਟਰਡ ਡਾਕ ਸੇਵਾ ਰਸਮੀ ਤੌਰ 'ਤੇ ਬੰਦ ਕੀਤੀ ਜਾ ਰਹੀ ਹੈ। ਕੋਈ ਸਮਾਂ ਸੀ ਜਦ ਡਾਕੀਆ ਸਿਰਫ਼ ਸੁਨੇਹਾ ਨਹੀਂ ਸੀ ਪਹੁੰਚਾਉਂਦਾ ਜਾਂ ਉਹ ਸਿਰਫ਼ ਡਾਕੀਆ ਨਹੀਂ ਸੀ ਹੁੰਦਾ, ਸਗੋਂ ਘਰ ਦੇ ਮੈਂਬਰਾਂ ਵਾਂਗ ਹੀ ਹੁੰਦਾ ਸੀ। ਘਰਾਂ ਵਾਲੇ ਉਸ ਦੀ ਆਵਾਜ਼, ਉਸ ਦੀ ਸਾਈਕਲ ਦੀ ਘੰਟੀ ਦੀ ਟੁਣਕਾਰ ਤੇ ਉਸ ਦੇ ਥੈਲੇ 'ਚ ਬੰਦ ਚਿੱਠੀਆਂ ਨੂੰ ਉਤਸ਼ਾਹ ਨਾਲ ਉਡੀਕਦੇ ਸਨ।
ਅੱਜ ਦੀ ਤਕਨੀਕੀ ਉੱਨਤੀ ਨਾਲ ਜੁੜੇ ਸੋਸ਼ਲ ਮੀਡੀਆ, ਮੋਬਾਈਲ ਫ਼ੋਨਾਂ ਅਤੇ ਇੰਟਰਨੈੱਟ ਨੇ ਰਵਾਇਤੀ ਡਾਕ ਸੇਵਾ ਨੂੰ ਖ਼ਤਮ ਕਰ ਦਿੱਤਾ ਹੈ। ਅੱਜ ਪਿੰਡਾਂ ਦੇ ਕਾਸ਼ਤਕਾਰ ਤੇ ਕਾਮੇ ਹਲ਼ ਵਾਹੁੰਦੇ ਹੋਣ ਜਾਂ ਸਾਈਕਲ ਸਵਾਰ, ਮੋਬਾਈਲ ਫ਼ੋਨ ਉਨ੍ਹਾਂ ਦੀ ਜੇਬ 'ਚ ਹੁੰਦਾ ਹੈ। ਇਹ ਤੇ ਇਹੋ ਜਿਹੀਆਂ ਹੋਰ ਸੇਵਾਵਾਂ ਨੇ ਬੰਦੇ ਨੂੰ ਬੰਦੇ ਤੋਂ ਏਨਾ ਦੂਰ ਕਰ ਦਿੱਤਾ ਹੈ ਕਿ ਇਕੋ ਘਰ ਵਿਚ ਰਹਿੰਦੇ ਮਾਪੇ ਆਪਣੇ ਬੱਚਿਆਂ ਨਾਲ ਗੱਲ ਕਰਨ ਵੇਲੇ ਬਿਜਲਈ ਯੰਤਰਾਂ ਦਾ ਸਹਾਰਾ ਲੈਂਦੇ ਹਨ। ਇਸ ਨੇ ਸਾਡੀਆਂ ਭਾਵਨਾਵਾਂ ਤੇ ਸਾਂਝਾਂ ਨੂੰ ਸੱਟ ਮਾਰੀ ਹੈ।
ਇਹ ਵੀ ਸੱਚ ਹੈ ਕਿ ਮੇਰੀ ਪੀੜ੍ਹੀ ਦੇ ਲੋਕਾਂ ਨੂੰ ਇਹ ਤਰੱਕੀ ਹਜ਼ਮ ਨਹੀਂ ਹੋ ਰਹੀ ਪਰ ਇਹ ਗੱਲ ਵੀ ਕਿਸੇ ਤੋਂ ਭੁੱਲੀ ਹੋਈ ਨਹੀਂ ਕਿ ਤੇਜ਼ੀ ਨਾਲ ਬਦਲਦੀਆਂ ਸਥਿਤੀਆਂ ਦੇ ਹਾਣੀ ਹੋਣ ਵਾਸਤੇ ਇਨ੍ਹਾਂ ਦਾ ਸਵਾਗਤ ਕਰਨਾ ਹੀ ਬਣਦਾ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਨਵੀਨਤਾ ਨੂੰ ਖਿੜੇ ਮੱਥੇ ਪ੍ਰਵਾਨ ਕਰੀਏ ਤੇ ਪੁਰਾਤਨਤਾ ਨੂੰ ਖ਼ੁਸ਼ੀ ਖ਼ੁਸ਼ੀ ਵਿਦਾ ਕਰੀਏ।
ਜੇ ਨਵੀਂ ਤਕਨੀਕ ਦੀਆਂ ਬਰਕਤਾਂ ਦੀ ਪੁਸ਼ਟੀ ਕਰਨੀ ਹੋਵੇ ਤਾਂ ਦੱਸ ਸਕਦਾ ਹਾਂ ਕਿ ਰਜਿਸਟਰਡ ਪੋਸਟ ਬੰਦ ਹੋਣ ਦੀ ਉਪਰੋਕਤ ਜਾਣਕਾਰੀ ਚੰਡੀਗੜ੍ਹ ਬੈਠੇ ਇਸ ਲੇਖਕ ਕੋਲ ਹਿਸਾਰ ਦੀ ਨੌਜਵਾਨ ਬੀਬੀ ਪ੍ਰਿਅੰਕਾ ਸੌਰਭ ਰਾਹੀਂ ਪਹੁੰਚੀ ਹੈ। ਮਹੀਨਿਆਂ ਜਾਂ ਹਫ਼ਤਿਆਂ ਵਿਚ ਨਹੀਂ, ਕੁਝ ਘੰਟਿਆਂ ਦਾ ਸਫ਼ਰ ਕਰਕੇ। ਜ਼ਿੰਦਾਬਾਦ!
ਉਦੇ ਪ੍ਰਤਾਪ ਸੰਧੂ ਦਾ ਫਿਲਮ ਜਗਤ
ਮੈਨੂੰ ਫਿਲਮੀ ਦੁਨੀਆ ਵਿਚ ਦਿਲਚਸਪੀ ਨਹੀਂ ਤੇ ਫਿਲਮਾਂ ਵੀ ਕਦੀ ਕਦਾਈਂ ਹੀ ਦੇਖਦਾ ਹਾਂ। 2-3 ਵਾਰ ਇੰਟਰਵਲ ਹੁੰਦਿਆਂ ਘਰ ਪਰਤਦਾ ਰਿਹਾ ਹਾਂ। ਕਦੀ ਸੋਚਿਆ ਹੀ ਨਹੀਂ ਸੀ ਕਿ ਸਾਡੇ ਪਰਿਵਾਰ ਦਾ ਉਦੇ ਪ੍ਰਤਾਪ ਸਿੰਘ ਸੰਧੂ ਅਮਰੀਕਨ ਯੂਨਵਰਸਿਟੀ ਦੀ ਪੜ੍ਹਾਈ ਛੱਡ ਕੇ ਵਾਪਸ ਆਪਣੇ ਦੇਸ਼ ਪਰਤ ਕੇ ਫਿਲਮਾਂ ਦੇ ਡਾਇਲਾਗ ਲਿਖਣ ਲੱਗੇਗਾ। 'ਕਿੱਸਾ ਪੰਜਾਬ' ਤੇ ਤਿੰਨ ਹੋਰ ਫਿਲਮਾਂ ਦੇ ਡਾਇਲਾਗ ਲਿਖਣ ਤੋਂ ਪਿੱਛੋਂ ਉਸ ਨੇ ਵੱਡੀ ਮੱਲ ਮਾਰੀ ਤੇ 'ਦਿਲ ਦੀਆਂ ਗੱਲਾਂ' ਦੀ ਕਹਾਣੀ ਲਿਖ ਕੇ ਖ਼ੁਦ ਹੀ ਇਸ ਦੇ ਡਾਇਲਾਗ ਲਿਖਣ 'ਚ ਰੁੱਝ ਗਿਆ। ਮੈਂ ਉਸ ਦੀ ਫਿਲਮ 'ਸ਼ਾਇਰ' ਵੇਖੀ ਹੈ। ਕਾਰਨ ਇਹ ਕਿ ਉਸ ਵਿਚ ਮੇਰੇ ਜੱਦੀ ਪੁਸ਼ਤੀ ਪਿੰਡਾਂ ਵੱਲ ਦੇ ਦੇਬੀ ਮਖਸੂਸਪੁਰੀ ਨੇ ਵੀ ਹਿੱਸਾ ਲਿਆ ਸੀ। ਫਿਲਮ ਵਧੀਆ ਸੀ ਪਰ ਮੈਂ ਕਦੀ ਨਹੀਂ ਸੀ ਸੋਚਿਆ ਕਿ ਇਕ ਦਿਨ ਇਸ ਦੀ ਢੁਕਵੀਂ ਡਾਇਰੈਕਸ਼ਨ ਸਦਕਾ ਇਸ ਨੂੰ ਫਿਲਮਫੇਅਰ ਪੁਰਸਕਾਰ ਨਾਲ ਨਿਵਾਜਿਆ ਜਾਵੇਗਾ। ਇਹ ਉਦੇ ਪ੍ਰਤਾਪ ਦੀ ਅੱਠਵੀਂ ਫਿਲਮ ਹੈ। ਸਵਾਗਤ ਤੇ ਵਧਾਈਆਂ।
ਸੱਭਿਆਚਾਰਕ ਤਾਣਾ-ਪੇਟਾ ਜਾਣਨ ਦੀ ਲੋੜ
1956 ਵਿਚ ਪੰਜਾਬੀ ਸੱਭਿਆਚਾਰ ਦੇ ਸ਼ਾਹਜਹਾਂ ਵਜੋਂ ਜਾਣੇ ਜਾਂਦੇ ਮਹਿੰਦਰ ਸਿੰਘ ਰੰਧਾਵਾ ਨੇ 'ਪੰਜਾਬ' ਨਾਂਅ ਦੀ ਪੁਸਤਕ ਤਿਆਰ ਕਰਨੀ ਸੀ। ਉਸ ਨੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਤੋਂ ਸਹਾਇਤਾ ਮੰਗੀ ਤਾਂ ਪੰਜਾਬ ਦੇ ਭਾਸ਼ਾ ਵਿਭਾਗ ਦਾ ਸਾਰਾ ਅਮਲਾ ਪਟਿਆਲਾ ਤੋਂ ਕੂਚ ਕਰਕੇ ਰੰਧਾਵਾ ਦੇ ਦਿੱਲੀ ਵਾਲੇ ਦਫ਼ਤਰ ਹਾਜ਼ਰ ਹੋ ਗਿਆ। ਕਿਹੜਾ ਕਾਂਡ ਕਿਹੜੇ ਲੇਖਕ ਤੋਂ ਲਿਖਵਾਉਣਾ ਹੈ, ਇਸ ਦਾ ਵੇਰਵਾ ਉਨ੍ਹਾਂ ਨੇ ਤਿਆਰ ਕਰਕੇ ਲਿਆਂਦਾ ਸੀ। ਜਦ ਪੰਜਾਬ ਦੇ ਰਸਮ-ਰਿਵਾਜ ਵਾਲੇ ਕਾਂਡ ਦੀ ਗੱਲ ਚੱਲੀ ਤਾਂ ਉਨ੍ਹਾਂ ਨੇ ਹੱਥ ਖੜ੍ਹੇ ਕਰ ਦਿੱਤੇ। ਰੰਧਾਵਾ ਨੇ ਇਹ ਕਾਂਡ ਲਿਖਣ ਦੀ ਜ਼ਿੰਮੇਵਾਰੀ ਮੈਨੂੰ ਸੌਂਪ ਦਿੱਤੀ ਅਤੇ ਮੈਨੂੰ ਇਹ ਵੀ ਕਿਹਾ ਗਿਆ ਕਿ ਜੇ ਮੈਨੂੰ ਹਰਿਆਣਾ, ਹਿਮਾਚਲ ਤੇ ਪੰਜਾਬ (ੳਦੋਂ ਪੰਜਾਬੀ ਸੂਬੇ ਨੂੰ ਫ਼ਲ ਨਹੀਂ ਸੀ ਪਿਆ) ਭਾਵ 1966 ਤੋਂ ਪਹਿਲਾਂ ਦੇ ਅਣਵੰਡੇ ਪੰਜਾਬ ਦਾ ਦੌਰਾ ਕਰਨਾ ਪਵੇ ਤਾਂ ਲੋੜੀਂਦਾ ਖ਼ਰਚਾ ਭਾਰਤੀ ਖੇਤੀਬਾੜੀ ਖੋਜ ਕੌਂਸਲ ਦੇਵੇਗੀ। ਐਮ.ਐੱਸ. ਰੰਧਾਵਾ ਕੌਂਸਲ ਦੇ ਮੁਖੀ ਸਨ ਤੇ ਮੈਂ ਇਸ ਦੀਆਂ ਪੰਜਾਬੀ ਪ੍ਰਕਾਸ਼ਨਾਵਾਂ ਦਾ ਇੰਚਾਰਜ ਸਾਂ। ਪੁਸਤਕ ਦੇ ਬਾਕੀ ਕਾਂਡ ਲਿਖਣ ਲਈ ਮੁਲਕ ਰਾਜ ਆਨੰਦ ਤੇ ਡਾ. ਗੰਡਾ ਸਿੰਘ ਵਰਗੇ ਇਕ ਦਰਜਨ ਮਹਾਰਥੀਆਂ ਦੇ ਨਾਂਅ ਵੀ ਪ੍ਰਵਾਨ ਕੀਤੇ ਗਏ। ਮੈਂ ਰਸਮ-ਰਿਵਾਜ ਵਾਲਾ ਕਾਂਡ ਲਿਖਣ ਲਈ ਦੌਰੇ ਵੀ ਕੀਤੇ, ਸੈਂਕੜੇ ਡਿਸਟ੍ਰਿਕਟ ਗਜ਼ਟੀਅਰ ਤੇ ਪੁਸਤਕਾਂ ਵੀ ਪੜ੍ਹੀਆਂ ਅਤੇ ਅਨੇਕਾਂ ਮਾਈਆਂ-ਬੀਬੀਆਂ ਤੇ ਬਜ਼ੁਰਗਾਂ ਤੋਂ ਪੁੱਛਗਿੱਛ ਵੀ ਕੀਤੀ, ਜਿਸ ਨੂੰ ਠੀਕ ਬੂਰ ਪਿਆ ਤੇ ਮੇਰਾ ਲਿਖਿਆ ਕਾਂਡ ਖ਼ੂਬ ਸਲਾਹਿਆ ਗਿਆ।
ਈ-ਮੇਲ : sandhugulzar@yahoo.com