23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਪੰਜ ਆਬ ਬਨਾਮ ਮਿੱਤਰ ਪਿਆਰੇ

ਅਜੀਤ ਡੈਸਕ 21-09-2025

ਬੱਦਲਾਂ ਦਾ ਫਟਣਾ ਤੇ ਹੜ੍ਹਾਂ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਤੇ ਇਹ ਹਿਮਾਚਲ, ਹਰਿਆਣਾ ਤੇ ਪੰਜਾਬ 'ਚੋਂ ਹੁੰਦਾ ਹੋਇਆ ਉੱਤਰਾਖੰਡ ਤੱਕ ਪਹੁੰਚ ਗਿਆ। ਦੇਸ਼ ਵੰਡ ਦੇ ਦਿਨਾਂ ਵਿਚ ਇਹੋ ਜਿਹੇ ਹੜ੍ਹਾਂ ਨੇ ਕਰਤਾਰ ਸਿੰਘ ਚਰਖਾ ਨਾਂਅ ਦੇ ਕਵੀਸ਼ਰ ਤੋਂ ਹੇਠ ਲਿਖੇ ਬੋਲ ਲਿਖਵਾਏ ਤੇ ਬੁਲਾਏ ਸਨ।
ਕੰਧਾਂ ਕੋਠੇ ਸਾਰੇ ਹਿੱਲ ਗਏ
ਲੱਗੀਆਂ ਸਾਉਣ ਦੀਆਂ ਝੜੀਆਂ
ਗਲੀਆਂ 'ਚ ਗੋਹਾ ਤਰਦਾ
ਕੱਠੀਆਂ ਹੋ ਕੇ ਗਵਾਂਢਣਾਂ ਲੜੀਆਂ

ਵੰਡ ਤੋਂ ਬਾਅਦ ਸੀਮਾ ਪਾਰ ਤੋਂ ਆਏ ਸ਼ਰਨਾਰਥੀ ਆਪੋ-ਆਪਣੇ ਕੈਂਪਾਂ 'ਚ ਹੀ ਖਾਂਦੇ-ਪੀਂਦੇ ਤੇ ਸੌਂਦੇ ਰਹੇ। ਅਜੋਕੇ ਜ਼ੀਰਕਪੁਰ ਦੇ ਨੇੜਲੇ ਘੱਗਰ (ਮੁਬਾਰਕਪੁਰ) ਵਾਲੇ ਕੈਂਪ 'ਚ ਝੰਗ ਤੋਂ ਆਈਆਂ ਔਰਤਾਂ ਧੋਤੀ ਟੁੰਗ ਕੇ ਨੰਗੇ ਪੈਰੀਂ ਕੰਮ ਕਰਦੀਆਂ ਮੈਂ ਦੇਖਦਾ ਰਿਹਾ ਸਾਂ।
ਪਰ ਉਹ ਵਾਲਾ ਦ੍ਰਿਸ਼ ਅਜੋਕੇ ਕਹਿਰ ਤੋਂ ਬਹੁਤ ਘੱਟ ਸੀ। ਕਹਿੰਦੇ ਹਨ ਕਿ ਅੱਜ ਵਾਲਾ ਕਹਿਰ ਪਹਾੜਾਂ ਅਤੇ ਇਨ੍ਹਾਂ ਦੇ ਪੈਰਾਂ ਵਿਚ ਉੱਗੇ ਰੁੱਖਾਂ ਤੇ ਜੜ੍ਹੀ-ਬੂਟੀਆਂ ਦੀ ਅੰਨ੍ਹੇਵਾਹ ਕਟਾਈ ਦਾ ਨਤੀਜਾ ਹੈ ਜਾਂ ਫੇਰ ਦਰਿਆਵਾਂ ਦੇ ਕੁਦਰਤੀ ਵਹਿਣ ਨਾਲ ਕੀਤੀ ਮਾਨਵੀ ਛੇੜਛਾੜ ਦਾ। ਪਹਾੜ ਪਾੜ ਕੇ ਬਣਾਏ ਮਾਲ, ਰੈਸਟੋਰੈਂਟ ਤੇ ਰੈਣ ਬਸੇਰੇ ਅਤੇ ਕਈ-ਕਈ ਮਾਰਗਾਂ ਵਾਲੀਆਂ ਖੁੱਲ੍ਹੀਆਂ ਸੜਕਾਂ ਇਸ ਦਾ ਮੂਲ ਕਾਰਨ ਮੰਨੀਆਂ ਜਾਂਦੀਆਂ ਹਨ। ਧਾਰਮਿਕ ਸਥਾਨਾਂ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਰਗੀਆਂ ਗ਼ੈਰ-ਸਰਕਾਰੀ ਜਥੇਬੰਦੀਆਂ ਅਤੇ ਸੰਸਥਾਵਾਂ ਟਰੱਕਾਂ ਵਿਚ ਰਾਸ਼ਨ-ਪਾਣੀ, ਕੱਪੜੇ ਤੇ ਦਵਾਈਆਂ ਲੈ ਕੇ ਪੀੜਤ ਪਰਿਵਾਰਾਂ ਦਾ ਦੁੱਖ ਵੰਡਾਉਣ ਨਿਕਲ ਤੁਰੀਆਂ ਤਾਂ ਗੁਆਂਢੀ ਸੂਬਿਆਂ ਦੀਆਂ ਸਰਕਾਰਾਂ ਨੇ ਵੀ ਆਪਣੇ ਮੰਤਰੀਆਂ ਨੂੰ ਰਾਹਤ ਪਹੁੰਚਾਉਣ ਤੇ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਜਾਇਜ਼ਾ ਲੈਣ ਭੇਜ ਦਿੱਤਾ। ਇੰਟਰਨੈੱਟ ਦੀ ਯੂ-ਟਿਊਬ ਦਾ ਜਾਣਿਆ-ਪਹਿਚਾਣਿਆ ਚਿਹਰਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਵੀ ਪ੍ਰਭਾਵਿਤ ਖੇਤਰਾਂ ਵਿਚ ਗੱਡੀ ਰੋਕ ਕੇ ਬਣਦੀ-ਸਰਦੀ ਹਦਾਇਤ ਦੇ ਰਿਹਾ ਸੀ। ਦੁਬਈ ਵਿਚ ਵੱਡੇ ਪ੍ਰਾਜੈਕਟਾਂ ਨੂੰ ਹੱਥ ਪਾਉਣ ਵਾਲਾ ਐੱਸ.ਪੀ. ਸਿੰਘ ਉਬਰਾਏ 55 ਟਨ ਸੁੱਕਾ ਚਾਰਾ ਲੈ ਕੇ ਤਰਨਤਾਰਨ ਤੇ ਪੱਟੀ ਪਹੁੰਚਿਆ ਤੇ ਉਸ ਨੇ ਬੀ.ਐੱਸ.ਐੱਫ. ਦੀਆਂ 155 ਤੇ 99 ਬਟਾਲੀਅਨਾਂ ਦੀਆਂ 54 ਤੋਂ ਵੱਧ ਚੌਕੀਆਂ ਲਈ ਦੋ ਟਰੱਕ ਰਾਸ਼ਨ, ਕੱਪੜੇ ਤੇ ਦਵਾਈਆਂ ਹੁਸੈਨੀਵਾਲਾ ਸਰਹੱਦ ਤੱਕ ਪੁੱਜਦੇ ਕੀਤੇ। ਖ਼ਾਸ ਕਰਕੇ ਬਲੀਚਿੰਗ ਪਾਊਡਰ, ਕਲੋਰੀਨ ਦੀਆਂ ਗੋਲੀਆਂ, ਕਾਰਬਾਨਿਕ ਐਸਿਡ, ਨਾਈਲੋਨ ਰੱਸੇ, ਪੀਣ ਵਾਲਾ ਪਾਣੀ, ਦਸਤਾਨੇ, ਡ੍ਰੈਸਿੰਗ ਮੈਟੀਰੀਅਲ ਤੇ ਪਲਾਸਟਿਕ ਡਰੰਮ। ਬੀ.ਐੱਸ.ਐੱਫ. ਦੀਆਂ ਲੋੜਾਂ ਨੂੰ ਗੌਲਣਾ ਇਕ ਅਜਿਹਾ ਕਾਰਜ ਸੀ, ਜਿਸ ਵੱਲ ਕੇਂਦਰੀ ਤੇ ਰਾਜ ਸਰਕਾਰਾਂ ਦਾ ਧਿਆਨ ਨਹੀਂ ਸੀ ਗਿਆ। ਦੂਸ਼ਿਤ ਪਾਣੀ ਪੀਣ ਨਾਲ ਦਸਤ, ਹੈਜ਼ਾ, ਟਾਈਫਾਈਡ ਜਿਹੀਆਂ ਬਿਮਾਰੀਆਂ ਪੈਦਾ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਖੜ੍ਹੇ ਪਾਣੀ ਕਾਰਨ ਮੱਛਰਾਂ ਦੀ ਭਰਮਾਰ ਹੋ ਜਾਂਦੀ ਹੈ, ਜਿਸ ਨਾਲ ਡੇਂਗੂ ਤੇ ਮਲੇਰੀਆ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ। ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਫਾਗਿੰਗ, ਸਪਰੇਅ ਅਤੇ ਮੱਛਰਾਂ ਦੀ ਰੋਕਥਾਮ ਵੱਲ ਖ਼ਾਸ ਧਿਆਨ ਦੇਣਾ ਪੈਂਦਾ ਹੈ। ਗਿੱਲੀਆਂ-ਸਿੱਲ੍ਹੀਆਂ ਅਤੇ ਸੈਲਾਬੀਆਂ ਥਾਵਾਂ 'ਤੇ ਰਹਿੰਦੇ ਲੋਕਾਂ ਨੂੰ ਚਮੜੀ ਰੋਗ ਅਤੇ ਫੰਗਲ ਇਨਫੈਕਸ਼ਨ ਹੋਣ ਦਾ ਬਹੁਤ ਡਰ ਰਹਿੰਦਾ ਹੈ। ਇਸੇ ਤਰ੍ਹਾਂ ਡੰਗਰਾਂ 'ਚ ਵੀ ਕਾਫ਼ੀ ਬਿਮਾਰੀਆਂ ਦਾ ਡਰ ਹੁੰਦਾ ਹੈ। ਮਨੁੱਖੀ ਵਸੋਂ ਅਤੇ ਪਸ਼ੂ ਧਨ ਦੀ ਦੇਖਭਾਲ ਹੜ੍ਹਾਂ ਪਿੱਛੋਂ ਵੀ ਕਰਨੀ ਪੈ ਸਕਦੀ ਹੈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਇਨ੍ਹਾਂ ਲੋੜਾਂ ਨੂੰ ਮੁੱਖ ਰੱਖਦੇ ਸਮੇਂ ਚੈਰੀਟੇਬਲ ਲੈਬਾਟਰੀਆਂ, ਫਿਜ਼ੀਓਥੈਰੇਪੀ ਸੈਂਟਰ ਤੇ ਡੈਂਟਲ ਕਲੀਨਿਕ ਸਥਾਪਤ ਕਰਕੇ ਇਨ੍ਹਾਂ ਨੂੰ ਐਂਬੂਲੈਂਸ ਵੈਨਾਂ ਵੀ ਦਿੱਤੀਆਂ ਹਨ। ਕੁਦਰਤੀ ਕਰੋਪੀ ਨਾਲ ਨਜਿੱਠਣ ਲਈ ਟਰੱਸਟ ਵਲੋਂ ਅਜਿਹੀ ਸਹੂਲਤਾਂ ਅਖਨੂਰ (ਜੰਮੂ) ਦੇ ਗੁਰਦਵਾਰਾ ਤਪੋ ਸਥਾਨ ਵਾਲੇ ਸੰਤ ਬਾਬਾ ਸੁੰਦਰ ਸਿੰਘ ਅਲੀਬੇਗ ਵਲੋਂ ਜੁਟਾਉਣਾ ਵੀ ਖ਼ਾਸ ਧਿਆਨ ਦੀ ਮੰਗ ਕਰਦਾ ਹੈ। ਇਸ ਔਖੀ ਘੜੀ ਵਿਚ ਸੂਬਾ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਵਿਸ਼ੇਸ਼ ਗਿਰਦਾਵਰੀਆਂ ਕਰਾ ਕੇ ਪ੍ਰਭਾਵਿਤ ਕਿਸਾਨਾਂ ਨੂੰ ਉਚਿਤ ਮੁਆਵਜ਼ਾ ਦੇਣ ਅਤੇ ਧਿਆਨ ਰੱਖਣ ਕਿ ਖੇਤ ਮਜ਼ਦੂਰ ਅਤੇ ਹੋਰ ਪ੍ਰਭਾਵਿਤ ਲੋਕ ਵੀ ਵਿਸਰ ਨਾ ਜਾਣ। ਸਮਾਜ ਸੇਵੀ ਸੰਸਥਾਵਾਂ ਨੂੰ ਪਾਣੀ ਉਤਰਨ ਤੋਂ ਬਾਅਦ ਵੀ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ। ਪੈਲੀਆਂ ਨੂੰ ਪੱਧਰੀਆਂ ਕਰਕੇ ਵਾਹੀਯੋਗ ਬਣਾਉਣ ਲਈ ਸਮਾਂ ਲੱਗੇਗਾ। ਹੜ੍ਹਾਂ ਦਾ ਪਾਣੀ ਉਤਰਨ ਤੋਂ ਬਾਅਦ ਵਿਸ਼ੇਸ਼ ਚੌਕਸੀ ਵਰਤਣ ਦੀ ਜ਼ਰੂਰਤ ਰਹੇਗੀ। ਸਿਹਤ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਵਧ ਜਾਣਗੀਆਂ। ਲਾਜ਼ਮੀ ਹੈ ਕਿ ਜ਼ਹਿਰੀਲੇ ਪਦਾਰਥਾਂ ਦੇ ਮਿਲਣ ਨਾਲ ਧਰਤੀ ਹੇਠਲਾ ਪਾਣੀ ਵੀ ਦੂਸ਼ਿਤ ਹੋ ਜਾਂਦਾ ਹੈ। ਏਸ ਪਾਸੇ ਧਿਆਨ ਦੇਣ ਦੀ ਉਚੇਚੀ ਲੋੜ ਹੈ। ਹੋਮੀਓਪੈਥੀ ਦਵਾਈਆਂ ਦੇਣ ਵਾਲੇ ਮੇਰੇ ਮਿੱਤਰ ਚੰਦਰ ਤ੍ਰਿਖਾ ਨੇ 1947 ਵਿਚ ਅਖੰਡ ਹਿੰਦੁਸਤਾਨ ਦੇ ਟੁਕੜੇ ਕਰਨ ਵਾਲੇ ਬਰਤਾਨਵੀ ਅਧਿਕਾਰੀ 'ਤੇ ਵਿਅੰਗ ਕੱਸਦਿਆਂ ਇਹ ਵੀ ਸਵਾਲ ਪੈਦਾ ਕੀਤਾ ਸੀ ਕਿ ਉਸ ਵਲੋਂ 78 ਸਾਲ ਪਹਿਲਾਂ ਖਿੱਚੀ ਗਈ ਵੰਡ ਦੀ ਲਕੀਰ ਹੁਣ ਕਿੱਥੇ ਹੈ? ਹੜ੍ਹਾਂ ਦੇ ਪਾਣੀ ਨੇ ਐੱਲ.ਓ.ਸੀ. ਤੇ ਐੱਲ.ਏ.ਸੀ. ਧੋ ਛੱਡੀਆਂ ਹਨ। ਹੁਣ ਤਾਂ ਇਨ੍ਹਾਂ 'ਤੇ ਆਮ ਜਨਤਾ ਹੀ ਪਹਿਰਾ ਦੇ ਸਕਦੀ ਹੈ।
ਅਜੋਕੇ ਭਾਰਤ ਵਿਚ ਪੋਠੋਹਾਰੀਏ
ਭਾਰਤ ਵਿਚ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਰਹੇ ਤਰਲੋਚਨ ਸਿੰਘ ਨੂੰ ਬਰਤਾਨੀਆ ਦੀ ਪੋਠੋਹਾਰ ਐਸੋਸੀਏਸ਼ਨ ਵਲੋਂ ਸਨਮਾਨੇ ਜਾਣ ਦੀ ਖ਼ਬਰ ਨੇ ਉੱਧਰੋਂ ਆਏ ਉਨ੍ਹਾਂ ਮਹਾਰਥੀਆਂ ਦੀ ਯਾਦ ਦਿਵਾ ਦਿੱਤੀ ਹੈ, ਜਿਨ੍ਹਾਂ ਨੇ ਭਾਰਤ ਆ ਕੇ ਵੱਡੀਆਂ ਮੱਲਾਂ ਮਾਰੀਆਂ। ਇਨ੍ਹਾਂ ਵਿਚ ਇੰਦਰ ਕੁਮਾਰ ਗੁਜਰਾਲ ਤੇ ਮਨਮੋਹਨ ਸਿੰਘ ਏਥੋਂ ਦੇ ਪ੍ਰਧਾਨ ਮੰਤਰੀ ਰਹੇ ਤੇ ਹਰਦਿੱਤ ਸਿੰਘ ਮਲਿਕ ਰਾਜਦੂਤ। ਇਨ੍ਹਾਂ ਤੋਂ ਬਿਨਾਂ ਗੁਰਮੁਖ ਸਿੰਘ ਮੁਸਾਫ਼ਿਰ, ਜਨਰਲ ਜਗਜੀਤ ਸਿੰਘ ਅਤੇ ਮਾਸਟਰ ਤਾਰਾ ਸਿੰਘ ਨੇ ਸੈਨਾ ਤੇ ਸਿਆਸਤ ਵਿਚ ਨਾਮਣਾ ਖੱਟਿਆ ਅਤੇ ਭਾਈ ਜੋਧ ਸਿੰਘ, ਕਵੀ ਮੋਹਨ ਸਿੰਘ ਤੇ ਉਪਨਿਆਸਕਾਰ ਕਰਤਾਰ ਸਿੰਘ ਦੁੱਗਲ ਨੇ ਵਿੱਦਿਆ ਤੇ ਸਾਹਿਤ ਦੇ ਖੇਤਰ ਵਿਚ ਅਹਿਮ ਪ੍ਰਾਪਤੀਆਂ ਕੀਤੀਆਂ। ਲੰਡਨ ਸਥਿਤ ਪੋਠੋਹਾਰ ਐਸੋਸੀਏਸ਼ਨ ਸਮੇਂ-ਸਮੇਂ ਅਜਿਹੇ ਮਹਾਪੁਰਸ਼ਾਂ ਨੂੰ ਨਿਵਾਜਦੀ ਰਹੀ ਹੈ, ਜਿਹੜੇ ਦੇਸ਼ ਵੰਡ ਸਮੇਂ ਰਾਵਲਪਿੰਡੀ, ਜਿਹਲਮ ਤੇ ਕੈਬਲਪੁਰ 'ਚ ਆਪਣਾ ਘਰ-ਬਾਰ ਤਿਆਗ ਕੇ ਸ਼ਰਨਾਰਥੀ ਹੋ ਗਏ ਤੇ ਏਧਰ ਆ ਕੇ ਆਪਣੀ ਹਿੰਮਤ ਤੇ ਉੱਦਮ ਸਦਕਾ ਵੱਡੀਆਂ ਮੱਲਾਂ ਮਾਰਨ ਦੇ ਯੋਗ ਹੋਏ। ਜ਼ਿੰਦਾਬਾਦ!

ਈ-ਮੇਲ : sandhugulzar@yahoo.com

ਪਿਛਲੀ ਖ਼ਬਰ ਅਮਰੀਕਾ ਵਲੋਂ ਵਧਾਏ ਟੈਰਿਫ਼ ਦਾ ਭਾਰਤ-ਅਮਰੀਕਾ ਵਪਾਰ 'ਤੇ ਪ੍ਰਭਾਵ ਅਗਲੀ ਖ਼ਬਰ ਮਹਾਨ ਕੋਸ਼ ਨਾਲ ਸੰਬੰਧਿਤ ਘਟਨਾਕ੍ਰਮ ਆਪਣੇ ਪਿੱਛੇ ਛੱਡ ਗਿਆ ਅਹਿਮ ਸਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।