ਜਲੰਧਰ, 29 ਅਗਸਤ (ਐੱਮ. ਐੱਸ. ਲੋਹੀਆ)-ਸਥਾਨਕ ਆਦਰਸ਼ ਨਗਰ ਦੇ ਖੇਤਰ 'ਚੋਂ ਬੀਤੇ ਦਿਨ ਇਕ ਕਾਰੋਬਾਰੀ ਪਰਮਜੀਤ ਸਿੰਘ ਵਾਸੀ ਹਰਨਾਮ ਦਾਸ ਪੁਰਾ, ਜਲੰਧਰ ਦੀ ਕਾਰ ਲੁੱਟਣ ਦੇ ਮਾਮਲੇ 'ਚ ਕਮਿਸ਼ਨਰੇਟ ਪੁਲਿਸ ਨੇ ਦੋ ਲੁਟੇਰਿਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਦੀ ਪਛਾਣ ਪਿੰਡ ਬੁੱਢਾ ਥੇਹ, ਬਿਆਸ ਦੇ ਰਹਿਣ ਵਾਲੇ ਮਨਜੋਤ ਸਿੰਘ ਉਰਫ਼ ਮਨੀ ਪੁੱਤਰ ਅਸ਼ੋਕ ਸਿੰਘ ਅਤੇ ਹਜੂਰ ਸਿੰਘ ਉਰਫ਼ ਮਾਨਵ ਪੁੱਤਰ ਸਵ. ਬਲਜੀਤ ਸਿੰਘ ਵਜੋਂ ਦੱਸੀ ਗਈ ਹੈ | ਕਾਰਵਾਈ ਸਮੇਂ ਹੋਈ ਗੋਲੀਬਾਰੀ ਦੌਰਾਨ ਪੈਰ ਕੋਲ ਲੱਗੀ ਗੋਲੀ ਕਾਰਨ ਜ਼ਖ਼ਮੀ ਹੋਇਆ ਮਨੋਜਤ ਸਿੰਘ ਉਰਫ਼ ਮਨੀ ਫਿਲਹਾਲ ਇਲਾਜ ਅਧੀਨ ਹੈ, ਜਦਕਿ ਗਿ੍ਫ਼ਤਾਰ ਕੀਤੇ ਉਸ ਦੇ ਸਾਥੀ ਹਜੂਰ ਸਿੰਘ ਉਰਫ਼ ਮਾਨਵ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਿਸ ਨੇ ਉਸਦਾ 3 ਦਿਨ ਦਾ ਰਿਮਾਂਡ ਲਿਆ ਹੈ | ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਰੰਧਾਵਾ ਦੀਆਂ ਹਦਾਇਤਾਂ 'ਤੇ ਕੀਤਾ ਗਈ ਇਸ ਕਾਰਵਾਈ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਸੀ.ਪੀ (ਜਾਂਚ) ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪਰਮਜੀਤ ਸਿੰਘ ਨੇ ਬੀਤੇ ਦਿਨ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਹ ਅਲੀ ਮੁਹੱਲੇ ਨੇੜੇ ਕਪੜੇ ਦਾ ਕਾਰੋਬਾਰ ਕਰਦਾ ਹੈ | ਅੱਜ ਜਦੋਂ ਉਹ ਆਪਣੀ ਕਾਰ 'ਚ ਕੰਮ 'ਤੇ ਜਾ ਰਿਹਾ ਸੀ, ਤਾਂ ਅਦਰਸ਼ ਨਗਰ ਚੌਕ ਨੇੜੇ ਦੋ ਵਿਅਕਤੀਆਂ ਨੇ ਉਸ ਨੂੰ ਪਿਸਤੌਲ ਦਿਖਾ ਕੇ ਉਸ ਦੀ ਕਾਰ ਲੁੱਟ ਲਈ | ਡੀ.ਸੀ.ਪੀ. ਨੇ ਕਿਹਾ ਕਿ ਪੀੜਤ ਵਲੋਂ ਦਿੱਤੀ ਗਈ ਸ਼ਿਕਾਇਤ 'ਤੇ ਏ.ਡੀ.ਸੀ.ਪੀ. (ਜਾਂਚ) ਜੇਯੰਤ ਪੁਰੀ ਅਤੇ ਏ.ਡੀ.ਸੀ.ਪੀ. ਪਰਮਜੀਤ ਸਿੰਘ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ਼ ਮੁਖੀ ਸੁਰਿੰਦਰ ਕੁਮਾਰ ਅਤੇ ਥਾਣਾ ਡਵੀਜ਼ਨ ਨੰਬਰ 2 ਦੇ ਮੁਖੀ ਜਸਵਿੰਦਰ ਸਿੰਘ ਦੀਆਂ ਪੁਲਿਸ ਪਾਰਟੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਮਾਮਲੇ ਦੀ ਤਕਨੀਕੀ ਢੰਗ ਨਾਲ ਜਾਂਚ ਕੀਤੀ | ਇਸ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਕਾਰ ਲੈ ਕੇ ਅੰਮਿ੍ਤਸਰ ਵੱਲ ਜਾ ਰਹੇ ਹਨ | ਪਿੱਛਾ ਕਰ ਰਹੀ ਪੁਲਿਸ ਪਾਰਟੀ ਜਦੋਂ ਰਈਆ ਦੇ ਨੇੜੇ ਪਹੁੰਚੀ ਤਾਂ ਲੁਟੇਰਿਆਂ ਨੇ ਪੁਲਿਸ ਪਾਰਟੀ 'ਤੇ ਗੋਲੀ ਚਲਾ ਦਿੱਤੀ | ਇਸ ਦੌਰਾਨ ਜਵਾਬੀ ਗੋਲੀਬਾਰੀ 'ਚ ਮਨਜੋਤ ਸਿੰਘ ਜ਼ਖ਼ਮੀ ਹੋ ਗਿਆ, ਜਿਸ ਨੂੰ ਜਲੰਧਰ ਲਿਆਂਦਾ ਗਿਆ ਅਤੇ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ | ਉਸ ਦੇ ਸਾਥੀ ਹਜੂਰ ਸਿੰਘ ਨੂੰ ਪੁਲਿਸ ਪਾਰਟੀ ਨੇ ਗਿ੍ਫ਼ਤਾਰ ਕਰ ਲਿਆ ਹੈ | ਪੁਲਿਸ ਨੂੰ ਮਨਜੋਤ ਸਿੰਘ ਦੇ ਕਬਜ਼ੇ 'ਚੋਂ ਇਕ ਪਿਸਤੌਲ ਬਰਾਮਦ ਹੋਇਆ ਹੈ | ਪੁਲਿਸ ਪਾਰਟੀ ਨੇ ਲੁੱਟਸ਼ਦਾ ਕਾਰ ਦੇ ਨਾਲ ਲੁਟੇਰਿਆਂ ਵਲੋਂ ਵਾਰਦਾਤ 'ਚ ਵਰਤੀ ਗਈ ਕਾਰ ਵੀ ਬਰਾਮਦ ਕੀਤੀ ਹੈ | ਮੁੱਢਲੀ ਤਫ਼ਤੀਸ਼ ਦੌਰਾਨ ਪਤਾ ਲੱਗਾ ਹੈ ਕਿ ਲੁਟੇਰਿਆਂ ਕੋਲੋਂ ਬਰਾਮਦ ਹੋਈ ਕਾਰ ਉਨ੍ਹਾਂ ਕੁਝ ਦਿਨ ਪਹਿਲਾਂ ਆਪਣੇ ਇਕ ਜਾਣਕਾਰ ਤੋਂ ਖ਼ਰੀਦੀ ਸੀ | ਇਹ ਵੀ ਪਤਾ ਲੱਗਾ ਹੈ ਕਿ ਹਜੂਰ ਸਿੰਘ ਖ਼ਿਲਾਫ਼ ਪਹਿਲਾਂ ਹੱਤਿਆ ਦੀ ਕੋਸ਼ਿਸ਼ ਅਤੇ ਆਰਮ ਐਕਟ ਅਧੀਨ ਮੁਕੱਦਮਾ ਦਰਜ ਹੈ | ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜਲਦ ਹੀ ਹੋਰ ਖੁਲਾਸੇ ਹੋਣ ਦੀ ਉਮੀਦ ਹੈ |
-ਮਾਮਲਾ ਕਾਰ ਲੁਟੇਰਿਆਂ ਅਤੇ ਪੁਲਿਸ ਪਾਰਟੀ ਵਿਚਕਾਰ ਹੋਈ ਗੋਲੀਬਾਰੀ ਦਾ - ਜ਼ਖ਼ਮੀ ਲੁਟੇਰਾ ਇਲਾਜ ਅਧੀਨ ਅਤੇ ਗ੍ਰਿਫ਼ਤਾਰ ਸਾਥੀ 3 ਦਿਨ ਦੇ ਰਿਮਾਂਡ 'ਤੇ
ਅਜੀਤ ਡੈਸਕ
30-08-2025