ਬਸ਼ੀਰਪੁਰਾ 'ਚ ਸੀਵਰੇਜ ਬੰਦ, ਟੂਟੀਆਂ 'ਚ ਆ ਰਿਹੈ ਗੰਦਾ ਪਾਣੀ, ਲੋਕਾਂ ਵਲੋਂ ਰੋਸ ਪ੍ਰਦਰਸ਼ਨ
ਅਜੀਤ ਡੈਸਕ
30-08-2025
ਦਸਤ ਕਾਰਨ ਬਜ਼ੁਰਗ ਵਿਅਕਤੀ ਦੀ ਮੌਤ
ਉਧਰ ਮਿਲੀ ਜਾਣਕਾਰੀ ਅਨੁਸਾਰ ਬਸ਼ੀਰਪੁਰਾ 'ਚ ਇਕ ਵਿਅਕਤੀ ਦੀ ਦਸਤ ਲੱਗਣ ਕਾਰਨ ਅੱਜ ਮੌਤ ਹੋ ਗਈ, ਜਿਸ ਦੀ ਪਛਾਣ ਇਕਬਾਲ ਸਿੰਘ (69) ਪੁੱਤਰ ਗੁਰਬਖਸ਼ ਸਿੰਘ ਵਾਸੀ ਬਸ਼ੀਰਪੁਰਾ ਦੇ ਰੂਪ 'ਚ ਸਾਹਮਣੇ ਆਈ ਹੈ | ਸਮਾਜ ਸੇਵਕ ਸੁਖਵਿੰਦਰ ਲੱਕੀ ਨੇ ਦੱਸਿਆ ਕਿ ਉਕਤ ਦੀ ਸਿਹਤ ਗੰਦੇ ਪਾਣੀ ਕਾਰਨ ਵਿਗੜੀ ਸੀ, ਜਿਸ ਨੂੰ ਇਲਾਜ ਲਈ ਸ਼ਹਿਰ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ ਪਰ ਪੇਟ 'ਚ ਜ਼ਿਆਦਾ ਖ਼ਰਾਬੀ ਹੋਣ 'ਤੇ ਦਸਤ ਕਾਰਨ ਉਕਤ ਦੀ ਮੌਤ ਹੋ ਗਈ |
ਲੋਕਾਂ ਦੇ ਹੱਕ 'ਚ ਪਹੁੰਚੇ ਸਾਬਕਾ ਵਿਧਾਇਕ ਮਨੋਰੰਜਨ ਕਾਲੀਆ
ਉਧਰ ਲੋਕਾਂ ਦੇ ਇਸ ਮਸਲੇ ਨੂੰ ਦੇਖਦੇ ਹੋਏ ਸਾਬਕਾ ਵਿਧਾਇਕ ਤੇ ਮੰਤਰੀ ਮਨੋਰੰਜਨ ਕਾਲੀਆ ਬਸ਼ੀਰਪੁਰਾ ਵਿਖੇ ਪਹੁੰਚੇ, ਜਿਨ੍ਹਾਂ ਨੂੰ ਲੋਕਾਂ ਵਲੋਂ ਦਰਪੇਸ਼ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਗਿਆ | ਇਸ ਦੌਰਾਨ ਸ੍ਰੀ ਕਾਲੀਆ ਨੇ ਕਮਿਸ਼ਨਰ ਨਗਰ ਨਿਗਮ ਜਲੰਧਰ ਸੰਦੀਪ ਕਰਿਸ਼ੀ ਨਾਲ ਫੋਨ 'ਤੇ ਗੱਲ ਕੀਤੀ, ਜਿਸ 'ਤੇ ਸ੍ਰੀ ਕਰਿਸ਼ੀ ਨੇ ਵਿਸ਼ਵਾਸ ਦੁਆਇਆ ਕਿ ਸੀਵਰੇਜ ਦੀ ਸਫ਼ਾਈ ਕੱਲ੍ਹ ਸ਼ਾਮ ਤੋਂ ਸੁਪਰ ਸਕਸ਼ਨ ਮਸ਼ੀਨ ਰਾਹੀਂ ਕਰਵਾਈ ਜਾਵੇਗੀ, ਤੇ ਅੱਜ ਹੀ ਤਤਕਾਲ ਰਾਹਤ ਦੇ ਲਈ ਜੈੱਟ ਮਸ਼ੀਨ ਤੋਂ ਕੰਮ ਲਿਆ ਜਾਵੇਗਾ | ਇਸ ਮੌਕੇ ਲੋਕਾਂ ਨੇ ਸ੍ਰੀ ਕਾਲੀਆ ਨੂੰ ਬੋਤਲ 'ਚ ਬੰਦ ਪਾਣੀ ਦਿਖਾਇਆ | ਇਸ ਮੌਕੇ ਅਸ਼ਵਨੀ ਸ਼ਰਮਾ, ਅਸ਼ੋਕ ਮਰਵਾਹਾ ਤੇ ਗਗਨਦੀਪ ਬੰਟੀ ਆਦਿ ਹਾਜ਼ਰ ਸਨ |