ਅੱਪਰਾ, 29 ਅਗਸਤ (ਦਲਵਿੰਦਰ ਸਿੰਘ ਅੱਪਰਾ)-ਭਾਕਿਯੂ ਕਾਦੀਆਂ ਬਲਾਕ ਫਿਲੌਰ ਦੀ ਮਹੀਨਾਵਾਰੀ ਮੀਟਿੰਗ ਕਸਬਾ ਅੱਪਰਾ ਵਿਖੇ ਬਲਾਕ ਪ੍ਰਧਾਨ ਹਰਜੀਤ ਸਿੰਘ ਮੰਡੀ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ | ਇਸ ਮੌਕੇ ਕਿਸਾਨੀ ਮਸਲਿਆਂ ਤੋ ਇਲਾਵਾ ਹੋਰ ਵੀ ਮਸਲੇ ਵਿਚਾਰੇ ਗਏ ਅਤੇ ਕਈ ਅਹਿਮ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ | ਝੋਨੇ ਦੇ ਇਸ ਸੀਜ਼ਨ ਮੌਕੇ ਯੂਰੀਆ ਦੀ ਸਪਲਾਈ 'ਚ ਲਗਾਤਾਰ ਆ ਰਹੀ ਔਕੜ ਨੂੰ ਦੂਰ ਕਰਨ ਲਈ ਅਤੇ ਯੂਰੀਆ ਦੀ ਕਾਲ਼ਾ ਬਜਾਰੀ ਨੂੰ ਖਤਮ ਕਰਨ ਲਈ ਸਰਕਾਰ ਨੂੰ ਅਪੀਲ ਕੀਤੀ ਗਈ | ਇਸੇ ਤਰਾਂ੍ਹ ਹੀ ਕਣਕ ਦੀ ਫਸਲ ਲਈ ਡੀ. ਏ. ਪੀ. ਖਾਦ ਦੇ ਅਗਾਊਾ ਯੋਗ ਪ੍ਰਬੰਧ ਕੀਤੇ ਜਾਣ | ਬੇਸ਼ੱਕ ਆਪ ਸਰਕਾਰ ਵਲੋਂ ਲੈਂਡ ਪੂਲਿੰਗ ਪਾਲਸੀ ਵਾਪਸ ਲੈ ਲਈ ਗਈ ਹੈ, ਪਰ ਸਰਕਾਰ ਵਲੋਂ ਇਸ ਪਾਲਸੀ ਦੀ ਆੜ੍ਹ 'ਚ ਕਿਸਾਨਾਂ ਦੀ ਉਜਾੜੀ ਗਈ ਫ਼ਸਲ ਦੀ ਭਰਪਾਈ ਸਰਕਾਰ ਦੁਆਰਾ ਜਲਦ ਕੀਤੀ ਜਾਵੇ | ਆਪ ਆਗੂ ਮਨੀਸ਼ ਸਿਸੋਦੀਆ ਵਲੋਂ 2027 ਦੀਆਂ ਚੋਣਾਂ ਮੌਕੇ ਹਿੰਸਾ ਨੂੰ ਉਤਸ਼ਾਹਤ ਕਰਨ ਵਾਲੇ ਬਿਆਨ ਦੀ ਨਿੰਦਾ ਵੀ ਕੀਤੀ ਗਈ | ਹਾਲ ਹੀ 'ਚ ਆਏ ਹੜ੍ਹਾਂ ਕਾਰਨ ਲੋਕਾਂ ਦੇ ਹੋ ਰਹੇ ਨੁਕਸਾਨ ਦੀ ਤੁਰੰਤ ਭਰਪਾਈ ਕਰਨ ਲਈ ਵੀ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ | ਅੱਜ ਦੇ ਇਕੱਠ ਵਲੋਂ ਪ੍ਰਸਾਸ਼ਨ ਅਤੇ ਗ੍ਰਾਮ ਪੰਚਾਇਤ ਅੱਪਰਾ ਨੂੰ ਵੀ ਅਪੀਲ ਕੀਤੀ ਗਈ ਕਿ ਕਸਬਾ ਅੱਪਰਾ ਦੇ ਬਜ਼ਾਰਾਂ ਅਤੇ ਮੇਨ ਰੋਡ 'ਤੇ ਦੁਕਾਨਦਾਰਾਂ ਵਲੋਂ ਦੁਕਾਨਾਂ ਦਾ ਸਮਾਨ ਰਸਤੇ 'ਚ ਰੱਖ ਕੇ ਕੀਤੇ ਗਏ ਨਜਾਇਜ਼ ਕਬਜੇ ਤੁਰੰਤ ਹਟਾਏ ਜਾਣ | ਅੱਜ ਦੀ ਮੀਟਿੰਗ 'ਚ ਬਲਾਕ ਪ੍ਰਧਾਨ ਹਰਜੀਤ ਸਿੰਘ ਮੰਡੀ, ਮੀਤ ਪ੍ਰਧਾਨ ਹਰਜੀਤ ਸਿੰਘ ਲਾਂਦੜਾ, ਜਸਵੀਰ ਸਿੰਘ ਨਗਰ, ਮਨਜਿੰਦਰ ਸਿੰਘ, ਗੁਰਮੀਤ ਸਿੰਘ, ਬਲਵੀਰ ਸਿੰਘ, ਗੁਰਮੀਤ ਸਿੰਘ, ਕੇ. ਐਸ. ਮਾਨ, ਜਸਪ੍ਰੀਤ ਸਿੰਘ ਬਾਂਸੀਆਂ, ਗੁਰਮੁਖ ਸਿੰਘ ਮੋਰੋਂ ਅਤੇ ਹੋਰ ਵੀ ਕਿਸਾਨ ਤੇ ਕਿਸਾਨ ਆਗੂ ਹਾਜ਼ਰ ਸਨ |