ਫਿਲੌਰ, 29 ਅਗਸਤ (ਵਿਪਨ ਗੈਰੀ)-ਲੰਬੇ ਸਮੇਂ ਤੋਂ ਫਿਲੌਰ ਦੇ ਪਿੰਡ ਧੁਲੇਤਾ ਵਿਖੇ ਚੱਲ ਰਹੇ ਪੰਚਾਇਤੀ ਜ਼ਮੀਨ ਦੇ ਵਿਵਾਦ ਨੂੰ ਲੈ ਕਿ ਅੱਜ ਬਹੁਜਨ ਸਮਾਜ ਪਾਰਟੀ ਹਲਕਾ ਫਿਲੌਰ ਦੀ ਸਮੁੱਚੀ ਲੀਡਰ ਸ਼ਿਪ ਨੇ ਡੀਐਸ਼ਪੀ ਦਫ਼ਤਰ ਅੱਗੇ ਧਰਨਾ ਲਾ ਦਿੱਤਾ ਜੋ ਕਰੀਬ 7 ਘੰਟੇ ਚੱਲਿਆ ਤੇ ਸ਼ਾਮੀ ਡੀਐਸ਼ਪੀ ਫਿਲੌਰ ਨੂੰ ਮੰਗ ਪੱਤਰ ਦੇਣ ਮਗਰੋਂ ਸਮਾਪਤ ਕਰ ਦਿੱਤਾ ਗਿਆ ਤੇ ਮਸਲੇ ਦੇ ਹੱਲ ਲਈ 1 ਸਤੰਬਰ ਨੂੰ ਮੀਟਿੰਗ ਰੱਖ ਦਿੱਤੀ |ਧਰਨੇ ਵਿਚ ਪੁੱਜੇ ਆਗੂਆਂ ਨੇ ਸੈਂਕੜਿਆਂ ਦੀ ਗਿਣਤੀ ਵਿਚ ਆਏ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੋ ਪੁਲਿਸ ਪ੍ਰਸ਼ਾਸਨ ਵਲ਼ੋਂ ਧੁਲੇਤਾ ਦੇ ਗੁਰੂ ਰਵਿਦਾਸ ਕਮਿਊਨਿਟੀ ਹਾਲ ਦੀਆਂ ਕੰਧਾਂ ਢਾਹੀਆਂ ਗਈਆਂ ਹਨ ਉਹ ਬਹੁਤ ਨਿੰਦਣਯੋਗ ਹੈ ਪ੍ਰਸ਼ਾਸਨ ਦੀ ਇਸ ਕਾਰਵਾਈ ਨਾਲ ਦਲਿਤ ਸਮਾਜ ਦੇ ਮਨਾਂ ਨੂੰ ਡੰੁਗੀ ਠੇਸ ਪਹੁੰਚੀ ਹੈ ਸਰਪੰਚ ਵਲ਼ੋਂ ਜਾਣਬੁੱਝ ਕੇ ਗੁਰੂ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਦ ਕਿ ਪਿੰਡ ਵਿਚ ਹੋਰ ਵੀ ਬਹੁ ਗਿਣਤੀ ਪੰਚਾਇਤੀ ਜ਼ਮੀਨਾਂ ਤੇ ਕਬਜ਼ੇ ਕੀਤੇ ਗਏ ਹਨ ਜਿਨ੍ਹਾਂ ਖ਼ਿਲਾਫ਼ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ | ਧਰਨਾਕਾਰੀਆਂ ਨੇ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਕਹਿਰ ਦੀ ਧੁੱਪ ਵਿਚ ਬੈਠੇ ਰਹੇ ਅਤੇ ਦੁਪਹਿਰ ਨੂੰ ਪੱਕਾ ਟੈਂਟ ਵੀ ਲਾ ਦਿੱਤਾ ਗਿਆ |7 ਘੰਟੇ ਚੱਲੇ ਧਰਨੇ ਨੂੰ ਸਮਾਪਤ ਕਰਨ ਲਈ ਡੀ ਐਸ ਪੀ ਫਿਲੌਰ ਸਰਵਣ ਸਿੰਘ ਬੱਲ ਪਹੁੰਚੇ ਤੇ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਸੋਮਵਾਰ ਨੂੰ ਐਸ ਡੀ ਐਮ ਫਿਲੌਰ ਨਾਲ ਮੀਟਿੰਗ ਕਰਵਾਈ ਜਾਵੇਗੀ ਉਸ ਮੀਟਿੰਗ ਵਿਚ ਇਸ ਮਸਲੇ ਦਾ ਹੱਲ ਕੱਢ ਲਿਆ ਜਾਵੇਗਾ |ਅੰਤ ਵਿਚ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੇ ਪੁਤਲੇ ਸਾੜੇ ਗਏ |ਇਸ ਮੌਕੇ ਤੀਰਥ ਰਾਜਪੁਰਾ ਕੋਆਰਡੀਨੇਟਰ ਬਸਪਾ, ਗੁਰਮੇਲ ਚੁੰਬਰ ਜਰਨਲ ਸਕੱਤਰ ਬਸਪਾ ਪੰਜਾਬ, ਬਲਵਿੰਦਰ ਕੁਮਾਰ ਜਰਨਲ ਸਕੱਤਰ ਬਸਪਾ ਪੰਜਾਬ, ਲਾਲ ਚੰਦ ਔਜਲਾ ਜਰਨਲ ਸਕੱਤਰ ਬਸਪਾ ਪੰਜਾਬ, ਜਗਦੀਸ਼ ਸ਼ੇਰਪੁਰੀ ਜ਼ਿਲ੍ਹਾ ਪ੍ਰਧਾਨ, ਖੁਸੀ ਰਾਮ ਹਲਕਾ ਇੰਚਾਰਜ ਫਿਲੌਰ, ਸੁਖਵਿੰਦਰ ਬਿੱਟੂ, ਰਾਮ ਸਰੂਪ ਸਰੋਏ, ਲਖਬੀਰ ਮੁਠੱਡਾ, ਗਿਆਨ ਚੰਦ, ਮਹਿੰਦਰਪਾਲ ਸਿੰਘ ਤੇਹਿੰਗ, ਹੈਪੀ ਰੁੜਕਾ, ਦਿਆ ਸ਼ੰਕਰ, ਸੁਖਵੰਤ ਤੇਹਿੰਗ, ਮਿਸਤਰੀ ਚਰਨਜੀਤ ਤੇਹਿੰਗ, ਦਲਜੀਤ ਕੋਰ ਤੇ ਹੋਰ ਵੱਡੀ ਗਿਣਤੀ 'ਚ ਧੁਲੇਤਾ ਵਾਸੀ ਤੇ ਬਸਪਾ ਸਮਰਥਕ ਮੌਜੂਦ ਸਨ |