21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਸੰਤ ਸੀਚੇਵਾਲ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਹੜ੍ਹਾਂ ਨੂੰ ਕੌਮੀ ਆਫ਼ਤ ਐਲਾਨਣ ਦੀ ਕੀਤੀ ਮੰਗ

ਅਜੀਤ ਡੈਸਕ 30-08-2025
ਮਲਸੀਆਂ, 29 ਅਗਸਤ (ਸੁਖਦੀਪ ਸਿੰਘ)-ਹੜ੍ਹਾਂ ਨਾਲ ਪੰਜਾਬ ਦੀ ਵੱਡੇ ਪੱਧਰ 'ਤੇ ਹੋਈ ਤਬਾਹੀ ਨੂੰ ਦੇਖਦਿਆਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਸ ਨੂੰ ਕੌਮੀ ਆਫ਼ਤ ਐਲਾਨਿਆ ਜਾਵੇ | ਉਹਨਾਂ ਆਪਣੇ ਪੱਤਰ 'ਚ ਲਿਖਿਆ ਕਿ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ 'ਚ ਬੱਦਲ ਫੱਟਣ ਨਾਲ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ | ਹਿਮਾਚਲ ਪ੍ਰਦੇਸ਼ ਅਤੇ ਪੰਜਾਬ 'ਚ ਪਏ ਮੀਂਹ ਨੇ ਵੀ ਸਥਿਤੀ ਨੂੰ ਗੰਭੀਰ ਕੀਤਾ ਹੈ | ਉਹਨਾਂ ਆਪਣੇ ਪੱਤਰ ਰਾਹੀਂ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਪੰਜਾਬ ਦੇ 500 ਦੇ ਕਰੀਬ ਪਿੰਡ, 300 ਸਰਕਾਰੀ ਸਕੂਲ ਅਤੇ 3 ਲੱਖ ਕਿਸਾਨਾਂ ਦੀ ਫ਼ਸਲ ਹੜ੍ਹਾਂ ਦੀ ਮਾਰ ਹੇਠ ਆਈ ਹੋਈ ਹੈ | 26 ਅਗਸਤ ਦੀ ਰਾਤ ਨੂੰ ਰਾਵੀ ਦਰਿਆ 'ਚ 14.11 ਲੱਖ ਕਿਊਸਿਕ ਦਾ ਵਹਾਅ ਸੀ, ਜਦਕਿ 1988 'ਚ ਰਾਵੀ ਵਿੱਚ ਇਹ 11.20 ਲੱਖ ਕਿਊਸਿਕ ਪਾਣੀ ਸੀ | ਸੰਤ ਸੀਚੇਵਾਲ ਨੇ ਕਿਹਾ ਕਿ ਬਿਆਸ ਦਰਿਆ 'ਚ ਵੀ ਇਸ ਵਾਰ 2.5 ਤੋਂ 3 ਲੱਖ ਕਿਊਸਿਕ ਤੱਕ ਪਾਣੀ ਵੱਗ ਚੁੱਕਾ ਹੈ | ਉਹਨਾਂ ਪੱਤਰ ਰਾਹੀਂ ਦੱਸਿਆ ਕਿ ਮੌਜੂਦਾ ਪਾਣੀ ਦੇ ਵਹਾਅ ਨੇ ਪੰਜਾਬ 'ਚ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ | ਬਿਆਸ ਦਰਿਆ ਦੇੇ ਪਾਣੀ ਨੇ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਤਬਾਹ ਕਰਕੇ ਰੱਖ ਦਿੱਤੀ ਹੈ | ਇਸ ਸਮੇਂ ਪੰਜਾਬ ਦੇ ਮਾਝਾ, ਮਾਲਵਾ ਤੇ ਦੁਆਬਾ ਤਿੰਨੇ ਖੇਤਰ ਬੁਰੀ ਤਰ੍ਹਾਂ ਨਾਲ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ | ਗੁਰਦਾਸਪੁਰ, ਪਠਾਨਕੋਟ, ਅੰਮਿ੍ਤਸਰ, ਤਰਨਤਾਰਨ, ਕਪੂਰਥਲਾ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹੇ ਹੜ੍ਹ ਦੀ ਭਿਆਨਕ ਸਥਿਤੀ ਨਾਲ ਜੂਝ ਰਹੇ ਹਨ | ਉਹਨਾਂ ਪੱਤਰ ਰਾਹੀਂ ਕਿਹਾ ਕਿ ਦੇਸ਼ ਤੇ ਖ਼ਾਸ ਕਰ ਪੰਜਾਬ ਦੇ ਕਿਸਾਨਾਂ ਨੇ ਹਮੇਸ਼ਾਂ ਹੀ ਅਨਾਜ ਦੇ ਪੱਖ ਤੋਂ ਦੇਸ਼ ਦੇ ਅੰਨ-ਭੰਡਾਰ ਭਰਨ 'ਚ ਮੋਹਰੀ ਭੂਮਿਕਾ ਨਿਭਾਈ ਹੈ | ਪੰਜਾਬ ਦੇ ਕਿਸਾਨ ਅਤੇ ਜਵਾਨ ਹਮੇਸ਼ਾ ਹੀ ਦੇਸ਼ ਹਿੱਤ ਲਈ ਲੜਦੇ ਅਤੇ ਖੜ੍ਹਦੇ ਆ ਰਹੇ ਹਨ | ਸੰਤ ਸੀਚੇਵਾਲ ਨੇ ਇਸ ਪੱਤਰ ਦਾ ਇੱਕ ਉਤਾਰਾ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਲਿਖਦਿਆਂ ਮੰਗ ਕੀਤੀ ਕਿ ਉਹ ਮਜ਼ਬੂਤੀ ਨਾਲ ਕੇਂਦਰ ਕੋਲ ਪੰਜਾਬ ਦਾ ਪੱਖ ਰੱਖਣ ਹੈ | ਉਹਨਾਂ ਮੁੱਖ ਮੰਤਰੀ ਨੂੰ ਵੀ ਅਪੀਲ ਕੀਤੀ ਹੈ ਕਿ ਹੜ੍ਹਾਂ ਦੀ ਸਥਿਤੀ ਬਾਰੇ ਪੰਜਾਬ ਸਰਕਾਰ ਵੱਲੋਂ ਵੀ ਪੱਤਰ ਲਿਖ ਕੇ ਭਾਰਤ ਸਰਕਾਰ ਨੂੰ ਤੱਥਾਂ ਸਮੇਤ ਆਪਣਾ ਪੱਖ ਰੱਖਿਆ ਜਾਵੇ ਕਿ ਕਿਵੇਂ ਹਿਮਾਚਲ ਪ੍ਰਦੇਸ਼ ਸਮੇਤ ਹੋਰ ਪਹਾੜੀ ਇਲਾਕਿਆਂ 'ਚ ਪੈ ਰਹੇ ਮੋਹਲੇਧਾਰ ਮੀਹਾਂ ਦਾ ਪਾਣੀ ਪੰਜਾਬ ਦੇ ਦਰਿਆਵਾਂ 'ਚ ਆ ਕੇ ਭਾਰੀ ਤਬਾਹੀ ਮਚਾ ਰਿਹਾ ਹੈ | ਜਿਸ ਨਾਲ ਇਸ ਗੰਭੀਰ ਸਥਿਤੀ ਨਾਲ ਜੂਝ ਰਹੇ ਸੂਬੇ ਦੇ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਪੀੜਤ ਲੋਕਾਂ ਨੂੰ ਸਹੀ ਤੇ ਉਚਿਤ ਮੁਆਵਜ਼ਾ ਮਿਲ ਸਕੇ ਤੇ ਇਸ ਮੁਆਵਜ਼ੇ ਨੂੰ ਵਧੀ ਹੋਈ ਮਹਿੰਗਾਈ ਦੇ ਸੂਚਕ ਅੰਕ ਨਾਲ ਜੋੜ ਕੇ ਇਸ ਵਿੱਚ ਵਾਧਾ ਕੀਤਾ ਜਾਵੇ |
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਅੱਪਰਾ ਵਿਖੇ ਕਰਵਾਈ ਗਈ 16ਵੀਂ ਪੁਸਤਕ ਪ੍ਰਤੀਯੋਗਤਾ ਅਗਲੀ ਖ਼ਬਰ ਏ.ਆਈ. ਦੀ ਦੁਰਵਰਤੋਂ ਨਾਲ ਸਿੱਖੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਿਆਂ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ-ਸਿੱਖ ਤਾਲਮੇਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।