ਜਲੰਧਰ, 19 ਸਤੰਬਰ (ਹਰਵਿੰਦਰ ਸਿੰਘ ਫੁੱਲ)-ਆਈ.ਆਰ.ਸੀ.ਟੀ.ਸੀ. ਵਲੋਂ ਭਾਰਤੀ ਰੇਲਵੇ ਦੇ ਸਹਿਯੋਗ ਨਾਲ '04 ਜੋਤਿਰਲਿੰਗਾਂ ਅਤੇ ਸਟੈਚੂ ਆਫ਼ ਯੂਨਿਟੀ ਯਾਤਰਾ' ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਘੋਸ਼ਿਤ ਕੀਤੀ ਗਈ 'ਭਾਰਤ ਗੌਰਵ ਵਿਸ਼ੇਸ਼ ਸੈਰ ਸਪਾਟਾ ਰੇਲ ਗੱਡੀ' ਦੁਆਰਾ ਚਲਾਈ ਜਾਣ ਵਾਲੀ 9 ਦਿਨਾਂ ਧਾਰਮਿਕ ਰੇਲ ਯਾਤਰਾ ਹੈ, ਜੋ 25 ਅਕਤੂਬਰ ਨੂੰ ਅੰਮਿ੍ਤਸਰ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ | ਇਹ ਜਾਣਕਾਰੀ ਆਈ.ਆਰ.ਸੀ.ਟੀ.ਸੀ. ਚੰਡੀਗੜ੍ਹ ਦੇ ਜੁਆਇੰਟ ਜੀ.ਐਮ. ਵੀ.ਐਨ.ਸ਼ੁਕਲਾ ਨੇ ਜਲੰਧਰ ਸਟੇਸ਼ਨ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿੱਤੀ | ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਧਾਰਮਿਕ ਯਾਤਰਾ ਭਾਰਤ ਦੇ ਪ੍ਰਮੁੱਖ ਰਾਸ਼ਟਰੀ ਸਥਾਨਾਂ ਦਾ ਅਨੁਭਵ ਇਕੱਠੇ ਕਰਦੀ ਹੈ | ਉਨ੍ਹਾਂ ਕਿਹਾ ਕਿ ਇਸ ਟਰੇਨ ਦੁਆਰਾ ਯਾਤਰੀ 4 ਮੁੱਖ ਜੋਤਿਰਲਿੰਗਾ ਮੰਦਰਾਂ ਦੇ ਦਰਸ਼ਨ ਦੀਦਾਰੇ ਕਰ ਸਕਣਗੇ | ਜਿਨ੍ਹਾਂ ਵਿਚ ਊਜ ਜੈਨ ਦੇ ਮਹਾਕਲੇਸਵਰ, ਇੰਦੌਰ ਦੇ ਓਮਕਾਰੇਸ਼ਵਰ, ਦਵਾਰਕਾ ਨਾਗੇਸ਼ਵਰ ਅਤੇ ਦੁਵਾਰਕਾਦੀਸ਼, ਵੇਰਾਵਲ -ਸੋਮਨਾਥ ਤੋਂ ਕਵੇਡੀਆ 'ਚ ਸਟੈਚੂ ਆਫ਼ ਯੂਨਿਟੀ ਦੇ ਦਰਸ਼ਨ ਸ਼ਾਮਲ ਹਨ | ਉਨ੍ਹਾਂ ਦੱਸਿਆ ਕਿ ਇਹ ਯਾਤਰਾ 08 ਰਾਤਾਂ ਅਤੇ 09 ਦਿਨਾਂ 'ਚ ਪੂਰੀ ਹੋਵੇਗੀ ਅਤੇ ਇਸ ਦੀ ਰਵਾਨਗੀ 25 ਅਕਤੂਬਰ ਨੂੰ ਅੰਮਿ੍ਤਸਰ ਸਟੇਸ਼ਨ ਤੋਂ ਹੋਵੇਗੀ | ਉਨ੍ਹਾਂ ਦੱਸਿਆ ਕਿ ਇਸ ਯਾਤਰਾ ਲਈ ਯਾਤਰੀਆਂ ਦੀ ਸੁਵਿਧਾ ਅਨੁਸਾਰ ਪੈਕੇਜ ਨੂੰ ਤਿੰਨ ਸ਼ੇ੍ਰਣੀਆਂ 'ਚ ਵੰਡਿਆ ਗਿਆ | ਜਿਸ ਵਿਚ ਸਲੀਪਰ ਕਲਾਸ ਦੀਆਂ 640 ਸੀਟਾਂ ਲਈ 19555, 3ਏ.ਸੀ. ਦੀਆਂ 70 ਸੀਟਾਂ ਲਈ 27815 ਅਤੇ 2ਏ.ਸੀ.ਦੀਆਂ 52 ਸੀਟਾਂ ਲਈ 39410 ਰੁਪਏ ਦਾ ਪੈਕੇਜ ਜੀ.ਐੱਸ.ਟੀ. ਸਮੇਤ ਪਲਾਨ ਕੀਤਾ ਗਿਆ ਹੈ | ਇਸ ਵਿਚ ਯਾਤਰਾ ਦੌਰਾਨ ਆਨ ਬੋਰਡ ਐਸਕਾਰਟ, ਹਾਊਸ ਕੀਪਿੰਗ, ਸੁਰੱਖਿਆ ਅਤੇ ਪੈਰਾ ਮੈਡੀਕਲ ਸਹਾਇਤਾ ਉਪਲਬਧ ਹੋਵੇਗੀ ਅਤੇ ਬੱਸ ਦੁਆਰਾ ਟਰਾਂਸਫ਼ਰ ਅਤੇ ਸਾਇਟਸੀਇੰਗ, ਦੋ/ਤਿੰਨ ਸ਼ੇਅਰਿੰਗ ਦੇ ਆਧਾਰ 'ਤੇ ਆਰਾਮਦਾਇਕ ਰਿਹਾਇਸ਼ ਤੋਂ ਇਲਾਵਾ ਚਾਹ, ਨਾਸ਼ਤਾ,ਦੁਪਹਿਰ ਅਤੇ ਰਾਤ ਦਾ ਖਾਣਾ ਸ਼ਾਮਲ ਹੈ | ਉਨ੍ਹਾਂ ਕਿਹਾ ਕਿ ਇਸ ਯਾਤਰੀ ਲਈ ਸੀਟਾਂ ਸੀਮਤ ਹਨ | ਇਸ ਸੰਬੰਧੀ ਆਈ.ਆਰ.ਸੀ.ਟੀ.ਸੀ ਦੀ ਵੈੱਬਸਾਈਟ ਤੋਂ ਵਧੇਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ |