ਕਿਰਤੀ ਕਿਸਾਨ ਯੂਨੀਅਨ ਨੇ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ
ਅਜੀਤ ਡੈਸਕ
30-08-2025
ਸ੍ਰੀ ਮੁਕਤਸਰ ਸਾਹਿਬ, 29 ਅਗਸਤ (ਰਣਜੀਤ ਸਿੰਘ ਢਿੱਲੋਂ)-ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਵਫ਼ਦ ਡਿਪਟੀ ਕਮਿਸ਼ਨਰ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚਿਆ ਅਤੇ ਤਹਿਸੀਲਦਾਰ ਗੁਰਪ੍ਰੀਤ ਸਿੰਘ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਮੰਗ-ਪੱਤਰ ਸੌਂਪਿਆ, ਜਿਸ 'ਚ ਪੰਜਾਬ 'ਚ ਹੜ੍ਹਾਂ ਨਾਲ ਹੋਏ ਨੁਕਸਾਨ ਤੋਂ ਰਾਹਤ ਦੇਣ ਲਈ ਲੋਕਾਂ ਨੂੰ ਫ਼ੌਰੀ ਆਰਥਿਕ ਸਹਾਇਤਾ ਦੇਣ ਦੀ ਮੰਗ ਕੀਤੀ ਗਈ | ਭੇਜੇ ਮੰਗ-ਪੱਤਰ ਵਿਚ ਫ਼ਸਲਾਂ, ਪਸ਼ੂਆਂ ਤੇ ਮਕਾਨਾਂ ਦੇ ਨੁਕਸਾਨ ਸੰਬੰਧੀ 'ਜਿਨ੍ਹਾਂ ਨੁਕਸਾਨ ਉਨ੍ਹੀਂ ਭਰਪਾਈ' ਦੇ ਤੱਤ ਵਾਲੀ ਬਦਲਵੀਂ ਮੁਆਵਜ਼ਾ ਨੀਤੀ ਲਿਆਉਣ ਦੀ ਮੰਗ ਕੀਤੀ ਗਈ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਮਾਸਟਰ ਜਸਵਿੰਦਰ ਸਿੰਘ ਝਬੇਲਵਾਲੀ ਤੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਲੰਡੇਰੋਡੇ ਨੇ ਕਿਹਾ ਕੇ ਕਿ ਹੜ੍ਹਾਂ ਦੀ ਮਾਰ ਹੇਠ ਆਏ ਇਲਾਕਿਆਂ 'ਚ ਵਿਸ਼ੇਸ਼ ਗਿਰਦਾਵਰੀ ਪ੍ਰਕਿਰਿਆਂ ਬਿਨਾਂ ਕਿਸੇ ਪੱਖਪਾਤ ਤੋਂ ਕੀਤੀ ਜਾਵੇ, ਪਰ ਇਸ ਸਮੇਂ ਲੋਕਾਂ ਨੂੰ ਫ਼ੌਰੀ ਰਾਹਤ ਦੇਣ ਦੀ ਲੋੜ ਹੈ | ਇਸ ਲਈ ਗਿਰਦਾਵਰੀ ਪ੍ਰਕਿਰਿਆ ਦੇ ਮੁਕੰਮਲ ਹੋਣ ਤੋਂ ਪਹਿਲਾ ਹੜ੍ਹਾਂ ਕਾਰਨ ਹੋਈ ਮੌਤ ਦਾ 20 ਲੱਖ ਰੁਪਏ, ਨੁਕਸਾਨੀਆਂ ਫ਼ਸਲਾਂ ਦਾ ਕਿਸਾਨਾਂ ਨੂੰ 50 ਹਜ਼ਾਰ ਪ੍ਰਤੀ ਏਕੜ ਅਤੇ 25 ਹਜ਼ਾਰ ਰੁਪਏ ਪ੍ਰਤੀ ਪਰਿਵਾਰ ਮਜ਼ਦੂਰਾਂ ਸਮੇਤ ਹੋਰ ਤਬਕਿਆਂ ਨੂੰ ਫ਼ੌਰੀ ਰਾਹਤ ਵਜੋਂ ਮੁਹੱਈਆ ਕਰਵਾਇਆ ਜਾਵੇ | ਇਸੇ ਤਰ੍ਹਾਂ ਰੁੜ੍ਹੇ ਜਾਂ ਮਾਰੇ ਗਏ ਪਸ਼ੂਆਂ ਖ਼ਾਸ ਕਰਕੇ ਦੁੱਧ ਦੇਣ ਵਾਲੀਆਂ ਗਊਆਂ ਅਤੇ ਮੱਝਾਂ ਦਾ ਇਕ ਲੱਖ ਰੁਪਏ ਪ੍ਰਤੀ ਪਸ਼ੂ ਅਤੇ ਦੂਜੇ ਛੋਟੇ-ਵੱਡੇ ਪਸ਼ੂਆਂ ਦਾ 20 ਤੋਂ 50 ਹਜ਼ਾਰ ਰੁਪਏ ਫ਼ੌਰੀ ਤੌਰ 'ਤੇ ਦਿੱਤਾ ਜਾਵੇ | ਇਸ ਮੌਕੇ ਜਥੇਦਾਰ ਹਰਪ੍ਰੀਤ ਸਿੰਘ ਝਬੇਲਵਾਲੀ ਤੇ ਜਸਵੀਰ ਸਿੰਘ ਸਰਾਏਨਾਗਾ ਨੇ ਬੋਲਦਿਆਂ ਕਿਹਾ ਕਿ ਇਸ ਸਮੇਂ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ | ਉੱਪਰੋਂ ਹਫ਼ਤਾ ਭਰ ਹੋਰ ਭਾਰੀ ਮੀਂਹ ਦੀ ਚਿਤਾਵਨੀ ਦੇ ਚੱਲਦਿਆਂ ਹਾਲਾਤ ਹੋਰ ਬਦਤਰ ਹੋਣ ਦੀ ਪੂਰੀ ਪੂਰੀ ਸੰਭਾਵਨਾ ਹੈ | ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਨੇ ਨੁਕਸਾਨ ਦੀ ਭਰਪਾਈ ਕਰਨ ਦਾ ਐਲਾਨ ਕੀਤਾ ਹੈ, ਪਰ ਦੋ ਸਾਲ ਪਹਿਲਾਂ ਆਏ ਹੜ੍ਹਾਂ ਦਾ ਹਾਲੇ ਤੱਕ ਲੋਕਾਂ ਨੂੰ ਢੁਕਵਾਂ ਮੁਆਵਜ਼ਾ ਨਹੀਂ ਮਿਲਿਆ | ਇਸ ਮੌਕੇ ਦਵਿੰਦਰ ਸਿੰਘ ਲੁਬਾਣਿਆਂਵਾਲੀ, ਗੁਰਸੇਵਕ ਸਿੰਘ ਸੰਗਰਾਣਾ, ਜਸਵੰਤ ਸਿੰਘ ਡੋਡਾਂਵਾਲੀ ਨੇ ਬੋਲਦਿਆਂ ਕਿਹਾ ਕੇ ਭਵਿੱਖ ਵਿਚ ਹੜ੍ਹਾਂ ਦੀ ਰੋਕਥਾਮ ਲਈ ਦਰਿਆਵਾਂ, ਚੋਆਂ ਅਤੇ ਸੇਮ ਨਾਲਿਆਂ ਦੇ ਬੰਨ੍ਹ ਅਤੇ ਸਫ਼ਾਈ ਸਮੇਤ ਨਹਿਰਾਂ ਦੇ ਕੰਢਿਆਂ ਦੀ ਸਾਂਭ-ਸੰਭਾਲ ਅਤੇ ਮਜ਼ਬੂਤੀ ਲਈ ਵਿਸ਼ੇਸ਼ ਟਾਸਕ ਫੋਰਸ ਬਣਾ ਕੇ ਇਹ ਕੰਮ ਹਰ ਸਾਲ ਬਰਸਾਤ ਤੋਂ ਪਹਿਲਾਂ ਮੁਕੰਮਲ ਕਰਨਾ ਯਕੀਨੀ ਬਣਾਉਣ ਦੀ ਲੋੜ ਹੈ | ਜ਼ਿਲ੍ਹਾ ਸਰਪ੍ਰਸਤ ਮਾਸਟਰ ਬਲਵਿੰਦਰ ਸਿੰਘ ਥਾਂਦੇਵਾਲਾ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਦਾ ਮਸਲਾ ਰਿਪੇਰੀਅਨ ਸਿਧਾਂਤ ਮੁਤਾਬਕ ਹੱਲ ਕਰਕੇ ਹੈੱਡ ਵਰਕਸ ਕੰਟਰੋਲ ਪੰਜਾਬ ਹਵਾਲੇ ਕੀਤਾ ਜਾਵੇ, ਹੈੱਡ ਵਰਕਸਾਂ ਦੀ ਮੁਰੰਮਤ ਤੇ ਸਾਂਭ-ਸੰਭਾਲ ਦਾ ਕਾਰਜ ਹਰ ਸਾਲ ਕੀਤਾ ਜਾਣਾ ਯਕੀਨੀ ਬਣਾਉਣ ਅਤੇ ਦਰਿਆਵਾਂ 'ਚ ਸਾਰਾ ਸਾਲ ਘੱਟੋ-ਘੱਟ ਇਕ ਮਾਤਰਾ 'ਚ ਪਾਣੀ ਦਾ ਵਹਿਣ ਲਾਜ਼ਮੀ ਕੀਤਾ ਜਾਵੇ | ਇਸ ਮੌਕੇ ਭਿੰਦਰ ਸਿੰਘ ਥਾਂਦੇਵਾਲਾ, ਗੁਰਜੀਤ ਸਿੰਘ ਲੁਬਾਣਿਆਂਵਾਲੀ, ਗੁਰਟੇਕ ਸਿੰਘ ਲੰਡੇਰੋਡੇ, ਕਾਮਰੇਡ ਜਸਵਿੰਦਰ ਸਿੰਘ ਭੱਲਾ ਝਬੇਲਵਾਲੀ, ਚਮਕੌਰ ਸਿੰਘ ਤਖ਼ਤਮਲਾਣਾ, ਜਸਪਾਲ ਸਿੰਘ ਚੱਕ ਬਾਜਾ, ਗੁਰਮੀਤ ਸਿੰਘ ਸੰਗਰਾਣਾ, ਸੁਖਦੇਵ ਸਿੰਘ ਸੁੱਖਾ ਝਬੇਲਵਾਲੀ, ਬਿ੍ਜ ਲਾਲ, ਪ੍ਰਗਟ ਸਿੰਘ, ਗੁਰਤੇਜ ਸਿੰਘ, ਨੰਬਰਦਾਰ ਸੁਖਵਿੰਦਰ ਸਿੰਘ, ਪ੍ਰੇਮ ਸਿੰਘ, ਸੇਵਕ ਸਿੰਘ, ਤਾਰ ਸਿੰਘ ਚੋਟੀਆਂ ਆਦਿ ਆਗੂ ਹਾਜ਼ਰ ਸਨ |