ਬੀ. ਡੀ. ਪੀ. ਓ. ਦਾ ਪੁਤਲਾ ਫ਼ੂਕਿਆ
ਸ੍ਰੀ ਮੁਕਤਸਰ ਸਾਹਿਬ, 29 ਅਗਸਤ (ਰਣਜੀਤ ਸਿੰਘ ਢਿੱਲੋਂ)-ਮਨਰੇਗਾ ਵਰਕਰਜ਼ ਯੂਨੀਅਨ ਸ੍ਰੀ ਮੁਕਤਸਰ ਸਾਹਿਬ ਵਲੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੇ ਦਫ਼ਤਰ ਸਾਹਮਣੇ ਧਰਨਾ ਦਿੱਤਾ ਤੇ ਬੀ. ਡੀ. ਪੀ. ਓ. ਦਾ ਪੁਤਲਾ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਸਰਕਾਰ ਵਿਰੁੱਧ ਮਨਰੇਗਾ ਦਾ ਕੰਮ ਬੰਦ ਕਰਨ ਤਹਿਤ ਪਰਿਵਾਰ ਰੋਸ ਰੈਲੀ ਕੀਤੀ ਗਈ ਅਤੇ ਮਜ਼ਦੂਰ ਮੰਗਾਂ ਲਈ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਇਸ ਸਮੇਂ ਮਨਰੇਗਾ ਵਰਕਰ ਯੂਨੀਅਨ ਦੇ ਸੂਬਾ ਆਗੂ ਜਸਵਿੰਦਰ ਸਿੰਘ ਵੱਟੂ, ਆਰ. ਐੱਮ. ਸੀ. ਆਈ. ਦੇ ਜ਼ਿਲ੍ਹਾ ਸਕੱਤਰ ਜਗਜੀਤ ਸਿੰਘ ਜੱਸੇਆਣਾ, ਮਨਰੇਗਾ ਵਰਕਰ ਯੂਨੀਅਨ ਦੇ ਜ਼ਿਲ੍ਹਾ ਪੱਧਰੀ ਆਗੂ ਕਾਰਜ ਸਿੰਘ ਗੂੜ੍ਹੀ ਸੰਘਰ, ਗੁਰਦੀਪ ਸਿੰਘ, ਕਰਨਵੀਰ ਸਿੰਘ ਕਾਨਿਆਂਵਾਲੀ, ਸੁਖਦੇਵ ਸਿੰਘ ਸਾਬਕਾ ਮੈਂਬਰ ਪੰਨੀਵਾਲਾ ਫੱਤਾ ਅਤੇ ਗੁਰਵਿੰਦਰ ਸਿੰਘ ਧੂੜੀਆ ਨੇ ਸੰਬੋਧਨ ਕਰਦਿਆਂ ਮੋਦੀ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਤੇ ਚਿਤਾਵਨੀ ਭਰੇ ਸ਼ਬਦਾਂ ਵਿਚ ਕਿਹਾ ਕਿ ਪੰਜਾਬ ਵਿਚ ਮਨਰੇਗਾ ਦਾ ਕੀਤਾ ਗਿਆ ਕੰਮ ਬੰਦ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਸਗੋਂ ਕੰਮ ਬੰਦ ਕਰਨ ਵਿਰੁੱਧ ਮੋਦੀ ਸਰਕਾਰ ਖ਼ਿਲਾਫ਼ ਜ਼ੋਰਦਾਰ ਸੰਘਰਸ਼ ਆਰੰਭ ਕੀਤਾ ਜਾਵੇਗਾ ਅਤੇ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਲਈ ਦੂਜੀਆਂ ਮਜ਼ਦੂਰ ਜਥੇਬੰਦੀਆਂ ਨਾਲ ਸਾਂਝਾ ਮੋਰਚਾ ਬਣਾ ਕੇ ਮਹਿਮ ਨੂੰ ਤੇਜ਼ ਕੀਤਾ ਜਾਵੇਗਾ | ਉਕਤ ਆਗੂਆਂ ਨੇ ਮਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ 100 ਦਿਨ ਦੀ ਬਜਾਏ ਮਜ਼ਦੂਰਾਂ ਨੂੰ 365 ਦਿਨ ਹਰ ਹਾਲ 'ਚ ਕੰਮ ਸਾਰੇ ਪਰਿਵਾਰ ਕੰਮ ਮਿਲਣਾ ਚਾਹੀਦਾ ਹੈ, ਕੰਮ ਨਹੀਂ ਤਾਂ ਪੌਣੀ ਦਿਹਾੜੀ ਦਾ ਬੇਰੁਜ਼ਗਾਰੀ ਭੱਤਾ ਮਿਲਣਾ ਚਾਹੀਦਾ ਹੈ ਤੇ ਜਿੱਥੇ ਮਜ਼ਦੂਰ ਕੰਮ ਕਰਦੇ ਹਨ, ਉੱਥੇ ਹੀ ਮਜ਼ਦੂਰਾਂ ਦੀ ਹਾਜ਼ਰੀ ਲਾਉਣੀ ਚਾਹੀਦੀ ਹੈ, ਮਨਰੇਗਾ ਵਿਚ ਪਿੰਡਾਂ ਦੇ ਸਿਆਸੀ ਚੌਧਰੀਆਂ ਦੀ ਦਖ਼ਲਅੰਦਾਜ਼ੀ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਇਸ ਨੂੰ ਸਰਕਾਰ ਬੰਦ ਕਰਵਾਏ | ਇਸ ਤਰ੍ਹਾਂ ਮਨਰੇਗਾ ਮਜ਼ਦੂਰਾਂ ਨੂੰ ਡਾਕਟਰ ਸਹੂਲਤਾਂ, ਪੀਣ ਵਾਲਾ ਪਾਣੀ ਅਤੇ ਕੰਮ ਕਰਨ ਵਾਲੇ ਸੰਦ ਵਗੈਰਾ ਜ਼ਰੂਰ ਦਿੱਤੇ ਜਾਣੇ ਚਾਹੀਦੇ ਹਨ | ਅੰਤ ਵਿਚ ਮੰਗ-ਪੱਤਰ ਸੌਂਪਿਆ ਗਿਆ ਤੇ ਕਿਹਾ ਗਿਆ ਕਿ ਮਨਰੇਗਾ ਦਾ ਹੱਕ ਖੋਹਣ ਵਾਲੀਆਂ ਸਰਕਾਰਾਂ ਦਾ ਪਿੰਡ-ਪਿੰਡ ਵਿਰੋਧ ਕੀਤਾ ਜਾਵੇਗਾ |
ਮਨਰੇਗਾ ਵਰਕਰਜ਼ ਯੂਨੀਅਨ ਵਲੋਂ ਏ. ਡੀ. ਸੀ. ਦਫ਼ਤਰ ਅੱਗੇ ਰੋਸ ਧਰਨਾ
ਅਜੀਤ ਡੈਸਕ
30-08-2025