ਭੀਖੀ, 20 ਸਤੰਬਰ (ਬਲਕਾਰ ਸਿੰਘ ਸਹੋਤਾ)- ਸੁਪਰੀਮ ਕੋਰਟ ਵਲੋਂ ਸਰਦੀਆਂ ਵਿਚ ਹਵਾ ਪ੍ਰਦੂਸ਼ਣ ਦਾ ਪੱਧਰ ਆਮ ਨਾਲੋਂ ਵਧਣ ਅਤੇ ਹਵਾ ਗੁਣਵੱਤਾ ਵਿਚ ਕਮੀ ਆਉਣ 'ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਗਿ੍ਫ਼ਤਾਰ ਕਿੳਾੁ ਨਹੀਂ ਕੀਤਾ ਜਾਂਦਾ, ਨੂੰ ਲੈ ਕੇ ਜਿੱਥੇ ਵੱਖ-ਵੱਖ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਹਨ ਕਿ ਹਵਾ ਪ੍ਰਦੂਸ਼ਣ ਦਾ ਕਾਰਨ ਇਕੱਲਾ ਪਰਾਲੀ ਨੂੰ ਸਾੜਨਾ ਹੀ ਨਹੀਂ ਬਲਕਿ ਇਸ ਦੇ ਹੋਰ ਵੀ ਅਨੇਕਾਂ ਕਾਰਨ ਹਨ ਪਰ ਨਿਸ਼ਾਨਾ ਸਿਰਫ਼ ਪੰਜਾਬ ਦੇ ਕਿਸਾਨਾਂ ਨੂੰ ਹੀ ਬਣਾਇਆ ਜਾਂਦਾ ਹੈ | ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਗੁਰਨਾਮ ਸਿੰਘ ਭੀਖੀ, ਕਿਸਾਨ ਬਹਾਦਰ ਸਿੰਘ ਭੀਖੀ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਜਿੱਥੇ ਝੋਨੇ ਦੀ ਫ਼ਸਲ ਦਾ ਝਾੜ ਤਾਂ ਘਟੇਗਾ ਹੀ ਉੱਥੇ ਝੋਨੇ ਦੇ ਕੱਦ ਵਿਚ ਬੇਕਿਆਸਾ ਵਾਧਾ ਹੋਇਆ ਹੈ ਅਤੇ ਕਈ ਕਿਸਮਾਂ ਦਾ ਕੱਦ ਤਾਂ 5 ਫੁੱਟ ਤੋਂ ਵੀ ਵਧ ਚੁੱਕਾ ਹੈ | ਇਸ ਵਾਰ ਪਰਾਲੀ ਦੀ ਸਮੱਸਿਆ ਹੋਰ ਵਧੇਗੀ ਅਤੇ ਪਰਾਲੀ ਨੂੰ ਟਿਕਾਣੇ ਲਾਉਣ ਲਈ ਵੱਡੀ ਦਿੱਕਤ ਪੇਸ਼ ਆਵੇਗੀ | ਖੇਤੀਬਾੜੀ ਵਿਭਾਗ ਨੂੰ ਪਰਾਲੀ ਪ੍ਰਬੰਧਨ ਲਈ ਵਿਸ਼ੇਸ਼ ਯਤਨ ਕਰਨੇ ਪੈਣਗੇ | ਉਨ੍ਹਾਂ ਕਿਹਾ ਕਿ ਪਰਾਲੀ ਦੇ ਨਿਪਟਾਰੇ ਲਈ ਕੇਂਦਰ ਅਤੇ ਸੂਬਾ ਸਰਕਾਰ ਆਪਣੇ ਫ਼ਰਜ਼ਾਂ ਤੋਂ ਭੱਜ ਹੀ ਨਹੀਂ ਰਹੀ ਬਲਕਿ ਇਸ ਪਰਾਲੀ ਦੀ ਸਮੱਸਿਆ ਦੇ ਹੱਲ ਲਈ ਸਬਸਿਡੀਆਂ ਦੇ ਨਾਂਅ 'ਤੇ ਕਾਰਖ਼ਾਨੇਦਾਰ ਅਤੇ ਅਫਸ਼ਾਹੀ ਵੱਡੀਆਂ ਲੁੱਟਾਂ ਕਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਝੋਨੇ ਦਾ ਮੁੱਲ ਪਹਿਲਾਂ ਹੀ ਘੱਟ ਮਿਲ ਰਿਹਾ ਹੈ | ਛੋਟੇ ਕਿਸਾਨਾਂ ਲਈ ਆਪਣੇ ਪੱਧਰ 'ਤੇ ਪਰਾਲੀ ਨੂੰ ਖਪਾਉਣਾ ਅਸੰਭਵ ਹੈ | ਉੱਧਰ ਬਲਾਕ ਖੇਤੀਬਾੜੀ ਅਫ਼ਸਰ ਹਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਵਿਭਾਗ ਪਰਾਲੀ ਦੀ ਸਮੱਸਿਆ ਦੇ ਹੱਲ ਲਈ ਹੁਣੇ ਤੋਂ ਹੀ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ ਪ੍ਰਤੀ ਕਿਸਾਨ ਪਹਿਲਾਂ ਨਾਲੋਂ ਜ਼ਿਆਦਾ ਜਾਗਰੂਕ ਹੈ |