ਬਠਿੰਡਾ, 20 ਸਤੰਬਰ (ਪੱਤਰ ਪ੍ਰੇਰਕ)- ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਚ ਉਸ ਸਮੇਂ ਫਿਰ ਹੰਗਾਮਾ ਹੋ ਗਿਆ ਜਦੋਂ ਸਕੂਲ 'ਚ ਹੋਈਆਂ ਬੇਨਿਯਮੀਆਂ ਧਾਂਦਲੀਆਂ ਦੀ ਪੜਤਾਲ ਕਰਨ ਲਈ ਪੜਤਾਲੀਆ ਤਿੰਨ ਮੈਂਬਰੀ ਕਮੇਟੀ ਸਕੂਲ 'ਚ ਪਹੁੰਚ ਗਈ | ਖ਼ਾਲਸਾ ਸਕੂਲ ਦੀ ਪ੍ਰਬੰਧਕ ਕਮੇਟੀ ਨੂੰ ਸਕੂਲ ਸਟਾਫ਼ ਵਲੋਂ ਸਕੂਲ ਦੇ ਅੰਦਰ ਆਉਣ ਤੋਂ ਰੋਕਣ ਲਈ ਬਕਾਇਦਾ ਗੇਟ ਬੰਦ ਕਰ ਦਿੱਤਾ ਗਿਆ | ਜਦੋਂ ਇਸ ਮਾਮਲੇ ਦੀ ਕਵਰੇਜ ਕਰਨ ਲਈ ਮੀਡੀਆ ਸਕੂਲ 'ਚ ਗਿਆ ਤਾਂ ਸਕੂਲ ਦੀਆਂ ਅਧਿਆਪਕਾਂ ਨੇ ਮੀਡੀਆ ਨਾਲ ਵੀ ਦੁਰਵਿਹਾਰ ਕੀਤਾ ਗਿਆ | ਇਸ ਮੌਕੇ ਪੜਤਾਲ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਬਰਾੜ, ਗੋਬਿੰਦਰ ਸਿੰਘ ਅਤੇ ਮਾਸਟਰ ਮਾਨ ਸਿੰਘ ਨੇ ਦੋਸ਼ ਲਗਾਏ ਕਿ ਉਨ੍ਹਾਂ ਨੂੰ ਪਤਾ ਲੱਗਿਆ ਹੈ, ਕਿ ਸਕੂਲ ਅੰਦਰ ਬੇਨਿਯਮੀਆਂ ਧਾਂਦਲੀਆਂ ਹੋਈਆਂ ਹਨ | ਇਸ ਲਈ ਖ਼ਾਲਸਾ ਸਕੂਲ ਦੀ ਪੜਤਾਲ ਕਰਨ ਲਈ ਬਕਾਇਦਾ ਤਿੰਨ ਮੈਂਬਰੀ ਪੜਤਾਲੀਆ ਕਮੇਟੀ ਬਣਾਈ ਗਈ ਹੈ | ਅੱਜ ਜਦੋਂ ਉਹ ਸਕੂਲ ਵਿਚ ਜਗਤਾਰ ਸਿੰਘ ਤੋਂ ਪੱਖ ਜਾਣਨ ਅਤੇ ਪੜਤਾਲ ਕਰਨ ਲਈ ਸਕੂਲ ਵਿਚ ਪਹੁੰਚੇ ਸੀ, ਪਰ ਸਕੂਲ ਦੇ ਸਟਾਫ਼ ਮੈਂਬਰਾਂ ਨੇ ਉਨ੍ਹਾਂ ਨਾਲ ਦੁਰਵਿਹਾਰ ਕੀਤਾ ਗਿਆ | ਮਾਸਟਰ ਮਾਨ ਸਿੰਘ ਨੇ ਦੱਸਿਆ ਕਿ ਜਗਤਾਰ ਸਿੰਘ ਨੇ ਪੜਤਾਲੀਆ ਕਮੇਟੀ ਨੂੰ ਸਹਿਯੋਗ ਦੇਣ ਦੀ ਬਜਾਏ ਅਧਿਆਪਕਾਂ ਤੋਂ ਮੁਰਦਾਬਾਦ ਦੇ ਨਾਅਰੇ ਲਗਵਾ ਕੇ ਕਮਰਿਆਂ ਨੂੰ ਤਾਲੇ ਲਗਾਏ ਹਨ | ਖ਼ਾਲਸਾ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਭਗਤ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਸਕੂਲ ਦੇ ਪਿ੍ੰਸੀਪਲ ਜਗਤਾਰ ਸਿੰਘ ਨੂੰ ਸਸਪੈਂਡ ਕੀਤਾ ਗਿਆ ਹੈ, ਪਰ ਉਹ ਰਜਿਸਟਰ 'ਤੇ ਆਪਣੀ ਹਾਜ਼ਰੀ ਲਗਾ ਰਿਹਾ ਹੈ | ਇਸੇ ਤਰ੍ਹਾਂ ਬਲਜੀਤ ਕੌਰ ਜੋ ਕਿ ਸਕੂਲ 'ਚ ਆਰਜ਼ੀ ਕਲਰਕ ਸੀ, ਦੀਆਂ ਸੇਵਾਵਾਂ ਵੀ ਖ਼ਤਮ ਕਰ ਦਿੱਤੀਆਂ ਗਈਆਂ ਹਨ | ਫਿਰ ਵੀ ਇਨ੍ਹਾਂ ਦੋਵਾਂ ਵਲੋਂ ਸਕੂਲ ਵਿਚ ਆ ਕੇ ਦਖ਼ਲ-ਅੰਦਾਜ਼ੀ ਕੀਤੀ ਜਾ ਰਹੀ ਹੈ | ਉੱਧਰ ਇਸ ਮਾਮਲੇ ਸਬੰਧੀ ਸਕੂਲ ਦੇ ਪਿ੍ੰਸੀਪਲ ਜਗਤਾਰ ਸਿੰਘ ਦਾ ਕਹਿਣਾ ਸੀ ਇਹ ਜਾਅਲੀ ਕਮੇਟੀ ਹੈ, ਉਨ੍ਹਾਂ ਦੀ ਪੜਤਾਲ ਜ਼ਿਲ੍ਹਾ ਪ੍ਰਸ਼ਾਸਨ ਕੋਲ ਚੱਲ ਰਹੀ ਹੈ, ਪਰ ਕਈ ਲੋਕ ਜਾਣ-ਬੁੱਝ ਕੇ ਗੁੰਡਾਗਰਦੀ ਕਰ ਰਹੇ ਹਨ | ਉਨ੍ਹਾਂ ਨੇ ਆਪਣੇ ਉਪਰ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਗਿਆ ਹੈ | ਜਦੋਂ ਸਕੂਲ ਦੇ ਅਧਿਆਪਕਾਂ ਵਲੋਂ ਮੀਡੀਆ ਨਾਲ ਦੁਰਵਿਹਾਰ ਸਬੰਧੀ ਪਿੰ੍ਰਸੀਪਲ ਜਗਤਾਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੇਕਰ ਕੋਈ ਅਧਿਆਪਕ ਨੇ ਮੀਡੀਆ ਨੂੰ ਗਲਤ ਬੋਲਿਆ ਹੈ, ਤਾਂ ਉਹ ਮੁਆਫ਼ੀ ਮੰਗਦਾ ਹੈ |