ਸੁਲਤਾਨਪੁਰ ਲੋਧੀ, 29 ਅਗਸਤ (ਨਰੇਸ਼ ਹੈਪੀ)-ਮੰਡ ਇਲਾਕੇ ਵਿੱਚ ਆਏ ਹੜ੍ਹ ਦਾ ਪਾਣੀ ਥੋੜ੍ਹਾ ਜਿਹਾ ਘੱਟ ਹੋਣ ਨਾਲ ਲੋਕਾਂ ਨੂੰ ਉਮੀਦ ਬੱਝੀ ਹੈ ਕਿ ਸ਼ਾਇਦ ਆਉਣ ਵਾਲੇ ਦਿਨਾਂ ਵਿੱਚ ਪਾਣੀ ਹੋ ਘੱਟ ਹੋ ਜਾਵੇਗਾ | ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅੱਜ ਸਾਰਾ ਦਿਨ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਜਾ ਕੇ ਪਾਣੀ ਵਿੱਚ ਫਸੇ ਪਰਿਵਾਰਾਂ ਨੂੰ ਪ੍ਰਸ਼ਾਦੇ ਵੰਡਣ ਲਈ ਘਰ-ਘਰ ਗਏ | ਸੇਵਾਦਾਰਾਂ ਨੇ ਦੱਸਿਆ ਕਿ ਸੰਤ ਸੀਚੇਵਾਲ ਸਵੇਰੇ ਸਾਢੇ ਅੱਠ ਵਜੇ ਦੇ ਕਰੀਬ ਕਿਸ਼ਤੀ ਰਾਹੀ ਪਿੰਡਾਂ ਅਤੇ ਡੇਰਿਆਂ ਵਿੱਚ ਬੈਠੇ ਲੋਕਾਂ ਦੀ ਸਹਾਇਤਾ ਲਈ ਨਿਕਲ ਜਾਂਦੇ ਹਨ | ਬਾਊਪੁਰ ਕਦੀਮ, ਸਾਂਗਰਾ ਅਤੇ ਰਾਮਪੁਰ ਗੌਰਾ ਅਤੇ ਬਾਊਪੁਰ ਜਦੀਦ ਪਿੰਡਾਂ ਵਿੱਚ ਦੂਰ ਦੁਰਾਡੇ ਖੇਤਾਂ ਵਿੱਚ ਬੈਠੇ ਲੋਕਾਂ ਦੇ ਘਰਾਂ ਵਿੱਚ ਆਵਾਜ਼ਾਂ ਮਾਰ-ਮਾਰ ਕੇ ਪ੍ਰਸ਼ਾਦੇ ਛਕਾਏ | ਬਹੁਤ ਸਾਰੇ ਪਰਿਵਾਰ ਆਪਣਾ ਘਰ ਬਾਰ ਤੇ ਖੇਤੀ ਦੇ ਸੰਦ ਉਂਝ ਹੀ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਚਲੇ ਗਏ ਹਨ | ਇੰਨ੍ਹਾਂ ਖਾਲੀ ਘਰਾਂ ਵਿੱਚ ਕੁੱਤੇ ਰਾਖੀ ਕਰ ਰਹੇ ਹਨ | ਸੰਤ ਸੀਚੇਵਾਲ ਦੀ ਟੀਮ ਇੰਨ੍ਹਾਂ ਘਰਾਂ ਦੇ ਰੱਖਵਾਲੇ ਕੁੱਤਿਆਂ ਨੂੰ ਦੋ ਤਿੰਨ ਟਾਇਮ ਖਾਣਾ ਪਾ ਕੇ ਆਉਂਦੇ ਹਨ | ਰਾਮਪੁਰ ਗੌਰਾ ਦੇ ਇੱਕ ਪਰਿਵਾਰ ਦੇ ਘਰ ਨੂੰ ਬਿਆਸ ਦਰਿਆ ਵੱਲੋਂ ਲਾਈ ਗਈ ਜ਼ਬਰਦਸਤ ਢਾਹ ਨੇ ਬੁਰੀ ਤਰ੍ਹਾਂ ਨਾਲ ਉਖਾੜ ਦਿੱਤਾ ਹੈ, ਜਿਸ ਕਾਰਨ ਘਰ ਦਾ ਇੱਕ ਹਿੱਸਾ ਪਾਣੀ ਵਿੱਚ ਵਹਿ ਗਿਆ ਤੇ ਬਾਕੀ ਘਰ ਨੂੰ ਵੱਡੀਆਂ ਤਰੇੜਾਂ ਆ ਗਈਆਂ ਹਨ | ਪੀੜਤ ਪਰਿਵਾਰ ਦੇ ਮੈਂਬਰ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਬੱਚਿਆਂ ਅਤੇ ਪਸ਼ੂਆਂ ਨੂੰ ਤਾਂ ਪਹਿਲਾਂ ਹੀ ਬਾਹਰ ਕੱਢ ਲਿਆ ਸੀ ਪਰ ਘਰ ਦਾ ਸਾਰਾ ਸਮਾਨ ਕਿਸੇ ਵੀ ਦੂਜੀ ਥਾਂ 'ਤੇ ਸ਼ਿਫਟ ਕਰਨਾ ਬੜਾ ਔਖਾ ਹੁੰਦਾ ਹੈ ਪਰ ਦਰਿਆ ਵੱਲੋਂ ਘਰ ਨੂੰ ਲਾਈ ਢਾਹ ਨੇ ਸਾਰਾ ਕੁਝ ਤਹਿਸ - ਨਹਿਸ ਕਰਕੇ ਰੱਖ ਦਿੱਤਾ | ਇਸ ਘਰ ਦਾ ਸਮਾਨ ਕੱਢਣ ਲਈ ਸੰਤ ਸੀਚੇਵਾਲ ਦੀ ਟੀਮ ਨੇ ਕਿਸ਼ਤੀਆਂ ਵਿੱਚ ਸਮਾਨ ਲੱਦ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਦਾ ਕੀਤਾ | ਇਸ ਵਿੱਚ ਮਦਦ ਕਰਨ ਲਈ ਇਲਾਕੇ ਦੇ ਹੋਰ ਲੋਕਾਂ ਨੇ ਵੀ ਹੱਥ ਵੰਡਾਇਆ | ਸੰਤ ਸੀਚੇਵਾਲ ਨੇ ਤੀਜੇ ਦਿਨ ਵੀ ਲੋੜਵੰਦਾਂ ਨੂੰ ਤਰਪਾਲਾਂ ਅਤੇ ਲੋੜੀਂਦਾ ਸਮਾਨ ਉਨ੍ਹਾਂ ਤੱਕ ਪਹੁੰਚਦਾ ਕੀਤਾ |