ਨਡਾਲਾ, 29 ਅਗਸਤ (ਰਘਬਿੰਦਰ ਸਿੰਘ)-ਭੁਲੱਥ ਦੇ ਹੜ੍ਹ ਪ੍ਰਭਾਵਿਤ ਮੰਡ ਖੇਤਰ ਤਲਵੰਡੀ ਕੂਕਾ, ਮੰਡ ਕਮਾਲਪੁਰ, ਮੰਡ ਰਾਵਾਂ, ਮੰਡ ਧੱਕੜਾਂ ਅਤੇ ਮੰਡ ਡੋਗਰਾਂਵਾਲ ਵਿਖੇ ਲੋਕਾਂ ਨੂੰ ਪ੍ਰਸ਼ਾਸਨ ਵਲੋਂ ਕਿਸ਼ਤੀਆਂ ਰਾਹੀਂ ਸੁੱਕਾ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ 24 ਘੰਟੇ ਰਾਹਤ ਕਾਰਜਾਂ ਵਿਚ ਲੱਗੀਆਂ ਹੋਈਆਂ ਹਨ ਤੇ ਲੋਕਾਂ ਨੂੰ ਕਿਸ਼ਤੀਆਂ ਰਾਹੀਂ ਹਰ ਜ਼ਰੂਰ ਸਾਮਾਨ ਤੇ ਸੁੱਕਾ ਰਾਸ਼ਨ ਪੁੱਜਦਾ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਲਗਾਤਾਰ ਪੈ ਰਹੇ ਮੀਂਹ ਕਾਰਨ ਬਿਆਸ ਦਰਿਆ ਵਿਚ ਵਧ ਰਹੇ ਪਾਣੀ ਪੱਧਰ ਨੂੰ ਮੁੱਖ ਰੱਖਦਿਆਂ ਲੋਕਾਂ ਨੂੰ ਅਪੀਲ ਹੈ ਕਿ ਉਹ ਪ੍ਰਸ਼ਾਸਨ ਵਲੋਂ ਬਣਾਏ ਗਏ ਰਾਹਤ ਕੈਂਪਾਂ ਵਿਚ ਆ ਕੇ ਰਹਿਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਜਾਨੀ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ | ਉਨ੍ਹਾਂ ਦੱਸਿਆ ਕਿ ਢਿਲਵਾਂ ਖੇਤਰ ਦੇ ਲੋਕਾਂ ਲਈ ਮੰਡ ਕੂਕਾ ਵਿਖੇ ਰਾਹਤ ਕੈਂਪ ਬਣਾਇਆ ਗਿਆ,ਜਿੱਥੇ ਲੋਕਾਂ ਦੇ ਲਈ ਹਰ ਲੋੜੀਂਦੀ ਸਹੂਲਤ ਉਪਲਬਧ ਹੈ |