ਸੁਲਤਾਨਪੁਰ ਲੋਧੀ, 30 ਅਗਸਤ (ਨਰੇਸ਼ ਹੈਪੀ, ਥਿੰਦ)- ਵਾਹਿਗੁਰੂ ਅਕੈਡਮੀ ਸੁਲਤਾਨਪੁਰ ਲੋਧੀ ਤੇ ਐਂਟੀ ਡਰੱਗ ਕਲੱਬ ਵੱਲੋਂ ਹੜ੍ਹ ਪ੍ਰਭਾਵਿਤ ਇਲਾਕੇ ਦੇ ਐਡਵਾਂਸ ਬੰਨ੍ਹ ਮਜ਼ਬੂਤ ਕਰਨ ਲਈ ਮਿੱਟੀ ਦੀ ਸੇਵਾ ਜਾਰੀ ਹੈ | ਇਸ ਸਬੰਧੀ ਮਿੱਟੀ ਦੀਆਂ ਭਰੀਆਂ ਟਰਾਲੀਆਂ ਰਵਾਨਾ ਕਰਨ ਸਮੇਂ ਵਾਹਿਗੁਰੂ ਅਕੈਡਮੀ ਦੇ ਗਗਨਦੀਪ ਸਿੰਘ, ਨਵਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਸੋਨਾ ਨੇ ਦੱਸਿਆ ਕਿ ਜ਼ਿਲ੍ਹਾ ਕਪੂਰਥਲਾ ਦੇ ਖੇਤਰਾਂ ਤੋਂ ਇਲਾਵਾ ਹਲਕਾ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਦਰਿਆ ਬਿਆਸ ਦੇ ਦੋਵੇਂ ਪਾਸਿਓ ਘਿਰੇ ਹੋਏ ਵਿਚਕਾਰ ਵੱਸਦੇ ਟਾਪੂਨੁਮਾ ਪਿੰਡ ਬਾਊਪੁਰ ਤੇ ਹੋਰ ਛੋਟੇ ਪਿੰਡਾਂ 'ਚ ਪਿਛਲੇ ਤਕਰੀਬਨ 20 ਦਿਨਾਂ ਤੋਂ ਪਾਣੀ ਭਰਿਆ ਹੋਇਆ ਹੈ ਜਿਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਦੀ ਦੇਖ-ਰੇਖ ਹੇਠਾਂ ਇਲਾਕੇ ਦੇ ਹੜ੍ਹ ਪੀੜਤ ਪਰਿਵਾਰਾਂ ਦੀ ਲਗਾਤਾਰ ਮਦਦ ਕੀਤੀ ਜਾ ਰਹੀ ਹੈ ਤੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੰਤ ਬਲਬੀਰ ਸਿੰਘ ਸੀਚੇਵਾਲ, ਸੰਤ ਬਾਬਾ ਸੁੱਖਾ ਸਿੰਘ ਸਰਹਾਲੀ ਸਾਹਿਬ, ਸੰਤ ਬਾਬਾ ਅਵਤਾਰ ਸਿੰਘ ਬਾਬਾ ਬਿਧੀ ਚੰਦ ਦਲ ਸੰਪਰਦਾਇ, ਗੁਰਦੁਆਰਾ ਸ੍ਰੀ ਬੇਰ ਸਾਹਿਬ ਡਰ ਜੀ, ਬੇਬੇ ਨਾਨਕੀ ਟਰੱਸਟ, ਬਾਬਾ ਜਸਪਾਲ ਸਿੰਘ ਨੀਲਾ ਤੇ ਹੋਰ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਤੇ ਹੋਰ ਰਾਜਨੀਤਕ ਤੇ ਸਮਾਜ ਸੇਵੀ ਆਗੂ ਹੜ੍ਹ ਪੀੜਤ ਲੋਕਾਂ ਦੀ ਮਦਦ ਕਰ ਰਹੇ ਹਨ ਜੋ ਕਿ ਸ਼ਲਾਘਾਯੋਗ ਕਾਰਜ ਹੈ | ਉਨ੍ਹਾਂ ਦੱਸਿਆ ਕਿ ਜਿਹੜੇ ਆਰਜੀ ਬੰਨ੍ਹ ਟੁੱਟ ਚੁੱਕੇ ਹਨ, ਉਨ੍ਹਾਂ ਨੂੰ ਦੋਬਾਰਾ ਬਣਾਉਣ ਲਈ ਕਿਸਾਨਾਂ ਨੂੰ ਮਿੱਟੀ ਤੇ ਖਾਲੀ ਬੋਰਿਆਂ ਦੀ ਵੱਧ ਜ਼ਰੂਰਤ ਪਵੇਗੀ |