23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਅਮਰੀਕਾ ਨੇ 20 ਅਰਬ ਡਾਲਰ ਦੇ ਕੈਨੇਡੀਅਨ ਉਤਪਾਦਾਂ ’ਤੇ ਲਗਾਇਆ 50 ਫ਼ੀਸਦੀ ਟੈਰਿਫ

ਸਤਪਾਲ ਸਿੰਘ ਜੌਹਲ ਟੋਰਾਂਟੋ, 22 ਅਗਸਤ -ਕੈਨੇਡਾ ਤੇ ਅਮਰੀਕਾ ਦੇ ਉੱਚ ਪੱਧਰੀ ਸਰਕਾਰੀ ਨੁਮਾਇੰਦਿਆਂ ਵਿਚਕਾਰ ਵਪਾਰ ਸਮਝੌਤੇ ’ਤੇ ਚੱਲ ਰਹੀ ਗੱਲਬਾਤ ਬੀਤੀ ਰਾਤ ਅਚਾਨਕ ਬੰਦ ਕਰ ਦਿੱਤੀ ਗਈ। ਗੱਲਬਾਤ ਟੁੱਟਣ ਤੋਂ ਤੁਰੰਤ ਬਾਅਦ ਅਮਰੀਕਾ ਵਲੋਂ ਕੈਨੇਡੀਅਨ ਵਸਤਾਂ ’ਤੇ 50 ਫ਼ੀਸਦੀ ਨਵੇਂ ਟੈਰਿਫ਼ ਲਾਗੂ ਕਰ ਦਿੱਤੇ ਗਏ, ਜੋ ...

ਅਜੀਤ ਡੈਸਕ 23-08-2026
ਸਤਪਾਲ ਸਿੰਘ ਜੌਹਲ
ਟੋਰਾਂਟੋ, 22 ਅਗਸਤ -ਕੈਨੇਡਾ ਤੇ ਅਮਰੀਕਾ ਦੇ ਉੱਚ ਪੱਧਰੀ ਸਰਕਾਰੀ ਨੁਮਾਇੰਦਿਆਂ ਵਿਚਕਾਰ ਵਪਾਰ ਸਮਝੌਤੇ ’ਤੇ ਚੱਲ ਰਹੀ ਗੱਲਬਾਤ ਬੀਤੀ ਰਾਤ ਅਚਾਨਕ ਬੰਦ ਕਰ ਦਿੱਤੀ ਗਈ। ਗੱਲਬਾਤ ਟੁੱਟਣ ਤੋਂ ਤੁਰੰਤ ਬਾਅਦ ਅਮਰੀਕਾ ਵਲੋਂ ਕੈਨੇਡੀਅਨ ਵਸਤਾਂ ’ਤੇ 50 ਫ਼ੀਸਦੀ ਨਵੇਂ ਟੈਰਿਫ਼ ਲਾਗੂ ਕਰ ਦਿੱਤੇ ਗਏ, ਜੋ ਲਗਭਗ 20 ਤੋਂ 28 ਅਰਬ ਡਾਲਰ ਤੱਕ ਦੇ ਬਰਾਮਦ ਨੂੰ ਸਿੱਧਾ ਪ੍ਰਭਾਵਿਤ ਕਰ ਸਕਦੇ ਹਨ। ਅਮਰੀਕਾ ਵਲੋਂ ਕੈਨੇਡਾ ਵਿਚ ਉਦਯੋਗਾਂ ਦੇ ਸਾਮਾਨ ਉੱਪਰ ਲੱਕ ਤੋੜਵੇਂ ਟੈਰਿਫ ਲਾਗੂ ਕਰਨ ਤੋਂ ਬਾਅਦ ਕੈਨੇਡਾ ਸਰਕਾਰ ਨੇ ਵੀ ਪ੍ਰਤੀਕਿਰਿਆ ਦੇ ਤੌਰ ’ਤੇ ਅਮਰੀਕੀ ਵਸਤਾਂ ਉੱਪਰ ਬਰਾਬਰ ਦੇ ਟੈਰਿਫ ਲਾਗੂ ਕਰਨ ਦਾ ਐਲਾਨ ਕੀਤਾ ਹੈ।  ਪਿਛਲੇ ਕੁਝ ਹਫ਼ਤਿਆਂ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੈਨੇਡੀਅਨ ਉਤਪਾਦਾਂ ’ਤੇ 50 ਫ਼ੀਸਦ ਟੈਰਿਫ਼ ਲਗਾਉਣ ਦੀ ਧਮਕੀ ਦੇ ਰਹੇ ਸਨ, ਜਿਸ ਨੂੰ ਰੋਕਣ ਲਈ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੇ ਗੱਲਬਾਤ ਸ਼ੁਰੂ ਕੀਤੀ ਸੀ। ਤਿੰਨ ਦਿਨ ਪਹਿਲਾਂ ਟਰੰਪ ਨੇ ਸੰਕੇਤ ਦਿੱਤਾ ਸੀ ਕਿ ਸਮਝੌਤਾ ਹੋ ਗਿਆ ਹੈ, ਪਰ ਕੈਨੇਡਾ ਸਰਕਾਰ ਨੇ ਸਪੱਸ਼ਟ ਕੀਤਾ ਸੀ ਕਿ ਕਾਨੂੰਨੀ ਭਾਸ਼ਾ ਤੇ ਅੰਤਿਮ ਸ਼ਰਤਾਂ ’ਤੇ ਅਜੇ ਕੰਮ ਜਾਰੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਅਮਰੀਕਾ ਨੇ ਆਖ਼ਰੀ ਪਲ ’ਤੇ ਸਮਝੌਤੇ ਦੀਆਂ ਸ਼ਰਤਾਂ ਬਦਲ ਦਿੱਤੀਆਂ, ਜੋ ਕੈਨੇਡਾ ਲਈ ਆਰਥਿਕ ਤੌਰ ’ਤੇ ਮੰਨਣਯੋਗ ਨਹੀਂ ਸਨ। ਅਜਿਹੇ ’ਚ ਕਾਰਨੀ ਨੇ ਵਾਸ਼ਿੰਗਟਨ ਭੇਜੇ ਆਪਣੇ ਨੁਮਾਇੰਦਿਆਂ ਨੂੰ ਤੁਰੰਤ ਵਾਪਸ ਰਾਜਧਾਨੀ ਓਟਾਵਾ ਬੁਲਾ ਲਿਆ ਤੇ ਗੱਲਬਾਤ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ।  ਮਾਰਕ ਕਾਰਨੀ ਨੇ ਕਿਹਾ ਕਿ ਕੈਨੇਡਾ ਕਿਸੇ ਵੀ ਕੀਮਤ ’ਤੇ ਅਜਿਹਾ ਸਮਝੌਤਾ ਨਹੀਂ ਕਰੇਗਾ, ਜੋ ਦੇਸ਼ ਦੇ ਹਿੱਤਾਂ ਦੀ ਰੱਖਿਆ ਨਾ ਕਰਦਾ ਹੋਵੇ। ਗੌਰਤਲਬ ਹੈ ਕਿ ਅਮਰੀਕਾ ਵਲੋਂ ਲਗਾਏ ਗਏ 50 ਫ਼ੀਸਦ ਟੈਰਿਫ਼ ਕੈਨੇਡਾ ਲਈ ਵੱਡਾ ਆਰਥਿਕ ਅਤੇ ਉਦਯੋਗਕ ਝਟਕਾ ਹਨ। ਇਹ ਟੈਰਿਫ਼ ਲੱਕੜ, ਸ਼ਰਾਬਾਂ, ਖੇਤੀਬਾੜੀ ਦੇ ਉਤਪਾਦ ਤੇ ਹੋਰ ਕਈ ਸਾਮਾਨ ’ਤੇ ਲਾਗੂ ਹੋਏ ਹਨ। 2025 ’ਚ ਕੈਨੇਡਾ ਦੇ ਕਰੀਬ 72 ਫ਼ੀਸਦ ਬਰਾਮਦ ਅਮਰੀਕਾ ਨੂੰ ਜਾਂਦੇ ਸਨ, ਇਸ ਲਈ ਇਹ ਟੈਰਿਫ਼ ਦੋਵਾਂ ਦੇਸ਼ਾਂ ਦੀਆਂ ਅਰਥ ਵਿਵਸਥਾਵਾਂ ’ਤੇ ਵੱਡਾ ਦਬਾਅ ਪਾਉਣ ਵਾਲੇ ਅਤੇ ਦੋਵਾਂ ਦੇਸ਼ਾਂ ਵਿਚ ਲੋਕਾਂ ਵਾਸਤੇ ਮਹਿੰਗਾਈ ਹੋਰ ਵਧਣ ਦੇ ਆਸਾਰ ਹਨ। ਕਾਰਨੀ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਦੇ ਹਰੇਕ ਨਵੇਂ ਟੈਰਿਫ਼ ਦਾ ਜਵਾਬ ਬਰਾਬਰ ਦੇ ਟੈਰਿਫ ਲਗਾ ਕੇ ਦਿੱਤਾ ਜਾਵੇਗਾ।
ਪਿਛਲੀ ਖ਼ਬਰ ਕਹਾਣੀ ਚਾਂਦੀ ਦੀ ਬਿੱਲੀ ਅਗਲੀ ਖ਼ਬਰ ਸੁਪਰੀਮ ਕੋਰਟ ਵਲੋਂ ‘ਆਰਟ ਆਫ਼ ਲਿਵਿੰਗ ਫਾਊਂਡੇਸ਼ਨ’ ਨੂੰ ਵੱਡੀ ਰਾਹਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।