23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਕਹਾਣੀ ਚਾਂਦੀ ਦੀ ਬਿੱਲੀ

ਕਹਾਣੀ ਚਾਂਦੀ ਦੀ ਬਿੱਲੀ

ਅਜੀਤ ਡੈਸਕ 23-08-2026

 

ਵੀਰੋ ਘਰ ਦੇ ਬਾਹਰਲੇ ਪਸ਼ੂਆਂ ਵਾਲੇ ਬਰਾਂਡੇ ਦੀ ਸਾਫ਼-ਸਫਾਈ ਕਰ ਕੇ ਗੋਹਾ ਰੂੜੀ 'ਤੇ ਸੁੱਟ ਕੇ ਨਲਕੇ ਤੋਂ ਮੰੂਹ-ਹੱਥ ਧੋ ਕੇ ਅੱਗੇ ਚੌਂਤਰੇ ਵੱਲ ਹੋਈ ਹੀ ਸੀ ਕਿ ਕੰਧੋਲੀ ਲਾਗੇ ਦੁੱਧ ਦੀ ਕਾਹੜਨੀ ਕੋਲ ਬਿੱਲੀ ਬੈਠੀ ਵੇਖ ਕੇ ਉਹ ਅੱਗ ਬਾਬੂਲੀ ਹੋ ਗਈ | ਇਹ ਬਿੱਲੀ ਤਿੰਨ-ਚਾਰ ਦਿਨਾਂ ਤੋਂ ਉਨ੍ਹਾਂ ਦੇ ਘਰ ਗੇੜੀਆਂ ਮਾਰ ਰਹੀ ਸੀ ਤੇ ਇਕ ਤਾਕ ਵਿਚ ਸੀ ਕਿ ਕਦੋਂ ਦੁੱਧ ਦੀ ਟੋਕਨੀ 'ਤੇ ਹੱਥ ਸਾਫ਼ ਕਰ ਸਕੇ | ਵੀਰੋ ਨੇ ਪੈਰ ਨੱਪ ਕੇ ਹੌਲੀ ਦੇ ਕੇ ਭੁੰਜੇ ਪਿਆ ਥਾਪਾ ਚੁੱਕਿਆ ਤੇ ਵਗਾਹ ਕੇ ਬਿੱਲੀ ਦੇ ਮਾਰਿਆ | ਥਾਪਾ ਨਿਸ਼ਾਨੇ 'ਤੇ ਲੱਗਿਆ ਤੇ ਬਿੱਲੀ ਉਥੇ ਹੀ ਢਹਿ-ਢੇਰੀ ਹੋ ਗਈ | ਖੜਕਾ ਸੁਣ ਕੇ ਬੇਬੇ ਵੀ ਅੰਦਰੋਂ ਬਾਹਰ ਆ ਗਈ ਤੇ ਹੱਕੀ-ਬੱਕੀ ਜਿਹੀ ਹੋ ਕੇ ਹੇਠਾਂ ਪਈ ਬਿੱਲੀ ਵੇਖਣ ਲੱਗੀ |
'ਵੀਰੀਏ! ਇਹ ਕੀ ਕੀਤਾ? ਬਿੱਲੀ ਮਾਰ 'ਤੀ...?'
ਵੀਰੋ ਵੀ ਬਿੱਲੀ ਲੰਮੀ ਪਈ ਵੇਖ ਕੇ ਘਬਰਾ ਗਈ | ਉਹਨੇ ਤਾਂ ਸੋਚਿਆ ਕਿ ਬਿੱਲੀ ਥਾਪੇ ਤੋਂ ਡਰ ਕੇ ਭੱਜ ਜਾਵੇਗੀ ਤੇ ਡਰਦੀ ਹੋਈ ਫੇਰ ਨਾ ਆਊਗੀ | 
'ਹਾਹੋ! ਬਿੱਲੀ ਤਾਂ ਮਰ ਗਈ ਲੱਗਦੀ ਏ...', ਵੀਰੀ ਨੇ ਹਾਂ ਵਿਚ ਹਾਂ ਮਿਲਾਈ |
'ਤੂੰ ਜਾ ਕੇ ਸੀਤੋ ਕੇ ਸੀਰੀ ਨੂੰ  ਸੱਦ ਲਿਆ | ਉਹ ਬਿੱਲੀ ਨੂੰ  ਵੇਖਣ ਲੱਗਾ, ਮੈਨੂੰ ਤਾਂ ਆਪ ਕੋਲ ਜਾਂਦੀ ਨੂੰ  ਡਰ ਲਗਦਾ ਹੈ', ਬੇਬੇ ਵੀ ਡਰੀ ਹੋਈ ਸੀ |
ਵੀਰੋ ਤੇਜ਼ੀ ਨਾਲ ਲਾਂਘਾ ਪੁੱਟਦੀ ਹੋਈ ਸਾਹਮਣੇ ਘਰ ਵਾਲਿਆਂ ਦੇ ਸੀਰੀ ਨੂੰ  ਸੱਦਣ ਚਲੀ ਗਈ |
'ਚਾਚੀ! ਬੰਤਾ ਕਿੱਥੇ ਏ?' ਉਸ ਨੂੰ  ਐਨੀ ਘਬਰਾਈ ਵੇਖ ਕੇ ਗੁਆਂਢਣ ਸੀਤੋ ਨੇ ਪੁੱਛਿਆ, 'ਕੁੜੇ! ਕੀ ਗੱਲ ਏ...? ਸੁੱਖ ਤਾਂ ਹੈ...?'
'ਆਹੋ! ਚਾਚੀ! ਮੇਰੇ ਤੋਂ ਤਾਂ ਬਿੱਲੀ ਮਰ ਗਈ | ਮੈਂ ਬੰਤੇ ਨੂੰ  ਸੱਦਣ ਆਈ ਸੀ ਕਿ ਉਹ ਬਿੱਲੀ ਨੂੰ  ਉਥੋਂ ਚੁੱਕ ਲਵੇ |'
'...ਹੈਾ...? ਬਿੱਲੀ... ਮਰ ਗਈ...? ਚੱਲ... ਮੈਂ ਵੇਖਣੀ ਆਂ... |'
ਸੀਤੋ ਗੁਆਂਢਣ ਨੇ ਚੁੰਨੀ ਚੁੱਕੀ ਤੇ ਵੀਰੋ ਨਾਲ ਤੁਰ ਪਈ | ਬਸ ਫੇਰ ਕੀ ਸੀ ਪੰਜਾਂ ਮਿੰਟਾਂ ਵਿਚ ਹੀ ਇਹ ਗੱਲ ਜੰਗਲ ਦੀ ਅੱਗ ਵਾਂਗ ਫੈਲ ਗਈ, ਬਈ ਮੱਘਰ ਸਿੰਹਾਂ ਦੀ ਕੁੜੀ ਵੀਰੋ ਨੇ ਬਿੱਲੀ ਮਾਰ 'ਤੀ | ਆਂਢੀ-ਗੁਆਂਢੀ ਵੀਰੋ ਦੇ ਘਰ ਇਕੱਠੇ ਹੋਣੇ ਸ਼ੁਰੂ ਹੋ ਗਏ | ਇਕ ਸਿਆਣੀ ਉਮਰ ਦੀ ਬੁੱਢੀ ਨੇ ਤਾਂ ਵਹਿਮ ਈ ਪਾ ਦਿੱਤਾ | ਉਹ ਵੀਰੋ ਦੀ ਮਾਂ ਨੂੰ  ਕਹਿਣ ਲੱਗੀ, 'ਬਿੰਦੋ! ਗੱਲ ਸੁਣ ਭਾਈ! ਬਿੱਲੀ ਮਾਰੀ ਤਾਂ ਬਹੁਤ ਈ ਮਾੜੀ ਹੁੰਦੀ ਏ... ਉਹ ਵੀ ਚੋਂਤਰੇ ਵਿਚ... | ਆਪਾਂ ਨੂੰ  ਕੁਟੀਆ ਵਾਲੇ ਸਾਧ ਨੂੰ  ਸੱਦਣਾ ਚਾਹੀਦਾ ਹੈ', ਬੁੱਢੀ ਦੀ ਗੱਲ ਸੁਣ ਕੇ ਬੇਬੇ ਹੱਥਾਂ-ਪੈਰਾਂ ਵਿਚ ਆ ਗਈ |
'ਸੱਦ ਲਓ ਭਾਈ! ਵਾਹਿਗੁਰੂ ਸੁੱਖ ਰੱਖੇ |'
ਬਸ ਫੇਰ ਕੀ ਸੀ, ਕੁਝ ਕੁ ਮਿੰਟਾਂ ਵਿਚ ਸੁਨੇਹਾ ਮਿਲਣ 'ਤੇ ਸਾਧ ਚਿਮਟਾ ਖੜਕਾਉਂਦਾ ਆ ਗਿਆ | ਇਸ ਵੇਲੇ ਵੀਰੋ ਦਾ ਘਰ ਇੰਜ ਜਾਪਦਾ ਸੀ, ਜਿਵੇਂ ਜੰਝ ਆਈ ਹੋਈ ਹੋਵੇ ਜਾਂ ਫਿਰ ਇੰਜ ਆਖ ਲਓ ਮਦਾਰੀ ਦਾ ਤਮਾਸ਼ਾ ਵੇਖਣ ਲਈ ਭੀੜ ਇਕੱਠੀ ਹੋਈ ਹੋਵੇ | ਬੁੜੀਆਂ-ਬੰਦੇ, ਸਿਆਣੇ-ਨਿਆਣੇ ਮੰਜਿਆਂ 'ਤੇ ਬੈਠੇ ਸਨ | ਵੀਰੋ ਸਭ ਨੂੰ  ਪਾਣੀ ਪਿਆ ਰਹੀ ਸੀ | ਸਾਧ ਨੇ ਵੀ ਕੁਝ ਕੁ ਦੂਰੀ 'ਤੇ ਖਲੋ ਕੇ ਬਿੱਲੀ ਨੂੰ  ਤੱਕਿਆ | ਵੀਰੋ ਨੇ ਸਾਧ ਦੇ ਬੈਠਣ ਲਈ ਕੁਰਸੀ ਡਾਹ ਦਿੱਤੀ | ਸਾਧ ਨੇ ਕੁਰਸੀ 'ਤੇ ਬੈਠ ਕੇ ਆਪਣੀਆਂ ਅੱਖਾਂ ਬੰਦ ਕਰਕੇ ਉੱਚੀ ਆਵਾਜ਼ ਵਿਚ ਕੋਈ ਮੰਤਰ ਪੜਿ੍ਹਆ ਤੇ ਫੇਰ ਅੱਖਾਂ ਖੋਲ੍ਹ ਕੇ ਕਹਿਣ ਲੱਗਿਆ, 'ਭਾਈ! ਬਿੱਲੀ ਤਾਂ ਕੋਈ ਰੱਬੀ ਰੂਪ ਸੀ, ਬਹੁਤ ਵੱਡਾ ਪਾਪ ਹੋ ਗਿਆ, ਤੁਹਾਨੂੰ ਇਸ ਦਾ ਦੇਣ ਤਾਂ ਦੇਣਾ ਈ ਪੈਣਾ ਏ... |'
ਸਾਧ ਦੀ ਗੱਲ ਸਾਰੇ ਈ ਧਿਆਨ ਨਾਲ ਸੁਣ ਰਹੇ ਸੀ, 'ਬਿੱਲੀ ਦੇ ਨਾਉਂ ਦੀ ਕੜਾਹੀ ਦੇਣੀ ਪਵੇਗੀ, ਜਿਸ ਵਿਚ ਤੁਹਾਨੂੰ ਸਵਾ ਕੁਇੰਟਲ ਕਣਕ, 20 ਕਿਲੋ ਖੰਡ ਤੇ 10 ਸੇਰ ਦੇਸੀ ਘਿਓ ਦੇਣਾ ਪਵੇਗਾ | ਨਾਲੇ ਇਕ ਗੱਲ ਹੋਰ ਪਹਿਲੇ ਜ਼ਮਾਨੇ ਵਿਚ ਤਾਂ ਬਿੱਲੀ ਮਾਰਨ 'ਤੇ ਸੋਨੇ ਦੀ ਬਿੱਲੀ ਦਾਨ ਕਰਨੀ ਪੈਂਦੀ ਸੀ ਪਰ ਹੁਣ ਭਾਈ ਮਹਿੰਗਾਈ ਦਾ ਸਮਾਂ ਹੈ ਤੁਸੀਂ ਚਾਂਦੀ ਦੀ ਬਿੱਲੀ ਬਣਵਾ ਕੇ ਮੈਨੂੰ ਦੇ ਦਿਓ | ਮੈਂ ਆਪ ਈ ਪਾਠ ਕਰ ਕੇ ਤੁਹਾਡੇ ਸਿਰ ਤੋਂ ਬਿੱਲੀ ਮਾਰਨ ਦਾ ਦੋਸ਼ ਦੂਰ ਕਰ ਦਿਆਂਗਾ | ਵੀਰੋ ਦੀ ਬੇਬੇ ਚਾਂਦੀ ਦੀ ਬਿੱਲੀ ਸੁਣ ਕੇ ਘਬਰਾ ਗਈ | ਘਰ ਵਿਚ ਤਾਂ ਅੱਗੇ ਈ ਤੰਗੀ ਬਥੇਰੀ ਸੀ, 'ਬਾਬਾ ਜੀ! ਚਾਂਦੀ ਦਾ ਭਾਅ ਤਾਂ ਅਸਮਾਨੀ ਚੜਿ੍ਹਆ ਹੋਇਆ ਹੈ, ਜੇਕਰ ਮੈਂ ਪਿੱਤਲ ਦੀ ਬਿੱਲੀ ਬਣਵਾ ਦਿਆਂ ਤਾਂ ਚੱਲ ਜੂ...?'
'ਨਾ...ਨਾ...ਬੀਬੀ... ਬਿੱਲੀ ਮਾਰਨ ਦਾ ਦੋਸ਼ ਲੱਗਿਆ ਏ ਕੁੜੀ ਨੂੰ ...ਤੂੰ ਕਿਹੜੀਆਂ ਗੱਲਾਂ ਕਰਦੀ ਏਾ...? ਬਿੱਲੀ ਤਾਂ ਚਾਂਦੀ ਦੀ ਈ ਚੱਲੂ |'
ਸਾਧ ਬਾਬੇ ਨੇ ਜ਼ੋਰ ਪਾ ਕੇ ਕਿਹਾ, 'ਨਾਲੇ ਮੈਂ ਪਾਠ ਕਰਨ ਦੀ ਦੱਛਣਾ ਇਕਵੰਜਾ ਸੌ ਰੁਪਏ ਲਵਾਂਗਾ | ਬਹੁਤ ਭਾਰਾ ਪਾਠ ਏ, ਇਕ ਰੁਪਿਆ ਵੀ ਘੱਟ ਨਹੀਂ ਹੋਵੇਗਾ...?'
ਸਾਡੇ ਆਂਢੀ-ਗੁਆਂਢੀ ਬੇਬੇ ਨੂੰ  ਜ਼ੋਰ ਪਾਉਣ ਲੱਗ ਪਏ ਕਿ ਭਾਈ ਔਖੇ-ਸੌਖੇ ਕਰਵਾ ਦਿਓ ਇਹ ਟੋਟਕਾ ਤੇ ਪਾਠ | ਵੀਰੋ ਵਿਚਾਰੀ ਆਪਣੇ-ਆਪ ਨੂੰ  ਕੋਸਦੀ ਪਈ ਸੀ ਕਿ ਕਿਹੜੇ ਵੇਲੇ ਉਸ ਨੇ ਬਿੱਲੀ ਦੇ ਥਾਪਾ ਮਾਰਿਆ | ਘਰ ਵਿਚ ਪਹਿਲਾਂ ਈ ਖਾਣ ਨੂੰ  ਦਾਣੇ ਮਸਾਂ ਪੂਰੇ ਆਉਂਦੇ ਸਨ | ਅਜੇ ਪ੍ਰੋਗਰਾਮ ਚੱਲ ਹੀ ਰਿਹਾ ਸੀ ਕਿ ਵੀਰੋ ਦਾ ਬਾਪੂ ਤੇ ਭਰਾ ਗੇਜਾ ਖੇਤੋਂ ਘਰ ਆ ਗਏ | ਘਰੇ ਐਨੀ ਭੀੜ ਵੇਖ ਕੇ ਉਹ ਵੀ ਘਬਰਾ ਗਏ | ਦੋਵੇਂ ਜਦੋਂ ਅਗਾਂਹ ਨੂੰ  ਹੋਏ ਤਾਂ ਸਾਰੀ ਕਹਾਣੀ ਪਤਾ ਲੱਗੀ, 'ਉਏ ਕਿਹੜੀ ਕੜਾਹੀ... ਤੇ ਚਾਂਦੀ ਦੀ ਬਿੱਲੀ...ਮੈਂ ਹੁਣੇ ਈ ਬਿੱਲੀ ਨੂੰ  ਬੋਰੀ ਵਿਚ ਪਾ ਕੇ ਟੋਇਆ ਪੁੱਟ ਕੇ ਨੱਪ ਦਿੰਦਾ ਹਾਂ... |' ਗੇਜਾ ਜਿਵੇਂ ਈ ਚੌਂਤਰੇ ਵਿਚ ਮਰੀ ਹੋਈ ਬਿੱਲੀ ਚੁੱਕਣ ਲਈ ਵੜਿਆ ਤਾਂ ਬਿੱਲੀ ਜਿਹੜੀ ਕਿ ਮਰੀ ਨਹੀਂ ਸੀ ਸਗੋਂ ਛਾਪਲੀ ਹੋਈ ਪਈ ਸੀ, ਖੜਕਾ ਸੁਣ ਕੇ ਛਾਲ ਮਾਰ ਕੇ ਭੱਜ ਗਈ | ਸਾਧ ਵਿਚਾਰਾ ਮੰੂਹ ਸੰਵਾਰਦਾ ਈ ਰਹਿ ਗਿਆ ਤੇ ਲੋਕ ਹੱਸਦੇ ਕਲੋਲਾਂ ਕਰਦੇ ਆਪੋ-ਆਪਣੇ ਘਰਾਂ ਨੂੰ  ਟੁਰ ਗਏ |
-ਡਾਕਖਾਨਾ ਮੁੱਦਕੀ, ਫਿਰੋਜ਼ਪੁਰ |
ajitmudki0gmail.com

ਪਿਛਲੀ ਖ਼ਬਰ ਮਿੰਨੀ ਕਹਾਣੀ ਅਸਲੀ ਘਰ ਅਗਲੀ ਖ਼ਬਰ ਅਮਰੀਕਾ ਨੇ 20 ਅਰਬ ਡਾਲਰ ਦੇ ਕੈਨੇਡੀਅਨ ਉਤਪਾਦਾਂ ’ਤੇ ਲਗਾਇਆ 50 ਫ਼ੀਸਦੀ ਟੈਰਿਫ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।