ਨਵੀਂ ਦਿੱਲੀ, 28 ਅਗਸਤ (ਪੀ.ਟੀ.ਆਈ.)- ਨੈਸ਼ਨਲ ਟੈਸਟਿੰਗ ਏਜੰਸੀ (ਐੱਨ.ਟੀ.ਏ.) ਨੇ 84 ਵਿਸ਼ਿਆਂ ਲਈ ਯੂ.ਜੀ.ਸੀ. ਰਾਸ਼ਟਰੀ ਯੋਗਤਾ ਪ੍ਰੀਖਿਆ (ਯੂ.ਜੀ.ਸੀ.-ਨੈੱਟ) ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਇਸ ਪ੍ਰੀਖਿਆ ’ਚ 4 ਹਜ਼ਾਰ ਤੋਂ ਵੱਧ ਉਮੀਦਵਾਰ ਜੂਨੀਅਰ ਰਿਸਰਚ ਫੈਲੋਸ਼ਿਪ (ਜੇ.ਆਰ.ਐੱਫ.) ਲਈ ਯੋਗ ਪਾਏ ਗਏ ਹਨ।ਐੱਨ.ਟੀ.ਏ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 84 ਵਿਸ਼ਿਆਂ ਦੀ ਪ੍ਰੀਖਿਆ ’ਚ 6.07 ਲੱਖ ਉਮੀਦਵਾਰਾਂ ਨੇ ਹਿੱਸਾ ਲਿਆ ਸੀ। ਇਨ੍ਹਾਂ ’ਚੋਂ 97 ਹਜ਼ਾਰ ਤੋਂ ਵੱਧ ਉਮੀਦਵਾਰ ਪੀ.ਐੱਚ.ਡੀ. ’ਚ ਦਾਖ਼ਲੇ ਲਈ ਯੋਗ ਪਾਏ ਗਏ ਹਨ, ਜਦਕਿ 4 ਹਜ਼ਾਰ ਤੋਂ ਵੱਧ ਉਮੀਦਵਾਰ ਜੇ.ਆਰ.ਐੱਫ. ਲਈ ਚੁਣੇ ਗਏ ਹਨ। ਇਸ ਸਾਲ ਜੂਨ ’ਚ ਹੋਈ ਪ੍ਰੀਖਿਆ ਦੌਰਾਨ ਅੰਗਰੇਜ਼ੀ, ਕਾਮਰਸ ਤੇ ਸਮਾਜ ਸ਼ਾਸਤਰ ਦੇ ਪ੍ਰਸ਼ਨ ਪੱਤਰਾਂ ’ਚ ਗੜਬੜੀਆਂ ਸਾਹਮਣੇ ਆਈਆਂ ਸਨ। ਮਾਹਿਰਾਂ ਦੀ ਕਮੇਟੀ ਨੇ ਪ੍ਰਸ਼ਨ ਪੱਤਰਾਂ ’ਚ ਤੱਥਾਂ, ਛਪਾਈ, ਅਨੁਵਾਦ ਤੇ ਭਾਸ਼ਾ ਨਾਲ ਜੁੜੀਆਂ ਗਲਤੀਆਂ ਪਾਈਆਂ ਸਨ। ਇਸ ਤੋਂ ਬਾਅਦ ਇਨ੍ਹਾਂ ਤਿੰਨ ਵਿਸ਼ਿਆਂ ਦੀ ਪ੍ਰੀਖਿਆ ਦੁਬਾਰਾ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ। ਐੱਨ.ਟੀ.ਏ. ਨੇ 16 ਅਗਸਤ ਨੂੰ ਯੂ.ਜੀ.ਸੀ.-ਨੈੱਟ ਦੀ ਉੱਤਰ ਕੁੰਜੀ ਜਾਰੀ ਕੀਤੀ ਸੀ। ਇਸ ਦੇ ਨਾਲ ਹੀ ਸਮਾਜ ਸ਼ਾਸਤਰ, ਕਾਮਰਸ ਤੇ ਅੰਗਰੇਜ਼ੀ ਦੇ ਪ੍ਰਸ਼ਨ ਪੱਤਰਾਂ ਬਾਰੇ ਵਿਸ਼ੇਸ਼ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਇਸ ਤੋਂ ਬਾਅਦ ਉਸੇ ਦਿਨ ਐੱਨ.ਟੀ.ਏ. ਨੇ ਐਲਾਨ ਕੀਤਾ ਕਿ ਇਨ੍ਹਾਂ ਤਿੰਨ ਵਿਸ਼ਿਆਂ ਦੀ ਪ੍ਰੀਖਿਆ ਸਤੰਬਰ ’ਚ ਮੁੜ ਕਰਵਾਈ ਜਾਵੇਗੀ।
ਯੂ.ਜੀ.ਸੀ.-ਨੈੱਟ ਦਾ ਨਤੀਜਾ ਜਾਰੀ, 4 ਹਜ਼ਾਰ ਤੋਂ ਵੱਧ ਉਮੀਦਵਾਰ ਜੇ.ਆਰ.ਐੱਫ. ਲਈ ਯੋਗ
ਯੂ.ਜੀ.ਸੀ.-ਨੈੱਟ ਦਾ ਨਤੀਜਾ ਜਾਰੀ, 4 ਹਜ਼ਾਰ ਤੋਂ ਵੱਧ ਉਮੀਦਵਾਰ ਜੇ.ਆਰ.ਐੱਫ. ਲਈ ਯੋਗ
ਅਜੀਤ ਡੈਸਕ
29-08-2026