* ਹੁਣ ਫ਼ੈਸਲਾ ਅਸੀਂ ਕਰਨਾ ਕਿ ਵਿਕਾਸ ਵਾਲੀ ਸਰਕਾਰ ਚਾਹੀਦੀ ਜਾਂ ਗੱਲਾਂ ਵਾਲੀ-ਕੇਵਲ ਸਿੰਘ ਢਿੱਲੋਂ
* ਭਾਜਪਾ ਵਲੋਂ ਬਾਬਾ ਬਕਾਲਾ ਵਿਖੇ ਪਹਿਲੀ ਭਰਵੀਂ ਕਾਨਫ਼ਰੰਸ
ਕਿਸਾਨੀ, ਨੌਜਵਾਨੀ ਤੇ ਮਹਿਲਾ ਸੁਰੱਖਿਆ ਲਈ ਜ਼ਿੰਮੇਵਾਰੀ ਲੈਣ ਦਾ ਮੌਕਾ-ਸੈਣੀ
ਬਾਬਾ ਬਕਾਲਾ ਸਾਹਿਬ/ਅੰਮ੍ਰਿਤਸਰ, 28 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ, ਹਰਮਿੰਦਰ ਸਿੰਘ)-ਕਿਸਾਨਾਂ ਦੀ ਆਮਦਨ ਦੇ ਸਾਧਨਾਂ ’ਚ ਵਾਧਾ ਕਰਨ ਲਈ ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਦੀ ਖੇਤੀਬਾੜੀ ਲਈ ਨਵਾਂ ਖਾਕਾ ਤਿਆਰ ਕੀਤਾ ਜਾਵੇਗਾ। ਕਿਸੇ ਵੀ ਮੁਲਕ ਨਾਲ ਹੋਣ ਵਾਲੇ ਸਮਝੌਤੇ ਕਿਸਾਨਾਂ ਦੇ ਹਿੱਤ ਵਿਚ ਹੋਣਗੇ। ਇਹ ਪ੍ਰਗਟਾਵਾ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੀਤਾ। ਕੇਂਦਰੀ ਮੰਤਰੀ ਬਾਬਾ ਬਕਾਲਾ ਦੀ ਧਰਤੀ ’ਤੇ ‘ਸੱਚਾ ਗੁਰੁ ਲਾਧੋ ਰੇ’ ਦਿਵਸ ਦੇ ਸਬੰਧ ਵਿਚ ਭਾਜਪਾ ਦੇ ਸੂਬਾਈ ਸਕੱਤਰ ਅਤੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਦੀ ਅਗਵਾਈ ਹੇਠ ਰੱਖੀ ਗਈ ਪਾਰਟੀ ਦੀ ਪਹਿਲੀ ਰੈਲੀ ’ਚ ਸ਼ਾਮਿਲ ਹੋਏ ਸਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਫ਼ਸਲ ਬੀਮਾ ਯੋਜਨਾ 23 ਰਾਜਾਂ ’ਚ ਲਾਗੂ ਹੈ, ਪਰ ਪੰਜਾਬ ਸਰਕਾਰ ਵਲੋਂ ਇਸ ਯੋਜਨਾ ਨੂੰ ਪੰਜਾਬ ’ਚ ਲਾਗੂ ਨਾ ਕਰਕੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਦੇਸ਼ ਦੇ ਹਿੱਤ ਅਤੇ ਕਿਸਾਨ ਸਭ ਤੋਂ ਪਹਿਲਾਂ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਅਮਰੀਕਾ ਨਾਲ ਵਪਾਰਕ ਸਮਝੌਤਾ ਨਹੀ ਹੋਇਆ, ਵਿਰੋਧੀਆਂ ਵਲੋਂ ਬੇਵਜਾ ਹੀ ਇਸ ਨੂੰ ਤੂਲ ਦੇ ਕੇ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਦੇਸ਼ ਅਤੇ ਕਿਸਾਨਾਂ ਦੇ ਹਿੱਤਾਂ ਵਿਰੁੱਧ ਕੋਈ ਫ਼ੈਸਲਾ ਨਹੀਂ ਕੀਤਾ ਜਾਵੇਗਾ ਅਤੇ ਕਿਸਾਨਾਂ ਦੇ ਹਿੱਤਾਂ ਦੀ ਪੂਰੀ ਰਾਖੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ‘ਵਿਕਸਿਤ ਭਾਰਤ ਲਈ ਵਿਕਸਿਤ ਪੰਜਾਬ ਜ਼ਰੂਰੀ ਹੈ, ਆਤਮਨਿਰਭਰ ਅਤੇ ਵਿਕਸਿਤ ਭਾਰਤ ਦਾ ਸੁਪਨਾ ਪੰਜਾਬ ਦੇ ਵਿਕਾਸ ਤੋਂ ਬਿਨਾਂ ਸੰਭਵ ਨਹੀਂ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੁੰਦਿਆਂ ਪੰਜਾਬ ਦਾ ਵਿਕਾਸ ਸੰਭਵ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਿਛਲੇ 10 ਸਾਲਾਂ ਦੇ ਅੰਦਰ ਹੁਣ ਤੱਕ 8 ਲੱਖ 20 ਹਜ਼ਾਰ ਕਰੋੜ ਰੁਪਏ ਤੋਂ ਵੀ ਜ਼ਿਆਦਾ ਰਾਸ਼ੀ ਪੰਜਾਬ ਨੂੰ ਦਿੱਤੀ ਜਾ ਚੁੱਕੀ ਹੈ। ਕਣਕ-ਝੋਨੇ ਦੀ ਐਮ.ਐਸ.ਪੀ. ’ਤੇ ਹੀ 6 ਲੱਖ 60 ਹਜ਼ਾਰ ਕਰੋੜ ਰੁਪਏ, ਯੂਰੀਆ ਦੀ ਸਬਸਿਡੀ ਲਈ ਡੇਢ ਲੱਖ ਕਰੋੜ ਰੁਪਏ, ਪੀ.ਐਮ. ਸਨਮਾਨ ਨਿਧੀ ਲਈ 7 ਹਜ਼ਾਰ ਕਰੋੜ ਰੁਪਏ, ਪੀ.ਐਮ. ਆਵਾਸ ਯੋਜਨਾ ਲਈ 94 ਕਰੋੜ ਰੁਪਏ, ਜਨ ਧਨ ਲਈ 4,371 ਕਰੋੜ ਰੁਪਏ ਅਤੇ ਜੀ ਰਾਮ ਜੀ ਯੋਜਨਾ ਲਈ 131 ਕਰੋੜ ਰੁਪਏ ਦਿੱਤੇ ਗਏ ਹਨ। ਪੰਜਾਬ ਦੇ ਹਾਲਾਤ ’ਤੇ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਦੀ ਮੰਦੀ ਹਾਲਤ ਹੈ। ਉਨ੍ਹਾਂ ਨੇ ਪੰਜਾਬ ਦੀ ਤਸਵੀਰ ਬਦਲਣ ਦਾ ਸੱਦਾ ਦਿੱਤਾ। ਉਨ੍ਹਾਂ ਕਾਂਗਰਸ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਇਸ ਵੇਲੇ ਟੁੱਟੇ ਹੋਏ ਸ਼ੀਸ਼ੇ ਦੀ ਤਰ੍ਹਾਂ ਖਿਲਰੀ ਹੋਈ ਹੈ।

ਪੰਜਾਬ ਸਰਕਾਰ ਲੋਕਾਂ ਦੇ ਘਰ ਵਿਕਾਉਣ ’ਚ ਲੱਗੀ ਹੋਈ ਹੈ- ਢਿੱਲੋਂ
ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਹਾਲਾਤ ਕਿਸੇ ਤੋਂ ਲੁਕੇ ਨਹੀਂ ਹਨ। ਪੰਜਾਬ ਨਸ਼ਿਆਂ ਅਤੇ ਅਮਨ-ਕਾਨੂੰਨ ਦੀ ਵਿਗੜੀ ਹੋਈ ਵਿਵਸਥਾ ਕਾਰਨ ਖ਼ਤਮ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਲੋਕਾਂ ਨੂੰ ਘਰ ਬਣਾ ਕੇ ਦੇ ਰਹੇ ਹਨ ਪਰ ਦੂਸਰੇ ਪਾਸੇ ਪੰਜਾਬ ਸਰਕਾਰ ਲੋਕਾਂ ਦੇ ਘਰ ਵਿਕਾਉਣ ’ਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਕਾਰਨ ਘਰਾਂ ਦੇ ਚਿਰਾਗ ਬੁੱਝ ਰਹੇ ਹਨ ਅਤੇ ਇੱਥੋਂ ਤੱਕ ਕਿ ਲੋਕਾਂ ਦੇ ਘਰ ਵਿਕਾਊ ਹੋ ਗਏ ਹਨ। ਉਨ੍ਹਾਂ ਪੰਜਾਬ ਦੀ ‘ਆਪ’ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਹੀ ਮਾਈਨਿੰਗ ਤੋਂ 2 ਹਜ਼ਾਰ ਕਰੋੜ ਰੁਪਏ ਕਮਾਉਣ ਦੀ ਗੱਲ ਕਹੀ ਸੀ, ਜਦਕਿ ਖ਼ਜ਼ਾਨੇ ਵਿਚ ਕੇਵਲ 600 ਕਰੋੜ ਰੁਪਏ ਹੀ ਪਏ। ਫਿਰ ਇਹ ਦੱਸਿਆ ਜਾਵੇ ਕਿ ਬਾਕੀ 1,400 ਕਰੋੜ ਰੁਪਏ ਦੀ ਰਾਸ਼ੀ ਦਿੱਲੀ ਦੇ ਕਿਨ੍ਹਾਂ ਲੋਕਾਂ ਦੀਆਂ ਜੇਬਾਂ ਵਿਚ ਚਲੀ ਗਈ।
ਪੰਜਾਬ ਦਾ ਵਿਕਾਸ ਤੇ ਸੁਰੱਖਿਆ ਹੀ ਭਾਜਪਾ ਦਾ ਸੰਕਲਪ ਹੈ- ਸੈਣੀ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨੀਅਤ, ਨੀਤੀ ਅਤੇ ਨਤੀਜਿਆਂ ਨੂੰ ਪਰਖਣ ਦਾ ਸਮਾਂ ਹੈ। ਉਨ੍ਹਾਂ ਕਿਹਾ ਕਿ ਮਾਝਾ ਪੰਜਾਬ ਦੀ ਢਾਲ ਹੈ ਅਤੇ ਭਾਜਪਾ ਦੀ ਸਰਕਾਰ ਆਉਣ ’ਤੇ ਇਹ ਵਿਕਾਸ ਦਾ ਦਰਵਾਜ਼ਾ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਨੂੰ ਰੋਕ ਕੇ ਸੜਕਾਂ ਅਤੇ ਵਿੱਦਿਆ ਦਾ ਵਿਕਾਸ ਕਰਵਾਇਆ ਜਾਵੇਗਾ। ਪੰਜਾਬ ਦਾ ਵਿਕਾਸ ਅਤੇ ਸੁਰੱਖਿਆ ਹੀ ਭਾਜਪਾ ਦਾ ਸੰਕਲਪ ਹੈ। ਹਰਿਆਣਾ ’ਚ ਭਾਜਪਾ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ 217 ’ਚੋਂ ਕੀਤੇ ਵਾਅਦਿਆਂ ’ਚ 70 ਵਾਅਦੇ ਪੂਰੇ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਇਹ ਮੰਨਣਾ ਹੈ ਕਿ ਦਿੱਲੀ ’ਚ ਉਨ੍ਹਾਂ ਨੂੰ ਪੂਰੀ ਤਾਕਤ ਨਹੀਂ ਮਿਲੀ, ਪਰ ਪੰਜਾਬ ’ਚ ਤਾਂ ਪੂਰੀ ਤਾਕਤ ਮਿਲੀ ਹੋਈ ਹੈ। ਫਿਰ ਉਹ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ’ਤੇ ਲਿਜਾਣ ਤੋਂ ਕਿਉਂ ਆਨਾਕਾਨੀ ਕਰ ਰਹੇ ਹਨ ਅਤੇ ਫ਼ਸਲਾਂ ਦੀ ਐਮ.ਐਸ.ਪੀ. ’ਤੇ ਖਰੀਦ ਕਿਉਂ ਨਹੀਂ ਹੋ ਰਹੀ?
ਇਸ ਮੌਕੇ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ, ਸਾਬਕਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸੁਨੀਲ ਕੁਮਾਰ ਜਾਖੜ, ਇਕਬਾਲ ਸਿੰਘ ਲਾਲਪੁਰਾ, ਪਾਰਲੀਮੈਂਟ ਬੋਰਡ ਦੇ ਮੈਂਬਰ ਸੋਮ ਪ੍ਰਕਾਸ਼, ਵਿਜੇ ਸਾਂਪਲਾ, ਸਾਬਕਾ ਮੰਤਰੀ ਰਵਨੀਤ ਸਿੰਘ ਬਿੱਟੂ, ਕੇਂਦਰੀ ਦਫ਼ਤਰ ਇੰਚਾਰਜ ਤਰੁਣ ਚੁੱਘ, ਰਾਕੇਸ਼ ਬੱਗਾ, ਬਿਕਰਮਜੀਤ ਸਿੰਘ ਸਾਹਨੀ, ਮਹਿੰਦਰ ਕੌਰ ਜੋਸ਼, ਸਰਬਜੀਤ ਸਿੰਘ ਮੱਕੜ, ਹਰਜਿੰਦਰ ਸਿੰਘ ਠੇਕੇਦਾਰ ਨੇ ਵੀ ਸੰਬੋਧਨ ਕੀਤਾ। ਸਟੇਜ ਦਾ ਸੰਚਾਲਨ ਬਿਕਰਮਜੀਤ ਸਿੰਘ ਚੀਮਾ ਵਲੋਂ ਕੀਤਾ ਗਿਆ। ਇਸ ਮੌਕੇ ਮਨਜੀਤ ਸਿੰਘ ਮੰਨਾ ਤੇ ਉਨ੍ਹਾਂ ਦੀ ਟੀਮ ਵਲੋਂ ਸ਼ਿਵਰਾਜ ਸਿੰਘ ਚੌਹਾਨ, ਕੇਵਲ ਸਿੰਘ ਢਿੱਲੋਂ ਤੇ ਨਾਇਬ ਸਿੰਘ ਸੈਣੀ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸ਼ੀਤਲ ਅੰਗੁਰਾਲ, ਰਵੀਕਰਨ ਸਿੰਘ ਕਾਹਲੋਂ, ਹਰਜਿੰਦਰ ਸਿੰਘ ਠੇਕੇਦਾਰ, ਫਤਹਿਜੰਗ ਸਿੰਘ ਬਾਜਵਾ, ਅਸ਼ਵਨੀ ਸੇਖੜੀ, ਸੂਰਜ ਭਾਰਦਵਾਜ, ਸਲਿਲ ਕਪੂਰ, ਗੁਰਪ੍ਰਤਾਪ ਸਿੰਘ ਟਿੱਕਾ, ਅਮਰਪਾਲ ਸਿੰਘ ਬੋਨੀ ਅਜਨਾਲਾ, ਹਰਵਿੰਦਰ ਸਿੰਘ ਸੰਧੂ, ਅਜੈਬੀਰਪਾਲ ਸਿੰਘ ਰੰਧਾਵਾ, ਕਵਰਬੀਰ ਸਿੰਘ ਮੰਜ਼ਿਲ, ਪ੍ਰੋ: ਸਰਚਾਂਦ ਸਿੰਘ ਖਿਆਲਾ, ਮਾਨਵ ਧਨੀਜਾ, ਆਸ਼ੂ ਅੰਬਾ, ਅਨੁਜ ਖੋਸਲਾ ਆਦਿ ਮੌਜੂਦ ਸਨ।
ਪੰਜਾਬ ਦੀ ਪਵਿੱਤਰ ਧਰਤੀ ’ਤੇ ਪੈਰ ਰੱਖ ਕੇ ਦਿਲ ਖ਼ੁਸ਼ੀ ਨਾਲ ਭਰ ਗਿਆ-ਚੌਹਾਨ
ਅਜਨਾਲਾ/ ਰਾਜਾਸਾਂਸੀ, 28 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਬਾਬਾ ਬਕਾਲਾ ਸਾਹਿਬ ਵਿਖੇ ਭਾਜਪਾ ਵਲੋਂ ਅੱਜ ਪਹਿਲੀ ਵਾਰ ਕਰਵਾਈ ਜਾ ਰਹੀ ਕਾਨਫ਼ਰੰਸ ’ਚ ਹਿੱਸਾ ਲੈਣ ਲਈ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਪਹੁੰਚੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਪੰਜਾਬ ਦੀ ਪਵਿੱਤਰ ਧਰਤੀ ’ਤੇ ਪੈਰ ਰੱਖਦਿਆਂ ਉਨ੍ਹਾਂ ਦਾ ਦਿਲ ਖ਼ੁਸ਼ੀ ਅਤੇ ਆਨੰਦ ਨਾਲ ਭਰ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਅੰਮ੍ਰਿਤਸਰ ਆਉਣਾ ਉਨ੍ਹਾਂ ਲਈ ਸੁਭਾਗ ਦੀ ਗੱਲ ਹੈ। ਇਸ ਤੋਂ ਬਾਅਦ ਸ਼ਿਵਰਾਜ ਸਿੰਘ ਚੌਹਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਅਤੇ ਬਾਬਾ ਬਕਾਲਾ ਸਾਹਿਬ ਕਾਨਫ਼ਰੰਸ ’ਚ ਸ਼ਮੂਲੀਅਤ ਕਰਨ ਲਈ ਰਵਾਨਾ ਹੋ ਗਏ।