ਨਵੀਂ ਦਿੱਲੀ, 2 ਅਕਤੂਬਰ (ਜਗਤਾਰ ਸਿੰਘ)-ਪੰਜਾਬ ਕਾਂਗਰਸ ’ਚ ਤਰੇੜਾਂ ਉਦੋਂ ਮੁੜ ਸਾਹਮਣੇ ਆਈਆਂ ਜਦੋਂ ਸੂਬਾ ਇਕਾਈ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਅਹੁਦਾ ਛੱਡਣ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਜਿੱਤ ਕਰਾਰ ਦਿੱਤਾ। ਰਾਜਾ ਵੜਿੰਗ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਕਾਂਗਰਸ ਦੇ ਨਵੇਂ ਜਨਰਲ ਸਕੱਤਰ ਇੰਚਾਰਜ ਸਚਿਨ ਪਾਇਲਟ ਚਾਹੁੰਦੇ ਸਨ ਕਿ ਉਨ੍ਹਾਂ (ਰਾਜਾ ਵੜਿੰਗ) ਦੀ ਥਾਂ ਕੋਈ ਹੋਰ ਆਵੇ, ਪਰ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਅਹੁਦਾ ਛੱਡ ਦਿੱਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਿਸੇ ਨੇ ਵੀ ਉਨ੍ਹਾਂ ਨੂੰ ਅਸਤੀਫ਼ਾ ਦੇਣ ਲਈ ਨਹੀਂ ਕਿਹਾ ਸੀ, ਉਨ੍ਹਾਂ ਨੇ ਇਹ ਆਪਣੀ ਮਰਜ਼ੀ ਨਾਲ ਕੀਤਾ। ਇਸ ਤੋਂ ਪਹਿਲਾਂ ਦਿਨ ਵੇਲੇ ਰਾਜਾ ਵੜਿੰਗ ਨੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਪੰਜਾਬ ਇਕਾਈ ਦੇ ਮੁਖੀ ਵਜੋਂ ਆਪਣਾ ਰਸਮੀ ਅਸਤੀਫਾ ਸੌਂਪਿਆ। ਵੜਿੰਗ ਨੇ ਬਾਅਦ ’ਚ ਕਿਹਾ ਕਿ ਕਿਸੇ ਨੇ ਮੈਨੂੰ ਅਸਤੀਫਾ ਦੇਣ ਲਈ ਨਹੀਂ ਕਿਹਾ। ਮੈਨੂੰ ਸਥਿਤੀ ਦਾ ਅਹਿਸਾਸ ਹੋ ਗਿਆ ਸੀ ਤੇ ਜਦੋਂ ਮੈਨੂੰ ਲੱਗਾ ਕਿ ਮਾਮਲਾ ਸਿਖਰ ’ਤੇ ਪਹੁੰਚ ਗਿਆ ਹੈ, ਤਾਂ ਮੈਂ ਆਪਣੀ ਮਰਜ਼ੀ ਨਾਲ ਅਸਤੀਫ਼ਾ ਦੇ ਦਿੱਤਾ ਅਤੇ ਆਪਣੇ ਸੋਸ਼ਲ ਮੀਡੀਆ ਹੈਂਡਲ ਬਦਲ ਕੇ ‘ਸਾਬਕਾ ਪੀ.ਸੀ.ਸੀ. ਪ੍ਰਧਾਨ’ ਕਰ ਲਿਆ। ਉਨ੍ਹਾਂ ਕਿਹਾ ਕਿ ਸ਼ਾਇਦ ਸਚਿਨ ਪਾਇਲਟ ਨੂੰ ਲੱਗਾ ਹੋਵੇਗਾ ਕਿ ਮੇਰਾ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਬਣੇ ਰਹਿਣਾ ਉਚਿਤ ਨਹੀਂ ਹੈ। ਚੰਨੀ ਸਾਹਿਬ ਦੀ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਪਾਰਟੀ ਲੀਡਰਸ਼ਿਪ ਨੂੰ ਆਪਣਾ ਫੀਡਬੈਕ ਦਿੱਤਾ ਹੈ ਤੇ ਹੋ ਸਕਦਾ ਹੈ ਕਿ ਪਾਇਲਟ ਨੇ ਪਾਰਟੀ ਨੂੰ ਕੋਈ ਨਵਾਂ ਫੀਡਬੈਕ ਦਿੱਤਾ ਹੋਵੇ। ਉਨ੍ਹਾਂ ਕਿਹਾ ਕਿ ਪਤਾ ਲੱਗਾ ਹੈ ਕਿ ਸਚਿਨ ਚਾਹੁੰਦੇ ਸਨ ਕਿ ਮੈਨੂੰ ਹਟਾਇਆ ਜਾਵੇ। ਲੁਧਿਆਣਾ ਦੇ ਸੰਸਦ ਮੈਂਬਰ ਨੇ ਕਿਹਾ ਕਿ ਰਾਹੁਲ ਗਾਂਧੀ ਨਾਲ ਪੰਜਾਬ ਦੀ ਰਾਜਨੀਤੀ ਦੇ ਨਾਲ-ਨਾਲ ਕਈ ਨਿੱਜੀ ਅਤੇ ਪਰਿਵਾਰਕ ਮਾਮਲਿਆਂ ’ਤੇ ਵੀ ਚਰਚਾ ਹੋਈ ਤੇ ਇਹ ਗੱਲਬਾਤ ਸਕਾਰਾਤਮਕ ਰਹੀ। ਉਨ੍ਹਾਂ ਕਿਹਾ ਕਿ ਉਹ ਕੈਮਰੇ ’ਤੇ ਪਾਰਟੀ ਦੇ ਅਜਿਹੇ ਅੰਦਰੂਨੀ ਮਾਮਲਿਆਂ ਬਾਰੇ ਗੱਲ ਨਹੀਂ ਕਰਨਾ ਚਾਹੁਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਜ਼ਮੀਨੀ ਪੱਧਰ ’ਤੇ ਬਹੁਤ ਮਜ਼ਬੂਤ ਹੈ।
ਚੰਨੀ ਦੀ ਜਿੱਤ ਹੋਈ ਹੈ, ਪਾਇਲਟ ਸ਼ਾਇਦ ਮੈਨੂੰ ਹਟਾਉਣਾ ਚਾਹੁੰਦੇ ਸਨ-ਰਾਜਾ ਵੜਿੰਗ
ਨਵੀਂ ਦਿੱਲੀ, 2 ਅਕਤੂਬਰ (ਜਗਤਾਰ ਸਿੰਘ)-ਪੰਜਾਬ ਕਾਂਗਰਸ ’ਚ ਤਰੇੜਾਂ ਉਦੋਂ ਮੁੜ ਸਾਹਮਣੇ ਆਈਆਂ ਜਦੋਂ ਸੂਬਾ ਇਕਾਈ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਅਹੁਦਾ ਛੱਡਣ ਨੂੰ ਸਾਬਕਾ ਮੁੱਖ ਮੰਤਰੀ ...
ਅਜੀਤ ਡੈਸਕ
03-10-2026