ਮੁਕੇਰੀਆਂ, 24 ਅਗਸਤ (ਸ. ਰਿ.)- ਅੱਜ ਮੁਕੇਰੀਆਂ ਪੁਲਿਸ ਵਲੋਂ ਲੜਾਈ ਅਤੇ ਕੁੱਟਮਾਰ ਸਬੰਧੀ ਪੀੜਤ ਸੋਰਵ ਜੈਨ ਪੁੱਤਰ ਲਲਿਤ ਮੋਹਨ ਜੈਨ ਵਾਸੀ ਬਾਣੀਆਂ ਮੁਹੱਲਾ ਮੁਕੇਰੀਆਂ ਦੇ ਬਿਆਨਾਂ ’ਤੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸੋਰਵ ਜੈਨ ਨੇ ਦੱਸਿਆ ਕਿ ਉਹ ਸ਼ੀਤਲਾ ਮਾਤਾ ਮੰਦਰ ਮੁਕੇਰੀਆਂ ਦਾ ਸੈਕਟਰੀ ਹੈ ਜਿੱਥੇ ਉਕਤ ਵਿਅਕਤੀਆਂ ਨਾਲ ਮੇਰੀ ਮਾਮੂਲੀ ਬਹਿਸ ਹੋਈ ਸੀ ਜਿਸ ਪਿੱਛੋਂ ਮੈਨੂੰ ਅਗਵਾ ਕੀਤਾ ਗਿਆ ਅਤੇ ਕੁੱਟਮਾਰ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਹ ਮਿਤੀ 22.08.26 ਨੂੰ ਸ਼ਾਮ 6 ਵਜੇ ਆਪਣੀ ਗੱਡੀ ਤੋਂ ਸਵਾਰ ਹੋ ਕੇ ਆਪਣੇ ਸ਼ੈਲਰ ਫੋਕਲ ਪੁਆਇੰਟ ਪੰਜਢੇਰਾ ਤੋਂ ਮੁਕੇਰੀਆਂ ਵੱਲ ਆ ਰਿਹਾ ਸੀ ’ਤੇ ਥੋੜ੍ਹੀ ਦੂਰ ਅੱਗੇ ਆਉਣ ’ਤੇ ਸੜਕ ਵਿਚਕਾਰ ਇੱਕ ਫਾਰਚੂਨਰ ਗੱਡੀ ਖੜੀ ਸੀ ਜਿਸ ਵਿਚੋਂ 5, 6 ਵਿਅਕਤੀਆਂ ਨੇ ਨਿਕਲ ਕੇ ਮੈਨੂੰ ਬਹੁਤ ਬੁਰੀ ਤਰ੍ਹਾਂ ਰਾਡਾਂ ਅਤੇ ਪਾਈਪਾਂ ਨਾਲ ਕੁੱਟ ਮਾਰ ਕਰਕੇ ਮੈਨੂੰ ਬੂਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਇਨ੍ਹਾਂ ਮੈਨੂੰ ਗੱਡੀ ਵਿਚ ਪਾ ਕੇ ਅਗਵਾ ਕਰਕੇ ਮੁਕੇਰੀਆਂ ਇੱਕ ਦੁਕਾਨ ’ਤੇ ਲੈ ਆਏ ਅਤੇ ਉੱਥੇ ਵੀ ਮੈਨੂੰ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਮੈਂ ਕਿਸੇ ਤਰ੍ਹਾਂ ਹਨੇਰਾ ਹੋਣ ਕਾਰਨ ਉੱਥੇ ਨਿਕਲਿਆ ਤੇ ਮਾਤਾ ਰਾਣੀ ਚੌਂਕ ਪਹੁੰਚ ਕੇ ਆਪਣੇ ਲੜਕੇ ਨੂੰ ਫ਼ੋਨ ਕਰਕੇ ਬੁਲਾਇਆ ਜਿਸ ਨੇ ਮੈਨੂੰ ਫੋਰਟਿਸ ਹਸਪਤਾਲ ਜਲੰਧਰ ਵਿਖੇ ਲੈ ਜਾ ਕੇ ਦਾਖਲ ਕਰਵਾਇਆ। ਪੀੜਤ ਵਿਅਕਤੀ ਦੇ ਬਿਆਨਾਂ ’ਤੇ ਮੁਕੇਰੀਆਂ ਪੁਲਿਸ ਵਲੋਂ ਅਨੁਜ ਸ਼ਰਮਾ, ਨਿਤਿਸ਼ ਸ਼ਰਮਾ, ਸ਼ਿਵਮ ਕੁਮਾਰ, ਮੀਨੂ ਸ਼ਰਮਾ, ਵਿਪਨ ਅੋਹਰੀ ਆਦਿ ਅਤੇ ਤਿੰਨ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।