ਬਲਾਚੌਰ, 26 ਨਵੰਬਰ (ਦੀਦਾਰ ਸਿੰਘ ਬਲਾਚੌਰੀਆ)-ਐਸ.ਡੀ.ਐਮ ਬਲਾਚੌਰ ਕਰਨ ਗੁਪਤਾ ਵਲੋਂ ਰਾਮਗੜ੍ਹੀਆ ਵੈਲਫ਼ੇਅਰ ਬੋਰਡ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਮੀਟਿੰਗ ਦੌਰਾਨ ਮੈਂਬਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਅਤੇ ਸੁਝਾਆਵਾਂ ‘ਤੇ ਵਿਸਥਾਰ ਪੂਰਵਕ ਵਿਚਾਰ ਕੀਤਾ ਗਿਆ। ਮੀਟਿੰਗ ਦੌਰਾਨ ਵੱਖ-ਵੱਖ ਮੈਂਬਰਾਂ ਵਲੋਂ ਵਿਚਾਰ ਪੇਸ਼ ਕਰਦਿਆਂ ਦੱਸਿਆ ਗਿਆ ਕਿ ਪਿੰਡਾਂ ਅਤੇ ਸ਼ਹਿਰ ਵਿੱਚ ਸਰਕਾਰ ਵਲੋਂ ਛੋਟੇ ਲਘੂ ਉਦਯੋਗ ਅਤੇ ਸਕਿੱਲ ਡੀਵੈਲਪਮੈਂਟ ਸੈਂਟਰ ਸ਼ੁਰੂ ਕੀਤੇ ਜਾਣ ਤਾ ਜ਼ੋ ਵੱਧ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਮਿਲ ਸਕੇ ਅਤੇ ਨੌਜਵਾਨ ਮੁੰਡਿਆਂ ਅਤੇ ਕੁੜੀਆਂ ਵਿੱਚ ਵਧੀਆ ਹੁਨਰਮੰਦ ਕਾਮਿਆਂ ਵਿੱਚ ਵਾਧਾ ਕੀਤਾ ਜਾ ਸਕੇ। ਐਸ.ਡੀ.ਐਮ ਬਲਾਚੌਰ ਕਰਨ ਗੁਪਤਾ ਵਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਰਾਮਗੜੀਆਂ ਵੈਲਫੇਅਰ ਬੋਰਡ ਦੇ ਮੈਂਬਰਾਂ ਨੂੰ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਕਿਸੇ ਵੀ ਸਮੇਂ ਦਫਤਰ ਵਿਖੇ ਆ ਸਕਦੇ ਹਨ, ਉਹਨਾਂ ਦੀ ਹਰ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਪ ਕਪਤਾਨ ਪੁਲਿਸ ਬਲਾਚੌਰ ਵਲੋਂ ਵੀ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਪੁਲਿਸ ਪ੍ਰਸ਼ਾਸਨ ਵਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਸੰਜੀਵ ਚੇਚੀ ਚੇਅਰਮੈਨ ਪਲਾਨਿੰਗ ਬੋਰਡ ਸ਼ਹੀਦ ਭਗਤ ਸਿੰਘ ਨਗਰ, ਸੇਠੀ ਉਧਨਵਾਲ ਚੇਅਰਮੈਨ ਮਾਰਕਿਟ ਕਮੇਟੀ ਬਲਾਚੌਰ, ਬਲਵੀਰ ਚੰਦ ਚੇਅਰਮੈਨ ਰਾਮਗੜੀਆਂ ਵੈਲਫੇਅਰ ਬੋਰਡ, ਸਵਿੰਦਰਪਾਲ ਸਿੰਘ ਉਪ ਕਪਤਾਨ ਪੁਲਿਸ ਬਲਾਚੌਰ, ਬਲਦੇਵ ਸਿੰਘ ਸੁਪਰਡੈਂਟ ਦਫਤਰ ਉਪ ਮੰਡਲ ਮੈਜਿਸਟਰੇਟ ਬਲਾਚੌਰ, ਸੁਖਦੇਵ ਸਿੰਘ ਪਨੇਸਰ ਕਾਠਗੜ, ਗਿਆਨੀ ਮੋਹਨ ਸਿੰਘ, ਜੋਗਿੰਦਰ ਸਿੰਘ ਸੋਹਨਪਾਲ, ਰਾਜਿੰਦਰ ਸਿੰਘ ਸ਼ਿੰਦੀ, ਗਿਆਨੀ ਸਰੂਪ ਸਿੰਘ, ਅਮਨਦੀਪ ਸਿੰਘ ਦੀਪਾ ਤੇ ਹੋਰ ਪੰਤਵੰਤੇ ਹਾਜ਼ਰ ਸਨ।