24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਵਿਆਹ ਸਮਾਗਮ ਤੋਂ ਵਾਪਸ ਆਉਂਦੇ ਸਮੇਂ ਦੋ ਧੜਿਆਂ ਵਿਚਕਾਰ ਖੂਨੀ ਝੜਪ

ਬਮਿਆਲ, 22 ਸਤੰਬਰ (ਰਾਕੇਸ਼ ਸ਼ਰਮਾ)-ਵਿਆਹ ਸਮਾਗਮ ਦੌਰਾਨ ਹੋਈ ਮਾਮੂਲੀ ਤਕਰਾਰ ਉਸ ਸਮੇਂ ਖੂਨੀ ਝੜਪ ’ਚ ਬਦਲ ਗਈ, ਜਦੋਂ ਵਾਪਸ ਪਰਤ ਰਹੇ 2 ਧੜਿਆਂ ਵਿਚਕਾਰ ਰਸਤੇ ’ਚ ਕਥਿਤ ਤੌਰ ’ਤੇ ਫਾਇਰਿੰਗ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਹੋ ਗਿਆ । ਘਟਨਾ ਸੋਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਕਰੀਬ 2 ਵਜੇ ਵਾਪਰੀ ।

ਫੋਰੈਂਸਿਕ ਟੀਮ ਘਟਨਾ ਸਥਾਨ ’ਤੇ ਜਾਂਚ ਕਰਦੀ ਹੋਈ। ਤਸਵੀਰ: ਰਾਕੇਸ਼ ਸ਼ਰਮਾ 23-09-2026
ਬਮਿਆਲ, 22 ਸਤੰਬਰ (ਰਾਕੇਸ਼ ਸ਼ਰਮਾ)-ਵਿਆਹ ਸਮਾਗਮ ਦੌਰਾਨ ਹੋਈ ਮਾਮੂਲੀ ਤਕਰਾਰ ਉਸ ਸਮੇਂ ਖੂਨੀ ਝੜਪ ’ਚ ਬਦਲ ਗਈ, ਜਦੋਂ ਵਾਪਸ ਪਰਤ ਰਹੇ 2 ਧੜਿਆਂ ਵਿਚਕਾਰ ਰਸਤੇ ’ਚ ਕਥਿਤ ਤੌਰ ’ਤੇ ਫਾਇਰਿੰਗ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਹੋ ਗਿਆ । ਘਟਨਾ ਸੋਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਕਰੀਬ 2 ਵਜੇ ਵਾਪਰੀ । ਗੋਲੀਆਂ ਦੀ ਆਵਾਜ਼ ਸੁਣ ਕੇ ਨੇੜਲੇ ਪਿੰਡ ਦੇ ਲੋਕਾਂ ’ਚ ਵੀ ਦਹਿਸ਼ਤ ਦਾ ਮਾਹੌਲ ਬਣ ਗਿਆ । ਜਾਣਕਾਰੀ ਅਨੁਸਾਰ ਵਿਆਹ ਸਮਾਗਮ ’ਚ ਕਿਸੇ ਗੱਲ ਨੂੰ ਲੈ ਕੇ ਗਾਜ਼ੀ ਵਾੜਮਾਂ ਵਾਸੀ ਮਨੂ ਤੇ ਰਤੜਮਾਂ ਵਾਸੀ ਨੌਜਵਾਨਾਂ ਵਿਚਕਾਰ ਤਕਰਾਰ ਹੋ ਗਈ ਸੀ । ਮੌਕੇ ’ਤੇ ਮੌਜੂਦ ਲੋਕਾਂ ਵਲੋਂ ਦੋਵਾਂ ਧਿਰਾਂ ਨੂੰ ਸਮਝਾਉਣ ਤੋਂ ਬਾਅਦ ਮਾਮਲਾ ਸ਼ਾਂਤ ਹੋ ਗਿਆ । ਸ਼ਿਕਾਇਤਕਰਤਾ ਦੇ ਅਨੁਸਾਰ ਵਿਆਹ ਸਮਾਗਮ ਤੋਂ ਵਾਪਸ ਆਉਂਦੇ ਸਮੇਂ ਮਨੂ ਵਲੋਂ ਕਥਿਤ ਤੌਰ ’ਤੇ ਉਨ੍ਹਾਂ ਦੀ ਗੱਡੀ ਦਾ ਪਿੱਛਾ ਕੀਤਾ ਗਿਆ ਤੇ ਆਪਣੇ ਕੁਝ ਸਾਥੀਆਂ ਨੂੰ ਪਿੰਡ ਕੋਲੀਆਂ ਦੇ ਨੇੜੇ ਪਹਿਲਾਂ ਹੀ ਇਕੱਠਾ ਕਰ ਲਿਆ ਗਿਆ । ਜਿਵੇਂ ਹੀ ਉਹ ਕੋਲੀਆਂ ਮੋੜ ਨੇੜੇ ਪਹੁੰਚੇ ਤਾਂ ਕਥਿਤ ਤੌਰ ’ਤੇ ਉਨ੍ਹਾਂ ਦੀ ਗੱਡੀ ਨੂੰ ਘੇਰ ਲਿਆ ਗਿਆ ਤੇ ਫਾਇਰਿੰਗ ਕੀਤੀ ਗਈ । ਇਸ ਦੌਰਾਨ ਗੱਡੀ ’ਚ ਸਵਾਰ ਨੌਜਵਾਨਾਂ ਵਲੋਂ ਬਚਣ ਲਈ ਭੱਜਣ ਦੀ ਕੋਸ਼ਿਸ਼ ਕੀਤੀ ਗਈ । ਸ਼ਿਕਾਇਤ ਮੁਤਾਬਿਕ ਮਨੂ ਤੇ ਉਸ ਦੇ ਸਾਥੀਆਂ ਵਲੋਂ ਤੂਸ਼ਾਰ ਮਹਾਲ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ । ਉਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ । ਘਟਨਾ ਦੌਰਾਨ ਇਕ ਹੋਰ ਨੌਜਵਾਨ ’ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ, ਜਿਸ ਨੇ ਭੱਜ ਕੇ ਆਪਣੀ ਜਾਨ ਬਚਾਈ । ਘਟਨਾ ਤੋਂ ਬਾਅਦ ਮੌਕੇ ’ਤੇ ਕੁੱਝ ਗੱਡੀਆਂ ਦੇ ਸ਼ੀਸ਼ੇ ਟੁੱਟੇ ਹੋਏ ਤੇ ਜ਼ਮੀਨ ’ਤੇ ਖੂਨ ਦੇ ਨਿਸ਼ਾਨ ਮਿਲੇ । ਸੂਚਨਾ ਮਿਲਦੇ ਹੀ ਥਾਣਾ ਨਰੋਟ ਜੈਮਲ ਸਿੰਘ ਦੀ ਪੁਲਿਸ ਮੌਕੇ ’ਤੇ ਪਹੁੰਚੀ ਤੇ ਜ਼ਖ਼ਮੀ ਨੌਜਵਾਨ ਨੂੰ ਇਲਾਜ ਲਈ ਭੇਜਿਆ । ਪੁਲਿਸ ਨੇ ਮਾਮਲੇ ਵਿਚ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ । ਪੁਲਿਸ ਨੇ ਮਨੂ ਵਾਸੀ ਗਾਜ਼ੀ ਵਾੜਮਾਂ ਨੂੰ ਕਾਬੂ ਕਰ ਲਿਆ ਹੈ, ਜਦਕਿ ਬਾਕੀ ਤਿੰਨ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ । ਇਸ ਮਾਮਲੇ ਵਿਚ ਪੰਜਾਬ ਪੁਲਿਸ ਦੀ ਫੋਰੈਂਸਿਕ ਟੀਮ ਵਲੋਂ ਵੀ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ । ਥਾਣਾ ਪ੍ਰਭਾਰੀ ਦਲਜੀਤ ਸਿੰਘ ਨੇ ਦੱਸਿਆ ਕਿ ਮਨੂ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ । ਮਨੂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ ।
ਪਿਛਲੀ ਖ਼ਬਰ ਗੁਲਜ਼ਾਰ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਜ਼ਿਲ੍ਹਾ ਕਾਂਗਰਸ ਵਲੋਂ ਐਸ.ਐਸ.ਪੀ. ਦਫ਼ਤਰ ਅੱਗੇ ਪ੍ਰਦਰਸ਼ਨ ਅਗਲੀ ਖ਼ਬਰ ਆਰ.ਐਮ.ਸੀ. ਰੋਡ ਦੇ ਨਿਰਮਾਣ ’ਚ ਸਪੈਸੀਫਿਕੇਸ਼ਨ ਦੀ ਪਾਲਣਾ ਨਾ ਕਰਨ ਦੀ ਸ਼ਿਕਾਇਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।