ਵੇਰਕਾ ਰੇਲਵੇ ਲਾਈਨ ਨੇੜੇ ਕੂੜੇ-ਕਰਕਟ ਨੂੰ ਅੱਗ ਲਗਾਉਣ ਨਾਲ ਫੈਲ ਰਿਹਾ ਜ਼ਹਿਰੀਲਾ ਧੂੰਆਂ
ਵੇਰਕਾ, 19 ਸਤੰਬਰ (ਲਖਵਿੰਦਰ ਸਿੰਘ)-ਵੇਰਕਾ ਪੁਲਿਸ ਸਟੇਸ਼ਨ ਅਤੇ ਕਮਿਊਨਿਟੀ ਹੈਲਥ ਸੈਂਟਰ ਦੇ ਬਿਲਕੁਲ ਸਾਹਮਣੇ ਸਥਿਤ ਮੈਡੀਕਲ ਸਟੋਰ ਸੰਚਾਲਕਾਂ ਵਲੋਂ ਕਥਿਤ ਤੌਰ ’ਤੇ ਮਿਆਦ ਪੁੱਗ ਚੁੱਕੀਆਂ (ਐਕਸਪਾਇਰੀ) ਦਵਾਈਆਂ, ਪਲਾਸਟਿਕ ਅਤੇ ਹੋਰ ਕੂੜਾ-ਕਰਕਟ ਰੇਲਵੇ ਲਾਈਨਾਂ ਦੇ ਨੇੜੇ ਸੁੱਟ ਕੇ ਅੱਗ ਲਗਾਉਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਸ ਕਾਰਨ ਖੇਤਰ ਵਿਚ ਫੈਲ ਰਹੇ ਜ਼ਹਿਰੀਲੇ ਧੂੰਏਂ ਨੇ ਆਸ-ਪਾਸ ਰਹਿਦੇ ਲੋਕਾਂ ਅਤੇ ਇਥੋਂ ਲੰਘਣ ਵਾਲੇ ਰਾਹਗੀਰਾਂ ਦਾ ਜਿਊਣਾ ਦੁਭਰ ਕੀਤਾ ਹੈ।
ਵੇਰਕਾ, 19 ਸਤੰਬਰ (ਲਖਵਿੰਦਰ ਸਿੰਘ)-ਵੇਰਕਾ ਪੁਲਿਸ ਸਟੇਸ਼ਨ ਅਤੇ ਕਮਿਊਨਿਟੀ ਹੈਲਥ ਸੈਂਟਰ ਦੇ ਬਿਲਕੁਲ ਸਾਹਮਣੇ ਸਥਿਤ ਮੈਡੀਕਲ ਸਟੋਰ ਸੰਚਾਲਕਾਂ ਵਲੋਂ ਕਥਿਤ ਤੌਰ ’ਤੇ ਮਿਆਦ ਪੁੱਗ ਚੁੱਕੀਆਂ (ਐਕਸਪਾਇਰੀ) ਦਵਾਈਆਂ, ਪਲਾਸਟਿਕ ਅਤੇ ਹੋਰ ਕੂੜਾ-ਕਰਕਟ ਰੇਲਵੇ ਲਾਈਨਾਂ ਦੇ ਨੇੜੇ ਸੁੱਟ ਕੇ ਅੱਗ ਲਗਾਉਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਸ ਕਾਰਨ ਖੇਤਰ ਵਿਚ ਫੈਲ ਰਹੇ ਜ਼ਹਿਰੀਲੇ ਧੂੰਏਂ ਨੇ ਆਸ-ਪਾਸ ਰਹਿਦੇ ਲੋਕਾਂ ਅਤੇ ਇਥੋਂ ਲੰਘਣ ਵਾਲੇ ਰਾਹਗੀਰਾਂ ਦਾ ਜਿਊਣਾ ਦੁਭਰ ਕੀਤਾ ਹੈ। ਡਾਕਟਰੀ ਮਾਹਰਾਂ ਅਨੁਸਾਰ ਦਵਾਈਆਂ ਅਤੇ ਕੈਮੀਕਲ ਯੁਕਤ ਪਲਾਸਟਿਕ ਨੂੰ ਖੁੱਲ੍ਹੇ ਵਿਚ ਅੱਗ ਲਗਾਉਣ ਨਾਲ ਨੁਕਸਾਨਦੇਹ ਗੈਸਾਂ ਹਵਾ ਵਿਚ ਘੁਲ ਜਾਂਦੀਆਂ ਹਨ। ਇਹ ਜ਼ਹਿਰੀਲਾ ਧੂੰਆਂ ਲੋਕਾਂ ਲਈ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਧੂਏਂ ਦੇ ਸੰਪਰਕ ਵਿਚ ਆਉਣ ਨਾਲ ਅੱਖਾਂ ਵਿਚ ਜਲਨ, ਪਾਣੀ ਆਉਣਾ ਅਤੇ ਚਮੜੀ ਦੀਆਂ ਗੰਭੀਰ ਐਲਰਜੀਆਂ, ਲਗਾਤਾਰ ਜ਼ਹਿਰੀਲੇ ਧੂਏਂ ਵਿਚ ਸਾਹ ਲੈਣ ਨਾਲ ਦਿਲ ਦੀਆਂ ਬਿਮਾਰੀਆਂ ਅਤੇ ਕੈਂਸਰ ਵਰਗੇ ਜਾਨਲੇਵਾ ਰੋਗਾਂ ਦਾ ਖ਼ਤਰਾ ਵੀ ਵਧ ਜਾਂਦਾ ਹੈ। ਇਸ ਮੁੱਦੇ ’ਤੇ ਚਿੰਤਾ ਪ੍ਰਗਟਾਉਂਦਿਆਂ ਸੀ.ਪੀ.ਆਈ. ਦੇ ਜ਼ਿਲ੍ਹਾ ਆਗੂ ਕਾਮਰੇਡ ਬਲਕਾਰ ਦੁਧਾਲਾ ਨੇ ਆਖਿਆ ਕਿ ਸਰਕਾਰੀ ਹੈਲਥ ਸੈਂਟਰ ਅਤੇ ਪੁਲਿਸ ਥਾਣੇ ਦੇ ਐਨ ਸਾਹਮਣੇ ਮੈਡੀਕਲ ਵੇਸਟ ਅਤੇ ਕੈਮੀਕਲ ਯੁਕਤ ਕੂੜੇ ਨੂੰ ਅੱਗ ਲਗਾਉਣਾ ਪ੍ਰਸ਼ਾਸਨ ਦੀ ਵੱਡੀ ਨਾਕਾਮੀ ਅਤੇ ਅਣਗਹਿਲੀ ਨੂੰ ਦਰਸਾਉਂਦਾ ਹੈ। ਕਾਮਰੇਡ ਦੁਧਾਲਾ ਨੇ ਮੰਗ ਕੀਤੀ ਕਿ ਪ੍ਰਦੂਸ਼ਨ ਕੰਟਰੋਲ ਬੋਰਡ ਅਤੇ ਸਿਹਤ ਵਿਭਾਗ ਤੁਰੰਤ ਇਸ ਦਾ ਸੰਗਿਆਨ ਲੈਣ ਅਤੇ ਦੋਸ਼ੀ ਮੈਡੀਕਲ ਸਟੋਰ ਮਾਲਕਾਂ ‘ਤੇ ਸਖ਼ਤ ਕਾਨੂੰਨੀ ਕਾਰਵਾਈ ਕਰਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਇਸ ਗੈਰ-ਕਾਨੂੰਨੀ ਅਤੇ ਖ਼ਤਰਨਾਕ ਕੰਮ ਨੂੰ ਤੁਰੰਤ ਨਾ ਰੋਕਿਆ, ਤਾਂ ਸੀ.ਪੀ.ਆਈ. ਸਥਾਨਕ ਲੋਕਾਂ ਨੂੰ ਨਾਲ ਲੈ ਕੇ ਤਿੱਖਾ ਜਨਤਕ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਵੇਗੀ।