ਇਕ ਕਲਰਕ ਅਤੇ ਇਕ ਸੇਵਾਦਾਰ ਦੇ ਸਹਾਰੇ ਚੱਲ ਰਿਹਾ ਹੈ ਅੰਮ੍ਰਿਤਸਰ ਦਾ ਭਾਸ਼ਾ ਵਿਭਾਗ ਦਫ਼ਤਰ
ਅੰਮ੍ਰਿਤਸਰ, 29 ਅਕਤੂਬਰ (ਹਰਮਿੰਦਰ ਸਿੰਘ)-ਪੰਜਾਬ ਸਰਕਾਰ ਦੇ ਅਧੀਨ ਆਉਂਦੇ ਵਿਭਾਗਾਂ ਵਿਚੋਂ ਭਾਸ਼ਾ ਵਿਭਾਗ ਵੀ ਇਕ ਹੈ। ਜਿਸ ਦਾ ਕੰਮ ਆਪਣੇ ਸਭਿਆਚਾਰ, ਸਾਹਿਤ ਨੂੰ ਅੱਗੇ ਵਧਾਉਣਾ ਅਤੇ ਆਪਣੇ ਵਿਰਾਸਤ ਤੋਂ ਨੌਜਵਾਨ ਪੀੜੀ ਨੂੰ ਜਾਗਰੂਕ ਕਰਵਾਉਣਾ ਹੈ।
ਅੰਮ੍ਰਿਤਸਰ, 29 ਅਕਤੂਬਰ (ਹਰਮਿੰਦਰ ਸਿੰਘ)-ਪੰਜਾਬ ਸਰਕਾਰ ਦੇ ਅਧੀਨ ਆਉਂਦੇ ਵਿਭਾਗਾਂ ਵਿਚੋਂ ਭਾਸ਼ਾ ਵਿਭਾਗ ਵੀ ਇਕ ਹੈ। ਜਿਸ ਦਾ ਕੰਮ ਆਪਣੇ ਸਭਿਆਚਾਰ, ਸਾਹਿਤ ਨੂੰ ਅੱਗੇ ਵਧਾਉਣਾ ਅਤੇ ਆਪਣੇ ਵਿਰਾਸਤ ਤੋਂ ਨੌਜਵਾਨ ਪੀੜੀ ਨੂੰ ਜਾਗਰੂਕ ਕਰਵਾਉਣਾ ਹੈ। ਗੁਰੂ ਨਗਰੀ ਅੰਮ੍ਰਿਤਸਰ ਸ਼ਹਿਰ ਨੂੰ ਇਤਿਹਾਸਕ ਅਤੇ ਵਿਰਾਸਤੀ ਨਗਰ ਹੋਣ ਦਾ ਮਾਣ ਵੀ ਪ੍ਰਾਪਤ ਹੈ ਪਰ ਇਸ ਨਗਰੀ ’ਚ ਭਾਸ਼ਾ ਅਫ਼ਸਰ ਦੀ ਕੁਰਸੀ ਬੀਤੇ ਕਈ ਮਹੀਨਿਆਂ ਤੋਂ ਖ਼ਾਲੀ ਪਈ ਹੈ। ਇਸ ਦਫ਼ਤਰ ਨੂੰ ਇਕ ਕਲਰਕ ਅਤੇ ਇਕ ਸੇਵਾਦਾਰ ਵਲੋਂ ਚਲਾਇਆ ਜਾ ਰਿਹਾ ਹੈ ਅਤੇ ਬੀਤੇ ਕਈ ਸਾਲਾਂ ਤੋਂ ਜ਼ਿਲ੍ਹਾ ਭਾਸ਼ਾ ਕਮੇਟੀ ਦਾ ਗਠਨ ਵੀ ਨਹੀਂ ਕੀਤਾ ਗਿਆ। ਅੰਮ੍ਰਿਤਸਰ ਦਾ ਭਾਸ਼ਾ ਵਿਭਾਗ ਦਾ ਦਫ਼ਤਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਹੈ। ਸਰਕਾਰਾਂ ਵਲੋਂ ਪਿਛਲੇ ਲੰਬੇ ਸਮੇਂ ਤੋਂ ਭਾਸ਼ਾ ਵਿਭਾਗ ਵਿਚ ਅਧਿਕਾਰੀਆਂ ਦੀ ਭਰਤੀ ਨਹੀਂ ਕੀਤੀ ਗਈ ਅਤੇ ਕੰਮ ਚਲਾਉਣ ਲਈ ਸਿੱਖਿਆ ਵਿਭਾਗ ਤੋਂ ਲੈ ਕੇ ਭਾਸ਼ਾ ਅਫ਼ਸਰ ਲਗਾਏ ਜਾ ਰਹੇ ਹਨ। ਅੰਮ੍ਰਿਤਸਰ ਦੇ ਜ਼ਿਲ੍ਹਾ ਭਾਸ਼ਾ ਦਫ਼ਤਰ ਤੋਂ ਭਾਸ਼ਾ ਅਫ਼ਸਰ ਵਜੋਂ ਆਖ਼ਰੀ ਵਾਰ ਭੁਪਿੰਦਰ ਸਿੰਘ ਮੱਟੂ ਸੇਵਾ ਮੁਕਤ ਹੋਏ ਸਨ ਉਸ ਉਪਰੰਤ ਸਿੱਖਿਆ ਵਿਭਾਗ ਤੋਂ ਅਧਿਕਾਰੀਆਂ ਨੂੰ ਲੈ ਕੇ ਭਾਸ਼ਾ ਵਿਭਾਗ ਦਾ ਚਾਰਜ ਸੌਂਪਿਆ ਜਾਂਦਾ ਰਿਹਾ ਹੈ। ਕਈ ਮਹੀਨੇ ਤੱਕ ਭਾਸ਼ਾ ਅਫ਼ਸਰ ਦਾ ਕੰਮ ਖੋਜ ਅਫ਼ਸਰ ਇੰਦਰਜੀਤ ਸਿੰਘ ਵਲੋਂ ਚਲਾਇਆ ਗਿਆ ਜਿਨ੍ਹਾਂ ਦਾ ਤਬਾਦਲਾ 30 ਜੁਲਾਈ ਨੂੰ ਹੋਣ ਉਪਰੰਤ ਹੁਣ ਜ਼ਿਲ੍ਹਾ ਭਾਸ਼ਾ ਅਫ਼ਸਰ, ਜ਼ਿਲ੍ਹਾ ਖੋਜ ਅਫ਼ਸਰ ਦਾ ਕੰਮ ਅਤੇ ਵਿਭਾਗ ਦਾ ਹੋਰ ਦਫ਼ਤਰੀ ਕੰਮ ਵੀ ਇਕ ਕਲਰਕ ਵਲੋਂ ਚਲਾਇਆ ਜਾ ਰਿਹਾ ਹੈ ਅਤੇ ਉਸ ਦੇ ਨਾਲ ਇਕ ਸਹਾਇਕ ਸਟਾਫ਼ ਵਜੋਂ ਕੰਮ ਸੇਵਾਦਾਰ ਵਲੋਂ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਜ਼ਿਲ੍ਹਾ ਭਾਸ਼ਾ ਕਮੇਟੀ ਬਣਾਈ ਗਈ ਸੀ ਪਰ ਪੰਜ ਸਾਲ ਹੋਣ ਨੂੰ ਆ ਗਏ ਹਨ ਅਜੇ ਤੱਕ ਜ਼ਿਲ੍ਹਾ ਭਾਸ਼ਾ ਕਮੇਟੀ ਦਾ ਗਠਿਤ ਵੀ ਨਹੀਂ ਕੀਤਾ ਗਿਆ। ਇਸ ਕਮੇਟੀ ਵਿਚ ਇਕ ਵਿਧਾਇਕ ਤੋਂ ਇਲਾਵਾ ਸਾਹਿੱਤਿਕ , ਲੇਖਕ, ਪੱਤਰਕਾਰ ਮੈਂਬਰ ਹੋਇਆ ਕਰਦੇ ਹਨ। ਸੂਤਰ ਦੱਸਦੇ ਹਨ ਕਿ ਨਵੀਂ ਕਮੇਟੀ ਬਣਾਉਣ ਲਈ ਮੈਂਬਰਾਂ ਦੀ ਸੂਚੀ ਉੱਚ ਦਫ਼ਤਰ ਵਿਖੇ ਭੇਜੀ ਗਈ ਸੀ ਪਰ ਫਿਰ ਵੀ ਕਮੇਟੀ ਨਹੀਂ ਬਣੀ।