19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਦੁਕਾਨਦਾਰਾਂ ਵਲੋਂ ਸੜਕਾਂ ’ਤੇ ਸਾਮਾਨ ਸਜਾਉਣ ਕਾਰਨ ਆਵਾਜਾਈ ਪ੍ਰਭਾਵਿਤ * ਐਂਬੂਲੈਂਸਾਂ ਲਈ ਵੀ ਬਣਦੀ ਹੈ ਵੱਡੀ ਮੁਸੀਬਤ, ਟ੍ਰੈਫਿਕ ਪੁਲਿਸ ਤੇ ਸਬੰਧਿਤ ਵਿਭਾਗਾਂ ਦੀ ਕਾਰਗੁਜ਼ਾਰੀ ’ਤੇ ਉੱਠੇ ਸਵਾਲ

ਫੁੱਲਾਂਵਾਲ, 18 ਨਵੰਬਰ (ਮਨਜੀਤ ਸਿੰਘ ਦੁੱਗਰੀ)- ਸਮਾਰਟ ਸ਼ਹਿਰ ਦਾ ਦਰਜਾ ਰੱਖਣ ਵਾਲੇ ਲੁਧਿਆਣਾ ਦੀਆਂ ਮੁੱਖ ਸੜਕਾਂ ’ਤੇ ਟ੍ਰੈਫਿਕ ਵਿਵਸਥਾ ਸੁਚਾਰੂ ਬਣਾਉਣ ਲਈ ਖਿੱਚੀਆਂ ਚਿੱਟੀਆਂ ਲਕੀਰਾਂ ਦੀ ਪ੍ਰਵਾਹ ਨਾ ਕਰਦੇ ਹੋਏ ਦੁਕਾਨਦਾਰਾਂ ਵਲੋਂ ਕੀਤੇ ਜਾ ਰਹੇ ਨਾਜਾਇਜ਼ ਕਬਜ਼ੇ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਪੋਲ ਖੋਲ੍ਹ ਰਹੇ ਹਨ। ਦੁਕਾਨਾਂ ਦੇ ਬਾਹਰ ਸੜਕਾਂ ‘ਤੇ ਸਾਮਾਨ ਸਜਾਉਣ ਤੇ ਆਪਣੇ ਕਾਰੋਬਾਰੀ ਅੱਡੇ ਜਮਾਉਣ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦਕਿ ਕਈ ਥਾਵਾਂ ’ਤੇ ਦਿਨ ਦੇ ਸਮੇਂ ਆਵਾਜਾਈ ਜਾਮ ਹੋਣਾ ਆਮ ਵਰਤਾਰਾ ਬਣਿਆ ਹੋਇਆ ਹੈ, ਜਿਸ ਦੀ ਮਿਸਾਲ ਲੁਧਿਆਣਾ ਦੀ 200 ਫੁੱਟੀ ਮਿੰਸਿਗ ਲਿੰਕ ਸੜਕ ਨਾਲ ਜੁੜਦੀ ਪ੍ਰਸ਼ਾਸਨ ਵਲੋਂ ‘ਨੋ ਟੋਲਰੈਂਸ’ ਐਲਾਨੀ ਧਾਂਦਰਾ ਸੜਕ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ (ਪੱਖੋਵਾਲ ਸੜਕ) ’ਤੇ ਆਮ ਦੇਖਣ ਨੂੰ ਮਿਲ ਰਹੀ ਹੈ।

ਅਜੀਤ ਡੈਸਕ 19-11-2026
ਫੁੱਲਾਂਵਾਲ, 18 ਨਵੰਬਰ (ਮਨਜੀਤ ਸਿੰਘ ਦੁੱਗਰੀ)- ਸਮਾਰਟ ਸ਼ਹਿਰ ਦਾ ਦਰਜਾ ਰੱਖਣ ਵਾਲੇ ਲੁਧਿਆਣਾ ਦੀਆਂ ਮੁੱਖ ਸੜਕਾਂ ’ਤੇ ਟ੍ਰੈਫਿਕ ਵਿਵਸਥਾ ਸੁਚਾਰੂ ਬਣਾਉਣ ਲਈ ਖਿੱਚੀਆਂ ਚਿੱਟੀਆਂ ਲਕੀਰਾਂ ਦੀ ਪ੍ਰਵਾਹ ਨਾ ਕਰਦੇ ਹੋਏ ਦੁਕਾਨਦਾਰਾਂ ਵਲੋਂ ਕੀਤੇ ਜਾ ਰਹੇ ਨਾਜਾਇਜ਼ ਕਬਜ਼ੇ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਪੋਲ ਖੋਲ੍ਹ ਰਹੇ ਹਨ। ਦੁਕਾਨਾਂ ਦੇ ਬਾਹਰ ਸੜਕਾਂ ‘ਤੇ ਸਾਮਾਨ ਸਜਾਉਣ ਤੇ ਆਪਣੇ ਕਾਰੋਬਾਰੀ ਅੱਡੇ ਜਮਾਉਣ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦਕਿ ਕਈ ਥਾਵਾਂ ’ਤੇ ਦਿਨ ਦੇ ਸਮੇਂ ਆਵਾਜਾਈ ਜਾਮ ਹੋਣਾ ਆਮ ਵਰਤਾਰਾ ਬਣਿਆ ਹੋਇਆ ਹੈ, ਜਿਸ ਦੀ ਮਿਸਾਲ ਲੁਧਿਆਣਾ ਦੀ 200 ਫੁੱਟੀ ਮਿੰਸਿਗ ਲਿੰਕ ਸੜਕ ਨਾਲ ਜੁੜਦੀ ਪ੍ਰਸ਼ਾਸਨ ਵਲੋਂ ‘ਨੋ ਟੋਲਰੈਂਸ’ ਐਲਾਨੀ ਧਾਂਦਰਾ ਸੜਕ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ (ਪੱਖੋਵਾਲ ਸੜਕ) ’ਤੇ ਆਮ ਦੇਖਣ ਨੂੰ ਮਿਲ ਰਹੀ ਹੈ। ਇਨ੍ਹਾਂ ਮੁੱਖ ਸੜਕਾਂ ਦੇ ਕਿਨਾਰਿਆਂ ’ਤੇ ਸਥਿਤ ਦੁਕਾਨਦਾਰਾਂ ਵਲੋਂ ਦੁਕਾਨਾਂ ਦੇ ਬਾਹਰ ਚਿੱਟੀ ਲਕੀਰ ਦੇ ਅੰਦਰ ਤੱਕ ਸਾਮਾਨ ਰੱਖ ਕੇ ਕਾਰੋਬਾਰੀ ਸਰਗਰਮੀਆਂ ਚਲਾਈਆਂ ਜਾ ਰਹੀਆਂ ਹਨ। ਨਤੀਜੇ ਵਜੋਂ ਇਨ੍ਹਾਂ ਦੁਕਾਨਾਂ ’ਤੇ ਆਉਣ ਵਾਲੇ ਗਾਹਕਾਂ ਵਲੋਂ ਵੀ ਦੁਕਾਨਾਂ ਦੇ ਅੱਗੇ ਹੀ ਆਪਣੇ ਵਾਹਨ ਖੜੇ ਕੀਤੇ ਜਾਣ ਨਾਲ ਸੜਕ ਦੀ ਆਵਾਜਾਈ ਲਈ ਨਿਰਧਾਰਿਤ ਜਗ੍ਹਾ ਘੱਟ ਰਹੀ ਹੈ ਤੇ ਵਾਹਨ ਚਾਲਕਾਂ ਨੂੰ ਇਕ-ਦੂਜੇ ਤੋਂ ਅੱਗੇ ਲੰਘਣ ਲਈ ਜੱਦੋ-ਜਹਿਦ ਕਰਨੀ ਪੈਂਦੀ ਹੈ। ਸ਼ਹਿਰ ਵਿਚ ਪ੍ਰਵੇਸ਼ ਕਰਨ ਲਈ ਇਨ੍ਹਾਂ ਮੁੱਖ ਸੜਕਾਂ ਤੋਂ ਹਸਪਤਾਲਾਂ ਵੱਲ ਜਾਣ ਵਾਲੀਆਂ ਐਂਬੂਲੈਂਸਾਂ ਦੀ ਆਵਾਜਾਈ ਵੀ ਵੱਡੀ ਗਿਣਤੀ ਵਿਚ ਰਹਿੰਦੀ ਹੈ। ਅਜਿਹੇ ਵਿਚ ਜੇਕਰ ਸੜਕਾਂ ‘ਤੇ ਜਾਮ ਕਾਰਨ ਐਂਬੂਲੈਂਸ ਨੂੰ ਰਸਤਾ ਨਾ ਮਿਲੇ ਤਾਂ ਮਰੀਜ਼ਾਂ ਦੀ ਜ਼ਿੰਦਗੀ ਵੀ ਖ਼ਤਰੇ ਵਿਚ ਪੈ ਸਕਦੀ ਹੈ। ਇਹ ਸਿਰਫ਼ ਟ੍ਰੈਫਿਕ ਦੀ ਸਮੱਸਿਆ ਨਹੀਂ, ਸਗੋਂ ਲੋਕਾਂ ਦੀ ਸੁਰੱਖਿਆ ਤੇ ਐਮਰਜੈਂਸੀ ਸੇਵਾਵਾਂ ਨਾਲ ਜੁੜਿਆ ਗੰਭੀਰ ਮਸਲਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਰਸਤੇ ਸ਼ਹਿਰ ਦੇ ਪ੍ਰਮੁੱਖ ਮਾਰਗਾਂ ਵਿਚ ਸ਼ਾਮਲ ਹਨ, ਜਿੱਥੋਂ ਆਮ ਤੌਰ ‘ਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਆਮ ਹੀ ਵਿਚਰਦੇ ਰਹਿੰਦੇ ਹਨ। ਇਸ ਦੇ ਬਾਵਜੂਦ ਸੜਕਾਂ ’ਤੇ ਕੀਤੇ ਇਨ੍ਹਾਂ ਇਨ੍ਹਾਂ ਕਬਜ਼ਿਆਂ ਵਿਰੁੱਧ ਕੋਈ ਠੋਸ ਤੇ ਲਗਾਤਾਰ ਕਾਰਵਾਈ ਨਾ ਹੋਣਾ ਕਈ ਸਵਾਲ ਖੜ੍ਹੇ ਕਰਦਾ ਹੈ। ਜੇਕਰ ਆਮ ਲੋਕਾਂ ਨੂੰ ਦਿਖਾਈ ਦੇਣ ਵਾਲੀ ਇਹ ਸਮੱਸਿਆ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਨਜ਼ਰ ਵਿਚ ਨਹੀਂ ਆ ਰਹੀ ਤਾਂ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਸੁਧਾਰਨ ਦੇ ਦਾਅਵਿਆਂ ਦੀ ਅਸਲੀਅਤ ਕੀ ਹੈ? ਇਕ ਪਾਸੇ ਵਾਹਨ ਚਾਲਕਾਂ ਦੇ ਚਲਾਨ ਕੱਟਣ ਲਈ ਟ੍ਰੈਫਿਕ ਪੁਲਿਸ ਸਰਗਰਮ ਦਿਖਾਈ ਦਿੰਦੀ ਹੈ, ਪਰ ਦੂਜੇ ਪਾਸੇ ਸੜਕਾਂ ’ਤੇ ਹੋ ਰਹੇ ਕਬਜ਼ਿਆਂ ਕਾਰਨ ਪ੍ਰਭਾਵਿਤ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਸਥਾਈ ਪ੍ਰਬੰਧ ਕਰਨ ਵੱਲ ਇਸ ਦਾ ਕੋਈ ਧਿਆਨ ਨਹੀਂ ਹੈ। ਸਿਰਫ਼ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦਾ ਪਾਠ ਪੜ੍ਹਾਉਣ ਨਾਲ ਟ੍ਰੈਫਿਕ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ, ਜਦੋਂ ਸੜਕਾਂ ਕਿਨਾਰੇ ਵਾਹਨ ਪਾਰਕ ਕੀਤੇ ਜਾਣ ਵਾਲੀ ਜਗ੍ਹਾ ਹੀ ਨਾਜਾਇਜ਼ ਕਬਜ਼ਿਆਂ ਦੀ ਭੇਟ ਚੜ੍ਹੀ ਹੋਵੇ ਅਤੇ ਲੰਬੇ ਜਾਮ ਲੱਗਣ ਨਾਲ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇ। ਹੁਣ ਦੇਖਣਾ ਇਹ ਹੋਵੇਗਾ ਕਿ ਸਮਾਰਟ ਸਿਟੀ ਦੀਆਂ ਸੜਕਾਂ ਨੂੰ ਕਬਜ਼ਾ ਮੁਕਤ ਕਰਵਾਉਣ ਲਈ ਸਬੰਧਿਤ ਵਿਭਾਗ ਨੀਂਦ ਤੋਂ ਕਦੋਂ ਜਾਗਦੇ ਹਨ ਜਾਂ ਫਿਰ ਆਮ ਰਾਹਗੀਰਾਂ ਨੂੰ ਜਾਮਾਂ ਵਿਚ ਫਸ ਕੇ ਹੀ ਆਪਣੀਆਂ ਮੰਜ਼ਿਲਾਂ ਤੱਕ ਪਹੁੰਚਣ ਲਈ ਮਜਬੂਰ ਹੁੰਦੇ ਰਹਿਣਾ ਪਵੇਗਾ। ਕੀ ਕਹਿਣਾ ਹੈ ਲੁਧਿਆਣਾ ਟ੍ਰੈਫਿਕ ਜ਼ੋਨ ਛੇ ਦੇ ਇੰਚਾਰਜ ਦਾ- ਜਦੋਂ ਇਸ ਬਾਬਤ ਲੁਧਿਆਣਾ ਟ੍ਰੈਫਿਕ ਜ਼ੋਨ ਛੇ ਦੇ ਇੰਚਾਰਜ ਸਹਾਇਕ ਥਾਣੇਦਾਰ ਹਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਟ੍ਰੈਫਿਕ ਦੇ ਸੁਚਾਰੂ ਢੰਗ ਨਾਲ ਚੱਲਣ ਲਈ ਉਨ੍ਹਾਂ ਦੀ ਟੀਮ ਵਲੋਂ ਇਨ੍ਹਾਂ ਸੜਕਾਂ ਉੱਪਰ ਪੂਰੀ ਸਖ਼ਤੀ ਕੀਤੀ ਹੋਈ ਹੈ। ਉਨ੍ਹਾਂ ਵਲੋਂ ਲਗਾਤਾਰ ਗਸ਼ਤ ਕਰਨ ਦੇ ਨਾਲ-ਨਾਲ ਪੁਲਿਸ ਕੰਟਰੋਲ ਰੂਮ ਦਸਤਿਆਂ ਦੀ ਵੀ ਡਿਊਟੀ ਲਗਾਈ ਹੋਈ ਹੈ। ਸੜਕ ਦੇ ਬਾਹਰ ਸਾਮਾਨ ਰੱਖਣ ਵਾਲੇ ਦੁਕਾਨਦਾਰਾਂ ਤੇ ਪਾਰਕ ਕਰਨ ਵਾਲੇ ਵਾਹਨਾਂ ਦੇ ਚਾਲਾਨ ਉਨ੍ਹਾਂ ਦੀ ਟੀਮ ਵਲੋਂ ਲਗਾਤਾਰ ਕੀਤੇ ਜਾਂਦੇ ਰਹਿੰਦੇ ਹਨ। ਇਸ ਦੇ ਬਾਵਜੂਦ ਪੁਲਿਸ ਦੇ ਉਥੋਂ ਜਾਂਦਿਆਂ ਹੀ ਇਹ ਦੁਕਾਨਦਾਰ ਮੁੜ ਸੜਕ ਕਿਨਾਰੇ ਆਪਣੀਆਂ ਦੁਕਾਨਾਂ ਸਜਾ ਲੈਂਦੇ ਹਨ, ਜਿਸ ਲਈ ਇਸ ਟ੍ਰੈਫਿਕ ਦੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਇਨ੍ਹਾਂ ਦੁਕਾਨਦਾਰਾਂ ਨੂੰ ਖੁਦ ਨੂੰ ਜਾਗਰੂਕ ਹੋਣ ਦੀ ਲੋੜ ਹੈ।
ਪਿਛਲੀ ਖ਼ਬਰ ਸਰਕਾਰੀ ਸਕੂਲ ਆਲੋਵਾਲ ਵਿਖੇ ਬਾਲ ਮੇਲਾ ਮਨਾਇਆ ਅਗਲੀ ਖ਼ਬਰ ਸੜਕਾਂ ’ਤੇ ਕਿਸੇ ਵੀ ਤਰ੍ਹਾਂ ਦਾ ਕਾਰੋਬਾਰੀ ਕਬਜ਼ਾ ਨਾ ਹੋਣ ਦਿੱਤਾ ਜਾਵੇ-ਸੁੱਖਾ, ਜੋਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।