ਐੱਸ. ਏ. ਐੱਸ. ਨਗਰ, 2 ਸਤੰਬਰ (ਕਪਿਲ ਵਧਵਾ)-ਥਾਣਾ ਸੋਹਾਣਾ ਅਧੀਨ ਪੈਂਦੇ ਇਲਾਕੇ ਵਿਚ ਸੀ. ਪੀ.-67 ਦੇ ਸਾਹਮਣੇ ਸਥਿਤ ਹੇਅਰ ਮਾਸਟਰ ਸੈਲੂਨ ‘ਤੇ ਅੱਜ ਰਾਤ ਫਾਈਰਿੰਗ ਹੋਣ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਵਿਚ ਸਨਸਨੀ ਫੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾਵਰਾਂ ਵਲੋਂ ਸੈਲੂਨ ਦੇ ਸ਼ੀਸ਼ੇ ਨੂੰ ਨਿਸ਼ਾਨਾ ਬਣਾਉਂਦਿਆਂ ਪਿਸਟਲ ‘ਚੋਂ ਇਕ ਰਾਊਂਡ ਫਾਇਰ ਕੀਤਾ ਗਿਆ। ਘਟਨਾ ਵਿਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ, ਜਦਕਿ ਗੋਲੀ ਦੇ ਨਿਸ਼ਾਨ ਸੈਲੂਨ ਦੇ ਸ਼ੀਸ਼ੇ ‘ਤੇ ਦਿਖਾਈ ਦੇ ਰਹੇ ਹਨ। ਇਸ ਸੰਬੰਧੀ ਗੱਲਬਾਤ ਕਰਦਿਆਂ ਥਾਣਾ ਸੋਹਾਣਾ ਦੇ ਐਸ. ਐਚ. ਓ. ਸਿਮਰਜੀਤ ਸਿੰਘ ਨੇ ਦੱਸਿਆ ਕਿ ਗੋਲਬਾਰੀ ਦੀ ਇਹ ਘਟਨਾ ਕਰੀਬ 8.20 ਵਜੇ ਵਾਪਰੀ। ਉਨ੍ਹਾਂ ਕਿਹਾ ਕਿ ਫ਼ਿਲਹਾਲ ਕਿਸੇ ਨੂੰ ਕਿਸੇ ਵੀ ਪ੍ਰਕਾਰ ਦੀ ਧਮਕੀ ਮਿਲਣ ਸੰਬੰਧੀ ਕੋਈ ਪੁਸ਼ਟੀ ਨਹੀਂ ਹੋਈ ਹੈ ਅਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਸੀ. ਸੀ. ਟੀ. ਵੀ. ਫੁਟੇਜ਼ ਸਮੇਤ ਹੋਰ ਸਬੂਤ ਇਕੱਤਰ ਕਰ ਲਏ ਗਏ। ਮਾਮਲਾ ਸੰਵੇਦਨਸ਼ੀਲ ਹੋਣ ਕਾਰਨ ਪੁਲਿਸ ਵਲੋਂ ਇਸ ਬਾਬਤ ਵਧੇਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ। ਦੱਸਿਆ ਜਾ ਰਿਹਾ ਹੈ ਕਿ ਸੈਲੂਨ ਦੇ ਸੰਚਾਲਕਾਂ ਨੂੰ ਪਹਿਲਾਂ ਧਮਕੀ ਭਰੇ ਫ਼ੋਨ ਵੀ ਆਏ ਸਨ, ਹਾਲਾਂਕਿ ਪੁਲਿਸ ਨੇ ਅਜੇ ਤੱਕ ਇਸ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ। ਪੁਲਿਸ ਵਲੋਂ ਫਾਈਰਿੰਗ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਲਈ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਖੰਗਾਲੀ ਜਾ ਰਹੀ ਹੈ।