ਐੱਸ.ਏ.ਐੱਸ. ਨਗਰ, 8 ਸਤੰਬਰ (ਕਪਿਲ ਵਧਵਾ)– ਪੰਜਾਬ ਦੇ ਡੀ. ਜੀ. ਪੀ. ਦੇ ਹੁਕਮਾਂ ’ਤੇ ਮੁਹਾਲੀ ਪੁਲਿਸ ਵਲੋਂ ਅਪਰਾਧਿਕ ਗਤੀਵਿਧੀਆਂ ਨੂੰ ਠੱਲ੍ਹ ਪਾਉਣ ਅਤੇ ਰਾਤ ਸਮੇਂ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਲਈ ‘ਆਪਰੇਸ਼ਨ ਨਾਈਟ ਡੋਮੀਨੇਸ਼ਨ’ ਸ਼ੁਰੂ ਕੀਤਾ ਗਿਆ ਹੈ। ਇਸ ਤਹਿਤ ਰਾਤ 7 ਤੋਂ 11 ਵਜੇ ਤੱਕ ਵਿਸ਼ੇਸ਼ ਨਾਕਾਬੰਦੀਆਂ ਲਗਾ ਕੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਮੁਹਾਲੀ ਦੀ ਪ੍ਰਮੁੱਖ ਫੇਜ਼-3ਬੀ2 ਮਾਰਕੀਟ ਵਿਖੇ ਪੁਲਿਸ ਵਲੋਂ ਨਾਕਾਬੰਦੀ ਕੀਤੀ ਗਈ, ਜਿਥੇ ਬਿਨਾਂ ਨੰਬਰ ਪਲੇਟ ਵਾਲੇ ਵਾਹਨਾਂ ਤੋਂ ਇਲਾਵਾ ਸ਼ੱਕੀ ਅਨਸਰਾਂ ਨੂੰ ਰੋਕ ਕੇ ਤਲਾਸ਼ੀ ਲਈ ਗਈ। ਖ਼ਬਰ ਲਿਖੇ ਜਾਣ ਤੱਕ ਤਿੰਨ ਮੋਟਰਸਾਈਕਲਾਂ ਇੰਮਪਾਂਡ ਕੀਤਾ ਗਿਆ। ਐੱਸ. ਐੱਸ. ਪੀ. ਮੁਹਾਲੀ ਆਈ. ਪੀ. ਐੱਸ. ਵਰੁਣ ਸ਼ਰਮਾ ਨੇ ਨਾਕਾਬੰਦੀ ਦਾ ਨਿਰੀਖਣ ਕਰਦਿਆਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਮੁਹਾਲੀ ਪੁਲਿਸ ਵਲੋਂ ਨਾਕਾਬੰਦੀ ਦੇ ਦੋ ਪੱਧਰਾਂ-‘ਸਿਟੀ ਸੀਲਿੰਗ’ ਅਤੇ ‘ਡਿਸਟਰਿਕਟ ਸੀਲਿੰਗ’-ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਸਿਟੀ ਸੀਲਿੰਗ ਤਹਿਤ 24 ਘੰਟੇ ਚੱਲਣ ਵਾਲੀਆਂ 19 ਨਾਕਾਬੰਦੀਆਂ ਲਗਾਈਆਂ ਗਈਆਂ ਹਨ, ਜਿਥੇ ਗਜ਼ਟਿਡ ਅਫ਼ਸਰ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਅਤੇ ਹਰਿਆਣਾ ਨਾਲ ਲੱਗਦੀਆਂ ਹੱਦਾਂ ਸਮੇਤ ਦਿਹਾਤੀ ਖੇਤਰਾਂ ਵਿਚ ਡਿਸਟਰਿਕਟ ਸੀਲਿੰਗ ਦੌਰਾਨ ਸਰਕਲ ਅਫ਼ਸਰ ਅਤੇ ਥਾਣਾ ਮੁਖੀ ਨਿਗਰਾਨੀ ਰੱਖਣਗੇ। ਰਾਤ ਸਮੇਂ ਸ਼ਰਾਬ ਪੀ ਕੇ ਵਾਹਨ ਚਲਾਉਣ, ਹੁੱਲੜਬਾਜ਼ੀ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਐਸ. ਪੀ. ਸਿਟੀ ਦਿਲਪ੍ਰੀਤ ਸਿੰਘ, ਐਸ. ਪੀ. ਰਮਨਦੀਪ ਸਿੰਘ, ਡੀ. ਐਸ. ਪੀ. ਸਿਟੀ 1 ਗੁਰਚਰਨ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਵੀ ਹਾਜ਼ਰ ਰਹੇ।