ਖਰੜ, 21 ਅਕਤੂਬਰ (ਜੰਡਪੁਰੀ)-ਸਥਾਨਕ ਵਾ. ਨੰ. 7 ਮੁੰਡੀ ਖਰੜ ਦਾ ਕਾਂਗਰਸੀ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਵਲੋਂ ਦੌਰਾ ਕੀਤਾ ਗਿਆ। ਇਸ ਮੌਕੇ ਸਥਾਨਕ ਵਸਨੀਕਾਂ ਨੇ ਕੰਗ ਨੂੰ ਦੱਸਿਆ ਕਿ ਇਥੇ ਧੱਕੇ ਨਾਲ ਹੀ ਨਾਜਾਇਜ਼ ਡੰਪਿੰਗ ਗਰਾਊਂਡ ਬਣਾਇਆ ਜਾ ਰਿਹਾ ਅਤੇ ਐਮ. ਸੀ. ਪਾਰਕ ਦੀ ਵੀ ਬਹੁਤ ਮਾੜੀ ਹਾਲਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਗੰਦੇ ਪਾਣੀ ਵਾਲੀ ਚੋਈ ਦੇ ਨਾਲ ਪੈਂਦੇ ਇਕ ਪਲਾਟ ‘ਚ ਲੋਕਾਂ ਵਲੋਂ ਜਬਰਨ ਕੂੜਾ-ਕਰਕਟ ਸੁੱਟਿਆ ਜਾ ਰਿਹਾ ਅਤੇ ਕਈ ਰੇਹੜੀਆਂ ਵਾਲੇ ਵੱਖ-ਵੱਖ ਕਾਲੋਨੀਆਂ ਤੋਂ ਕੂੜਾ ਇਕੱਠਾ ਕਰਕੇ ਇਥੇ ਸੁੱਟ ਰਹੇ ਹਨ, ਜਿਸ ਕਾਰਨ ਆਲੇ-ਦੁਆਲੇ ਬਦਬੂ ਫੈਲ ਰਹੀ ਹੈ, ਜੋ ਕਿ ਕਿਸੇ ਸਮੇਂ ਵੀ ਕਿਸੇ ਭਿਆਨਕ ਬਿਮਾਰੀ ਪਸਾਰੇ ਦਾ ਸ੍ਰੋਤ ਬਣ ਸਕਦੀ ਹੈ। ਇਸ ਮੌਕੇ ਸਥਾਨਕ ਵਸਨੀਕਾਂ ਨੇ ਮੰਗ ਕੀਤੀ ਕਿ ਇਥੇ ਕੂੜਾ ਸੁੱਟਣ ‘ਤੇ ਤੁਰੰਤ ਪਾਬੰਦੀ ਲਗਾਈ ਜਾਵੇ। ਇਸ ਦੇ ਚਲਦਿਆਂ ਸਾਬਕਾ ਮੰਤਰੀ ਕੰਗ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਸਥਾਨਕ ਪ੍ਰਸ਼ਾਸਨ ਅਤੇ ਕੌਂਸਲ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਸ ਸਮੱਸਿਆ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਵਾਉਣ ਲਈ ਹਰ ਸੰਭਵ ਉਪਰਾਲਾ ਕਰਨਗੇ। ਇਸ ਮੌਕੇ ਅਮਰਿੰਦਰ ਸਿੰਘ ਰੋਮੀ ਕੰਗ, ਗਿਆਨ ਸਿੰਘ ਥਿੰਦ, ਹਰਬੰਸ ਸਿੰਘ, ਕੁਲਵੰਤ ਸਿੰਘ ਸ਼ੇਰਗਿੱਲ, ਮਾਸਟਰ ਸ਼ਿੰਗਾਰਾ ਸਿੰਘ, ਰਸ਼ਪਾਲ ਸਿੰਘ, ਦਵਿੰਦਰ ਸਿੰਘ, ਰਿਹਾਨ ਮੁਹੰਮਦ, ਗੁਰਿੰਦਰ ਸਿੰਘ ਤੇ ਗੁਰੀਆ ਆਦਿ ਵੀ ਹਾਜ਼ਰ ਸਨ।