ਇਕ ਧਿਰ ਦੇ ਪੰਜ ਤੇ ਦੂਜੀ ਧਿਰ ਦੇ ਦੋ ਵਿਅਕਤੀ ਹਸਪਤਾਲ ਦਾਖ਼ਲ
ਡੇਰਾਬੱਸੀ, 29 ਅਕਤੂਬਰ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਨੇੜਲੇ ਪਿੰਡ ਦਫ਼ਰਪੁਰ ਦੀ ਗੁਰੂ ਨਾਨਕ ਕਾਲੋਨੀ ਵਿਚ ਇਕ ਪਲਾਟ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਇਆ ਵਿਵਾਦ ਖ਼ੂਨੀ ਝੜਪ ਵਿਚ ਬਦਲ ਗਿਆ। ਇਸ ਘਟਨਾ ਵਿਚ ਦੋਵਾਂ ਧਿਰਾਂ ਦੇ ਕੁੱਲ ਸੱਤ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਡੇਰਾਬੱਸੀ, 29 ਅਕਤੂਬਰ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਨੇੜਲੇ ਪਿੰਡ ਦਫ਼ਰਪੁਰ ਦੀ ਗੁਰੂ ਨਾਨਕ ਕਾਲੋਨੀ ਵਿਚ ਇਕ ਪਲਾਟ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਇਆ ਵਿਵਾਦ ਖ਼ੂਨੀ ਝੜਪ ਵਿਚ ਬਦਲ ਗਿਆ। ਇਸ ਘਟਨਾ ਵਿਚ ਦੋਵਾਂ ਧਿਰਾਂ ਦੇ ਕੁੱਲ ਸੱਤ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਨ੍ਹਾਂ ਵਿਚ ਇਕ ਧਿਰ ਦੇ ਪੰਜ ਅਤੇ ਦੂਜੀ ਧਿਰ ਦੇ ਦੋ ਵਿਅਕਤੀ ਹਸਪਤਾਲ ਵਿਚ ਦਾਖ਼ਲ ਹਨ। ਪੁਲਿਸ ਨੇ ਫਿਲਹਾਲ ਇਕ ਧਿਰ ਦੇ 71 ਸਾਲਾ ਬਜ਼ੁਰਗ ਦੀ ਸ਼ਿਕਾਇਤ ਉੱਤੇ ਤਿੰਨ ਵਿਅਕਤੀਆਂ ਨੂੰ ਨਾਮਜ਼ਦ ਕਰਦਿਆਂ 5-6 ਅਣਪਛਾਤਿਆਂ ਖ਼ਿਲਾਫ਼ ਇਰਾਦਾ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਦੂਜੀ ਧਿਰ ਦੇ ਜ਼ਖ਼ਮੀਆਂ ਦੇ ਬਿਆਨ ਵੀ ਲਏ ਜਾ ਰਹੇ ਹਨ। ਮਨਈਸ਼ਵਰ ਸਿੰਘ (71) ਪੁੱਤਰ ਗੋਪਾਲ ਸਿੰਘ ਵਾਸੀ ਦਫ਼ਰਪੁਰ ਨੇ ਦੱਸਿਆ ਕਿ 28 ਅਕਤੂਬਰ ਨੂੰ ਉਹ ਸ਼ਕੁੰਤਲਾ ਦੇਵੀ ਨਾਲ ਗੁਰੂ ਨਾਨਕ ਕਾਲੋਨੀ ਸਥਿਤ ਪਲਾਟ ਨੰ. 2 ਵਿਚ ਮਿੱਟੀ ਪਵਾ ਰਹੇ ਸਨ। ਇਸ ਦੌਰਾਨ ਉਹ ਸ਼ਕੁੰਤਲਾ ਦੇਵੀ ਦੇ ਪਤੀ ਕਰਨ ਸਿੰਘ ਨਾਲ ਪਲਾਟ ਵਿਚ ਬੈਠੇ ਸਨ । ਦੁਪਹਿਰ ਕਰੀਬ 12 ਵਜੇ ਪਿੰਡ ਦੇ ਹੀ ਅਰਵਿੰਦਰ ਸਿੰਘ, ਹਾਕਮ ਸਿੰਘ ਅਤੇ ਬਹਾਦਰ ਸਿੰਘ ਆਪਣੇ 5-6 ਹੋਰ ਸਾਥੀਆਂ ਸਮੇਤ ਉਥੇ ਪਹੁੰਚੇ ਅਤੇ ਕਥਿਤ ਤੌਰ ‘ਤੇ ਗਾਲੀ-ਗਲੋਚ ਸ਼ੁਰੂ ਕਰ ਦਿੱਤੀ। ਜਦੋਂ ਉਸ ਨੇ ਗਾਲੀ-ਗਲੋਚ ਦਾ ਕਾਰਨ ਪੁੱਛਿਆ ਤਾਂ ਅਰਵਿੰਦਰ ਸਿੰਘ ਨੇ ਕੁਹਾੜੀ ਨਾਲ ਉਸ ਦੇ ਸਿਰ ਦੇ ਪਿਛਲੇ ਹਿੱਸੇ ਉੱਤੇ ਵਾਰ ਕਰ ਦਿੱਤਾ। ਇਸ ਤੋਂ ਬਾਅਦ ਹਾਕਮ ਸਿੰਘ ਨੇ ਕਿਰਪਾਨ ਨਾਲ ਛਾਤੀ ’ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਬਚਾਅ ਲਈ ਬਾਂਹ ਅੱਗੇ ਕਰਨ ਕਾਰਨ ਵਾਰ ਗੁੱਟ ’ਤੇ ਲੱਗਿਆ। ਇਸੇ ਦੌਰਾਨ ਹੋਰ ਵਿਅਕਤੀਆਂ ਨੇ ਡੰਡਿਆਂ ਨਾਲ ਕੁੱਟਮਾਰ ਕੀਤੀ। ਰੌਲਾ ਸੁਣ ਕੇ ਬਚਾਅ ਲਈ ਆਏ ਮਨਵਿੰਦਰ ਮਲਕ ਨੂੰ ਵੀ ਕਥਿਤ ਤੌਰ ‘ਤੇ ਕੁੱਟਿਆ ਗਿਆ। ਸ਼ਿਕਾਇਤ ਵਿਚ ਹਮਲਾਵਰਾਂ ’ਤੇ ਪਲਾਟ ਦੇ ਬਾਹਰ ਖੜ੍ਹੀ ਇਨੋਵਾ ਗੱਡੀ ਦੀ ਭੰਨਤੋੜ ਕਰਨ ਦੇ ਵੀ ਦੋਸ਼ ਲਾਏ ਗਏ ਹਨ। ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਏ. ਐੱਸ. ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਝੜਪ ਵਿਚ ਇਕ ਧਿਰ ਦੇ ਪੰਜ ਤੇ ਦੂਜੀ ਧਿਰ ਦੇ ਦੋ ਵਿਅਕਤੀ ਜ਼ਖ਼ਮੀ ਹੋਏ ਹਨ, ਜੋ ਹਸਪਤਾਲ ਵਿਚ ਦਾਖ਼ਲ ਹਨ । ਉਨ੍ਹਾਂ ਦੱਸਿਆ ਕਿ ਦੂਜੀ ਧਿਰ ਦੇ ਜ਼ਖ਼ਮੀਆਂ ਦੇ ਬਿਆਨ ਵੀ ਲਏ ਜਾ ਰਹੇ ਹਨ ਅਤੇ ਡਾਕਟਰੀ ਰਿਪੋਰਟਾਂ ਤੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਪਹਿਲੀ ਧਿਰ ਦੀ ਸ਼ਿਕਾਇਤ ’ਤੇ ਅਰਵਿੰਦਰ ਸਿੰਘ, ਹਾਕਮ ਸਿੰਘ ਅਤੇ ਬਹਾਦਰ ਸਿੰਘ ਸਮੇਤ 5-6 ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਵਲੋਂ ਪਲਾਟ ਸੰਬੰਧੀ ਵਿਵਾਦ ਦੇ ਅਸਲ ਕਾਰਨਾਂ ਤੇ ਦੋਵਾਂ ਧਿਰਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।