20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਕੋਕੀਨ ਤੇ ਨਸ਼ੀਲੇ ਕੈਪਸੂਲ ਬਰਾਮਦ ਹੋਣ ਦੇ ਮਾਮਲੇ ’ਚ ਨਾਈਜੀਰੀਅਨ ਦੀ ਜ਼ਮਾਨਤ ਅਰਜ਼ੀ ਖਾਰਜ

ਐੱਸ. ਏ.

ਨਾਈਜੀਰੀਅਨ ਐਮੇਕਾ ਜੈਰਾਲਡ ਅਨੇਮੇ ਦੀ ਤਸਵੀਰ। 21-11-2026
ਐੱਸ. ਏ. ਐੱਸ. ਨਗਰ, 20 ਨਵੰਬਰ (ਕਪਿਲ ਵਧਵਾ)-500 ਗ੍ਰਾਮ ਕੋਕੀਨ, 20 ਨਸ਼ੀਲੇ ਕੈਪਸੂਲ ਤੇ 46 ਹਜ਼ਾਰ ਰੁ. ਦੀ ਡਰੱਗ ਮਨੀ ਬਰਾਮਦ ਹੋਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਨਾਈਜੀਰੀਅਨ ਐਮੇਕਾ ਜੈਰਾਲਡ ਅਨੇਮੇ ਨੂੰ ਅਦਾਲਤ ਤੋਂ ਰਾਹਤ ਨਹੀਂ ਮਿਲੀ। ਮੁਹਾਲੀ ਦੀ ਵਿਸ਼ੇਸ਼ ਅਦਾਲਤ ਦੀ ਜੱਜ ਨੀਤਿਕਾ ਵਰਮਾ ਨੇ ਮੁਲਜ਼ਮ ਦੀ ਰੈਗੂਲਰ ਜ਼ਮਾਨਤ ਦੀ ਅਰਜ਼ੀ ਨੂੰ ਤਿੰਨ ਦਿਨਾਂ ਅੰਦਰ ਹੀ ਖਾਰਜ਼ ਕਰ ਦਿੱਤਾ। ਅਦਾਲਤ ਨੇ ਇਹ ਫ਼ੈਸਲਾ ਐੱਫ. ਐੱਸ. ਐੱਲ. ਦੀ ਰਿਪੋਰਟ ਵਿਚ ਮੁਲਜ਼ਮ ਤੋਂ ਬਰਾਮਦ ਨਸ਼ੀਲੇ ਪਦਾਰਥ ਦੇ ਕੋਕੀਨ ਹੋਣ ਦੀ ਪੁਸ਼ਟੀ ਅਤੇ ਐੱਨ. ਡੀ. ਪੀ. ਐੱਸ. ਐਕਟ ਦੀਆਂ ਸਖ਼ਤ ਧਾਰਾਵਾਂ ਨੂੰ ਧਿਆਨ ਵਿਚ ਰੱਖਦਿਆਂ ਸੁਣਾਇਆ। ਹਾਸਿਲ ਜਾਣਕਾਰੀ ਅਨੁਸਾਰ ਮੁਲਜ਼ਮ ਐਮੇਕਾ ਜੈਰਾਲਡ ਅਨੇਮੇ ਵਿਰੁੱਧ 24 ਅਕਤੂਬਰ 2025 ਨੂੰ ਸਪੈਸ਼ਲ ਟਾਸਕ ਫੋਰਸ ਮੁਹਾਲੀ ਥਾਣੇ ਵਿਚ ਐੱਨ. ਡੀ. ਪੀ. ਐੱਸ. ਐਕਟ ਦੀਆਂ ਧਾਰਾਵਾਂ 21 ਅਤੇ 29 ਤਹਿਤ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਮੁਲਜ਼ਮ ਨੇ ਆਪਣੇ ਵਕੀਲ ਰਾਹੀਂ 17 ਨਵੰਬਰ ਨੂੰ ਦਾਇਰ ਜ਼ਮਾਨਤ ਅਰਜ਼ੀ ਵਿਚ ਦਾਅਵਾ ਕੀਤਾ ਸੀ ਕਿ ਉਸ ਨੂੰ ਇਸ ਮਾਮਲੇ ’ਚ ਝੂਠਾ ਫਸਾਇਆ ਗਿਆ ਹੈ ਅਤੇ ਉਸ ਕੋਲੋਂ ਕੋਈ ਬਰਾਮਦਗੀ ਨਹੀਂ ਹੋਈ। ਉਸ ਨੇ ਇਹ ਵੀ ਦਲੀਲ ਦਿੱਤੀ ਸੀ ਕਿ ਉਹ ਕਰੀਬ 11 ਮਹੀਨਿਆਂ ਤੋਂ ਜੇਲ੍ਹ ਵਿਚ ਬੰਦ ਹੈ ਅਤੇ ਮੁਕੱਦਮੇ ਦੀ ਸੁਣਵਾਈ ਪੂਰੀ ਹੋਣ ਵਿਚ ਕਾਫ਼ੀ ਸਮਾਂ ਲੱਗ ਸਕਦਾ ਹੈ, ਇਸ ਲਈ ਉਸ ਨੂੰ ਜ਼ਮਾਨਤ ਦਿੱਤੀ ਜਾਵੇ। ਦੂਜੇ ਪਾਸੇ ਸਰਕਾਰੀ ਧਿਰ ਨੇ ਜ਼ਮਾਨਤ ਦਾ ਵਿਰੋਧ ਕਰਦਿਆਂ ਕਿਹਾ ਕਿ ਮੁਲਜ਼ਮ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਦੀਆਂ ਸਖ਼ਤ ਧਾਰਾਵਾਂ ਲਾਗੂ ਹੁੰਦੀਆਂ ਹਨ। ਅਦਾਲਤ ਨੇ ਰਿਕਾਰਡ ਦਾ ਜਾਇਜ਼ਾ ਲੈਣ ਤੋਂ ਬਾਅਦ ਪਾਇਆ ਕਿ ਮੁਲਜ਼ਮ ਅਤੇ ਉਸ ਦੇ ਸਾਥੀ ਦੇ ਕਬਜ਼ੇ ਵਿਚੋਂ 500 ਗ੍ਰਾਮ ਕੋਕੀਨ, 20 ਨਸ਼ੀਲੇ ਕੈਪਸੂਲ ਅਤੇ 46 ਹਜ਼ਾਰ ਰੁ. ਦੀ ਡਰੱਗ ਮਨੀ ਬਰਾਮਦ ਹੋਈ ਸੀ। ਅਦਾਲਤ ਦੇ ਹੁਕਮਾਂ ਅਨੁਸਾਰ ਐੱਫ. ਐੱਸ. ਐੱਲ. ਦੀ ਰਿਪੋਰਟ ਵਿਚ ਲਿਫ਼ਾਫ਼ਾ ਨੰਬਰ ਇਕ ਵਿਚ ਭੇਜੇ ਗਏ ਨਮੂਨੇ ਵਿਚ ਕੋਕੀਨ ਹੋਣ ਦੀ ਪੁਸ਼ਟੀ ਹੋਈ ਹੈ, ਜਦਕਿ ਲਿਫ਼ਾਫ਼ਾ ਨੰਬਰ ਦੋ ਵਿਚ ਭੇਜੇ ਗਏ ਨਸ਼ੀਲੇ ਕੈਪਸੂਲਾਂ ਵਿਚ ਡਾਈਫੇਨੌਕਸੀਲੇਟ ਹਾਈਡ੍ਰੋਕਲੋਰਾਈਡ ਪਾਇਆ ਗਿਆ ਹੈ। ਅਦਾਲਤ ਨੇ ਬਰਾਮਦਗੀ ਦੀ ਮਾਤਰਾ ਨੂੰ ਵਪਾਰਕ ਮਾਤਰਾ ਮੰਨਦਿਆਂ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 37 ਦੀਆਂ ਸਖ਼ਤ ਸ਼ਰਤਾਂ ਲਾਗੂ ਹੋਣ ਦਾ ਜ਼ਿਕਰ ਕੀਤਾ। ਅਦਾਲਤ ਨੇ ਇਹ ਵੀ ਕਿਹਾ ਕਿ ਜੇਕਰ ਮੁਲਜ਼ਮ ਨੂੰ ਜ਼ਮਾਨਤ ‘ਤੇ ਰਿਹਾਅ ਕੀਤਾ ਜਾਂਦਾ ਹੈ ਤਾਂ ਉਸ ਦੇ ਮੁੜ ਨਸ਼ਾ ਤਸਕਰੀ ਦੇ ਕਾਰੋਬਾਰ ਵਿਚ ਸ਼ਾਮਿਲ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਤੱਥਾਂ ਦੇ ਆਧਾਰ ‘ਤੇ ਜੱਜ ਨੀਤਿਕਾ ਵਰਮਾ ਨੇ ਸ਼ੁੱਕਰਵਾਰ ਨੂੰ ਮੁਲਜ਼ਮ ਦੀ ਪਹਿਲੀ ਰੈਗੂਲਰ ਜ਼ਮਾਨਤ ਅਰਜ਼ੀ ਨੂੰ ਖਾਰਜ਼ ਕਰਨ ਦੇ ਹੁਕਮ ਸੁਣਾਏ।
ਪਿਛਲੀ ਖ਼ਬਰ ਚੀਮਾ ਵਲੋਂ ਭਰਤੀ ਪ੍ਰਕਿਰਿਆ ਲਈ ਸਿੱਖਿਆ ਵਿਭਾਗ ਨੂੰ ਜਲਦ ਇਸ਼ਤਿਹਾਰ ਜਾਰੀ ਕਰਨ ਦੇ ਨਿਰਦੇਸ਼ ਅਗਲੀ ਖ਼ਬਰ ਪੀ. ਸੀ. ਐਸ. ਭਰਤੀ ਘੁਟਾਲੇ ਦੇ ਵਿਰੋਧ ’ਚ ਭਾਜਪਾ ਦੇ ਯੁਵਾ ਮੋਰਚੇ ਵਲੋਂ ਮੁਹਾਲੀ ਵਿਖੇ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।