ਸੀਵਰੇਜ ਦੇ ਪਾਣੀ ਨੇ ਜੋਧੂ ਕਾਲੋਨੀ ਬਣਾਈ ਨਰਕ
ਸ੍ਰੀ ਮੁਕਤਸਰ ਸਾਹਿਬ, 6 ਸਤੰਬਰ (ਹਰਮਹਿੰਦਰ ਪਾਲ)-ਸ਼ਹਿਰ ਦੀ ਸੰਘਣੀ ਆਬਾਦੀ ਵਿਚ ਵਾਰਡ 9 ਤੇ 10 ਦੇ ਵਿਚਕਾਰ ਪੈਂਦੀ ਜੋਧੀ ਕਾਲੋਨੀ ਦੀ ਕੱਚਾ ਉਦੇਕਰਨ ਸੜਕ ਸੀਵਰੇਜ ਦੇ ਗੰਦੇ ਪਾਣੀ ਨਾਲ ਭਰੀ ਰਹਿੰਦੀ ਹੈ। ਇਉਂ ਲੱਗਦਾ ਹੈ ਜਿਵੇਂ ਇਹ ਇਲਾਕਾ ਪਵਿੱਤਰ ਸ਼ਹਿਰ ਅਤੇ ਜ਼ਿਲ੍ਹਾ ਸਦਰ ਮੁਕਾਮ ਦਾ ਨਹੀਂ, ਸਗੋਂ ਕਿਸੇ ਅੰਤਾਂ ਦੇ ਪੱਛੜੇ ਤੇ ਜੰਗਲੀ ਇਲਾਕੇ ਦਾ ਹੋਵੇ।
ਸ੍ਰੀ ਮੁਕਤਸਰ ਸਾਹਿਬ, 6 ਸਤੰਬਰ (ਹਰਮਹਿੰਦਰ ਪਾਲ)-ਸ਼ਹਿਰ ਦੀ ਸੰਘਣੀ ਆਬਾਦੀ ਵਿਚ ਵਾਰਡ 9 ਤੇ 10 ਦੇ ਵਿਚਕਾਰ ਪੈਂਦੀ ਜੋਧੀ ਕਾਲੋਨੀ ਦੀ ਕੱਚਾ ਉਦੇਕਰਨ ਸੜਕ ਸੀਵਰੇਜ ਦੇ ਗੰਦੇ ਪਾਣੀ ਨਾਲ ਭਰੀ ਰਹਿੰਦੀ ਹੈ। ਇਉਂ ਲੱਗਦਾ ਹੈ ਜਿਵੇਂ ਇਹ ਇਲਾਕਾ ਪਵਿੱਤਰ ਸ਼ਹਿਰ ਅਤੇ ਜ਼ਿਲ੍ਹਾ ਸਦਰ ਮੁਕਾਮ ਦਾ ਨਹੀਂ, ਸਗੋਂ ਕਿਸੇ ਅੰਤਾਂ ਦੇ ਪੱਛੜੇ ਤੇ ਜੰਗਲੀ ਇਲਾਕੇ ਦਾ ਹੋਵੇ। ਸਿੱਤਮ ਦੀ ਗੱਲ ਹੈ ਕਿ ਲੋਕਾਂ ਨੂੰ ਘਰ ਤੋਂ ਬਾਹਰ ਨਿਕਲਦਿਆਂ ਹੀ ਗੰਦੇ ਪਾਣੀ ’ਚ ਪੈਰ ਪਾਉਣੇ ਪੈਂਦੇ ਹਨ। ਗੰਦਾ ਮੁਸ਼ਕ ਹਵਾ ਵਿਚ ਤੈਰਦਾ ਰਹਿੰਦਾ ਹੈ। ਸਾਹ ਲੈਣਾ ਔਖਾ ਹੈ। ਕੌਂਸਲਰ ਸੰਜਨਾ ਭੰਮ, ਕਰਮਜੀਤ ਸਿੰਘ ਭੰਮ, ਗੋਲਡੀ ਬਹਿਲ, ਮੋਨੂੰ ਤੇ ਡਾਕਟਰ ਟਿੱਕਾ ਹੋਰਾਂ ਨੇ ਦੱਸਿਆ ਕਿ ਗੰਦਾ ਪਾਣੀ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ। ਗੰਦੇ ਪਾਣੀ ਦੀ ਵਜ੍ਹਾ ਕਰਕੇ ਉਹ ਆਪਣੇ ਕਿਸੇ ਰਿਸ਼ਤੇਦਾਰ ਨੂੰ ਘਰ ਨਹੀਂ ਸੱਦ ਸਕਦੇ। ਇਸ ਖੇਤਰ ’ਚ ਕਰੀਬ ਪੰਜ-ਛੇ ਹਜ਼ਾਰ ਘਰ ਹਨ, ਜਿਨ੍ਹਾਂ ਦਾ ਰਸਤਾ ਇਹੀ ਸੜਕ ਹੈ। ਅੱਗੋਂ ਇਹ ਸੜਕ ਪਿੰਡ ਉਦੇਕਰਨ, ਬੂੜਾ ਗੁੱਜਰ ਤੇ ਫ਼ਿਰੋਜ਼ਪੁਰ ਰੋਡ ਨੂੰ ਮਿਲਦੀ ਹੈ, ਇਸ ਕਰਕੇ ਹਰ ਵੇਲੇ ਆਵਾਜਾਈ ਰਹਿੰਦੀ ਹੈ। ਸਿਟੀ ਹੋਟਲ ਤੋਂ ਲੈ ਕੇ ਕਰੀਬ ਦੋ ਕਿੱਲੋਮੀਟਰ ਸੜਕ ਉਪਰ ਗੰਦਾ ਪਾਣੀ ਭਰਿਆ ਹੋਣ ਕਰਕੇ ਲੋਕਾਂ ਨੂੰ ਕੰਮਾਂ ਅਤੇ ਬੱਚਿਆਂ ਨੂੰ ਸਕੂਲ ਜਾਣ ਲਈ ਇਸ ਗੰਦੇ ਪਾਣੀ ਵਿਚ ਵੀ ਲੰਘਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਪੈਰਾਂ ਨਾਲ ਲੱਗ ਕੇ ਇਹੀ ਗੰਦਾ ਤੇ ਜ਼ਹਿਰੀ ਪਾਣੀ ਰਸੋਈਆਂ ਤੱਕ ਚਲਾ ਜਾਂਦਾ ਹੈ। ਪੀਣ ਵਾਲੇ ਪਾਣੀ ਦੀਆਂ ਪਾਈਪਾਂ ਵੀ ਇਸੇ ਪਾਣੀ ਵਿਚ ਡੁੱਬੀ ਹੋਈਆਂ ਹਨ। ਲੋਕਾਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ। ਉਨ੍ਹਾਂ ਦੱਸਿਆ ਕਿ ਵਾਰ-ਵਾਰ ਸ਼ਿਕਾਇਤ ਕਰਨ ’ਤੇ ਵਿਭਾਗ ਦੀਆਂ ਗੱਡੀਆਂ ਸੀਵਰੇਜ ਵਿਚੋਂ ਪਾਣੀ ਭਰ ਕੇ ਲੈ ਜਾਂਦੀਆਂ ਹਨ, ਪਰ ਕੁਝ ਸਮੇਂ ਬਾਅਦ ਫ਼ਿਰ ਸੜਕ ਪਾਣੀ ਨਾਲ ਭਰ ਜਾਂਦੀ ਹੈ। ਲੋਕਾਂ ਦੀ ਮੰਗ ਹੈ ਕਿ ਸੀਵਰੇਜ ਦੇ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਕਰਵਾਇਆ ਜਾਵੇ। ਇਸ ਦੌਰਾਨ ਸੀਵਰੇਜ ਵਿਭਾਗ ਦੇ ਐੱਸ.ਡੀ.ਓ. ਰਮਿੰਦਰਜੀਤ ਸਿੰਘ ਬੇਦੀ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਸੀਵਰੇਜ ਦੀਆਂ ਓਵਰ ਫਲੋਟ ਪਾਈਪਾਂ ਪਾਈਆਂ ਜਾ ਰਹੀਆਂ ਹਨ ਅਤੇ ਜਲਦੀ ਹੀ ਉਹ ਚਾਲੂ ਕਰ ਦਿੱਤੀਆਂ ਜਾਣਗੀਆਂ। ਪੁਰਾਣਾ ਸੀਵਰੇਜ ਕਈ ਥਾਵਾਂ ਤੋਂ ਜਾਮ ਹੋਣ ਕਰਕੇ ਪਾਣੀ ਓਵਰ ਫਲੋਅ ਹੋ ਜਾਂਦਾ ਹੈ, ਫ਼ਿਰ ਵੀ ਉਹ ਇਸ ਸਮੱਸਿਆ ਦਾ ਜਲਦੀ ਹੱਲ ਕਰਨਗੇ।