03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਟੀ. ਬੀ. ਵਿਰੁੱਧ ਲੜਾਈ ਨੂੰ ਜਨ ਲਹਿਰ ਬਣਾਉਣ ਦਾ ਸੱਦਾ

ਪਟਿਆਲਾ, 2 ਅਕਤੂਬਰ (ਮਨਦੀਪ ਸਿੰਘ ਖਰੌੜ)- ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਤਪਦਿਕ (ਟੀ. ਬੀ.)

ਅਜੀਤ ਡੈਸਕ 03-10-2026
ਪਟਿਆਲਾ, 2 ਅਕਤੂਬਰ (ਮਨਦੀਪ ਸਿੰਘ ਖਰੌੜ)- ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਤਪਦਿਕ (ਟੀ. ਬੀ.) ਵਿਰੁੱਧ ਲੜਾਈ ਨੂੰ ਜਨ ਲਹਿਰ ਬਣਾਉਣ ਦਾ ਸੱਦਾ ਦਿੱਤਾ ਹੈ। ਰਾਜਪਾਲ ਨੇ ਸਰਕਾਰੀ ਮੈਡੀਕਲ ਕਾਲਜ, ਵਿਖੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਾਲ ਤਪਦਿਕ ਤੇ ਫੇਫੜਿਆਂ ਦੀਆਂ ਬਿਮਾਰੀਆਂ ਬਾਰੇ 81ਵੀਂ ਰਾਸ਼ਟਰੀ ਕਾਨਫਰੰਸ ‘ਨੈਟਕੌਨ-2026’ ਦਾ ਉਦਘਾਟਨ ਕੀਤਾ। ਇਸ ਮੌਕੇ ਰਾਜਪਾਲ ਨੇ ਕਿਹਾ ਕਿ ਟੀ. ਬੀ. ਦਾ ਖਾਤਮਾ ਸਿਰਫ਼ ਸਰਕਾਰ ਜਾਂ ਸਿਹਤ ਵਿਭਾਗ ਦੀ ਇਕੱਲੀ ਜ਼ਿੰਮੇਵਾਰੀ ਨਹੀਂ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਪ੍ਰਣ ਕਰਨਾ ਹੋਵੇਗਾ ਕਿ ਕੋਈ ਵੀ ਟੀ. ਬੀ. ਮਰੀਜ਼ ਸਮੇਂ ਸਿਰ ਜਾਂਚ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਟੀ. ਬੀ. ਵਿਰੁੱਧ ਜਾਗਰੂਕਤਾ ਨੂੰ ਜਨ ਅੰਦੋਲਨ ਅਤੇ ਲੋਕਾਂ ਦੀ ਸਰਗਰਮ ਭਾਗੀਦਾਰੀ ਦੀ ਮੁਹਿੰਮ ਬਣਾਉਣ ਦੀ ਲੋੜ ਹੈ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਾਲ 1939 ਵਿਚ ਸਥਾਪਿਤ ਟਿਊਬਰਕਲੋਸਿਸ ਐਸੋਸੀਏਸ਼ਨ ਆਫ਼ ਇੰਡੀਆ ਵਲੋਂ ਦਹਾਕਿਆਂ ਤੋਂ ਭਾਰਤ ਵਿਚ ਟੀਬੀ ਕੰਟਰੋਲ, ਜਨਤਕ ਜਾਗਰੂਕਤਾ, ਡਾਕਟਰੀ ਸਿੱਖਿਆ ਅਤੇ ਵਿਗਿਆਨਕ ਖੋਜ ਦੇ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ। ਰਾਜਪਾਲ ਨੇ ਟੀ. ਬੀ. ਦੇ ਮਰੀਜ਼ਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਇਲਾਜ ਮੁਹੱਈਆ ਕਰਵਾਉਣ ਦੇ ਨਾਲ-ਨਾਲ ਪੌਸ਼ਟਿਕ ਖੁਰਾਕ ਉਪਲਬਧ ਕਰਵਾਉਣ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ‘ਨਿਕਸ਼ੇ ਮਿੱਤਰ’ ਸਕੀਮ ਰਾਹੀਂ ਟੀ.ਬੀ. ਮਰੀਜ਼ਾਂ ਦੀ ਬਾਂਹ ਫੜੀ ਹੈ, ਜਦਕਿ ਇੰਡੀਅਨ ਰੈਡ ਕਰਾਸ ਸੁਸਾਇਟੀ ਵੀ ਅਜਿਹੇ ਮਰੀਜ਼ਾਂ ਦੀ ਮਦਦ ਕਰ ਰਹੀ ਹੈ। ਗੁਲਾਬ ਚੰਦ ਕਟਾਰੀਆ ਨੇ ਪੰਜਾਬ ਵਿਚ ਪ੍ਰਤੀ ਲੱਖ ਆਬਾਦੀ ਪਿੱਛੇ ਟੀਬੀ ਦੇ ਮਰੀਜ਼ਾਂ ਦੀ ਗਿਣਤੀ ਕੌਮੀ ਔਸਤ ਨਾਲੋਂ ਵੱਧ ਹੋਣ ’ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਪੰਜਾਬ ਨੇ ਸਾਲ 2030 ਤੱਕ ਟੀ.ਬੀ. ਦੇ ਖਾਤਮੇ ਦਾ ਟੀਚਾ ਰੱਖਿਆ ਹੈ। ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਟੀ.ਬੀ. ਦੇ ਮਰੀਜ਼ਾਂ ਦੇ ਨਾਲ-ਨਾਲ ਐਚ.ਆਈ.ਵੀ. ਅਤੇ ਹੈਪੇਟਾਈਟਸ ਦੇ ਮਰੀਜ਼ਾਂ ਨੂੰ ਵੀ ਪੌਸ਼ਟਿਕ ਖੁਰਾਕ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਮੰਤਰੀ ਨੇ ਰਾਜਪਾਲ ਕਟਾਰੀਆ ਨੂੰ ਅਪੀਲ ਕੀਤੀ ਕਿ ਮੁੱਖ ਮੰਤਰੀ ਸਿਹਤ ਯੋਜਨਾ ਦੇ ਘੇਰੇ ਹੇਠ ਲਿਆਂਦੇ ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ ਪੀ.ਜੀ.ਆਈ., ਚੰਡੀਗੜ੍ਹ ਵਿਖੇ ਵੀ ਮੁਫ਼ਤ ਇਲਾਜ ਦੀ ਸਹੂਲਤ ਪ੍ਰਦਾਨ ਕਰਨ ਲਈ ਕਦਮ ਉਠਾਏ ਜਾਣ। ਰਾਸ਼ਟਰੀ ਕਾਨਫਰੰਸ ਦੌਰਾਨ ਡਾ. ਵਿਸ਼ਵਾ ਕਟੋਚ, ਚੇਅਰਮੈਨ ਤਪਦਿਕ ਐਸੋਸੀਏਸ਼ਨ ਡਾ. ਵੀ.ਕੇ. ਵੋਹਰਾ, ਨੈਟਕੌਨ-2026 ਦੇ ਪ੍ਰਧਾਨ ਡਾ. ਸੂਰਿਆ ਕਾਂਤ, ਸਾਇੰਟਿਫਿਕ ਕਮੇਟੀ ਦੇ ਚੇਅਰਮੈਨ ਡਾ. ਐਸ.ਕੇ. ਜਿੰਦਲ, ਪੰਜਾਬ ਸਟੇਟ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਸ਼ਿਵਦੁਲਾਰ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਐਸ.ਐਸ.ਪੀ. ਡਾ. ਹਰਮਨਦੀਪ ਸਿੰਘ ਹੰਸ, ਏ.ਡੀ.ਸੀ. ਸ੍ਰੀਮਤੀ ਨਵਰੀਤ ਕੌਰ ਸੇਖੋਂ, ਡਾਇਰੈਕਟਰ ਮੈਡੀਕਲ ਸਿੱਖਿਆ ਡਾ. ਅਵਨੀਸ਼ ਕੁਮਾਰ, ਡਾਇਰੈਕਟਰ-ਪ੍ਰਿੰਸੀਪਲ ਡਾ. ਆਰ.ਪੀ.ਐਸ. ਸਿਬੀਆ ਸਮੇਤ ਵੱਡੀ ਗਿਣਤੀ ਵਿਚ ਹੋਰ ਸ਼ਖ਼ਸੀਅਤਾਂ ਮੌਜੂਦ ਸਨ। ਇਸ ਮੌਕੇ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਤੇ ਆਰਗੇਨਾਈਜ਼ਿੰਗ ਚੇਅਰਮੈਨ ਡਾ. ਵਿਸ਼ਾਲ ਚੋਪੜਾ ਨੇ ਸਵਾਗਤ ਕਰਦਿਆਂ ਦੱਸਿਆ ਕਿ ਸਾਲ 1956 ਤੋਂ ਬਾਅਦ ਦੂਜੀ ਵਾਰ ਪਟਿਆਲਾ ਵਿਚ ਹੋ ਰਹੀ ਇਸ ਕਾਨਫਰੰਸ ਵਿਚ ਦੇਸ਼ ਭਰ ਤੋਂ ਲਗਪਗ 500 ਪ੍ਰਤੀਨਿਧੀ ਪਹੁੰਚੇ ਹਨ। ਇਨ੍ਹਾਂ ਵਿਚ ਪਲਮੋਨੋਲੋਜਿਸਟ ਫੇਫੜਿਆਂ ਦੇ ਰੋਗਾਂ ਦੇ ਮਾਹਰ, ਟੀ.ਬੀ. ਮਾਹਰ, ਮੈਡੀਕਲ ਫੈਕਲਟੀ, ਖੋਜਕਰਤਾ ਅਤੇ ਪੋਸਟ-ਗ੍ਰੈਜੂਏਟ ਵਿਦਿਆਰਥੀ ਸ਼ਾਮਲ ਹਨ। ਇਸ ਮੌਕੇ ਸੰਗਠਨ ਸਕੱਤਰ ਡਾ. ਕ੍ਰਾਂਤੀ ਗਰਗ ਨੇ ਧੰਨਵਾਦ ਕਰਦਿਆਂ ਦੱਸਿਆ ਕਿ ਤਿੰਨ ਦਿਨ ਚੱਲਣ ਵਾਲੀ ਇਸ ਕਾਨਫ਼ਰੰਸ ਵਿਚ ਵਿਗਿਆਨਕ ਸੈਸ਼ਨ, ਮਾਹਰਾਂ ਦੇ ਭਾਸ਼ਣ, ਖੋਜ ਪੇਸ਼ਕਾਰੀਆਂ ਅਤੇ ਤਪਦਿਕ ਤੇ ਸਾਹ ਪ੍ਰਣਾਲੀ ਦੀਆਂ ਹੋਰ ਬਿਮਾਰੀਆਂ ਦੀ ਜਾਂਚ, ਇਲਾਜ ਅਤੇ ਰੋਕਥਾਮ ਦੇ ਖੇਤਰ ਵਿਚ ਹੋਈਆਂ ਨਵੀਆਂ ਤਰੱਕੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਪਿਛਲੀ ਖ਼ਬਰ ਨਸ਼ਿਆਂ ਵਿਰੁੱਧ ਗੰਭੀਰ ਤੇ ਇਮਾਨਦਾਰੀ ਨਾਲ ਯਤਨ ਕਰਨ ਦੀ ਲੋੜ- ਨਵਾਬ ਸਿੰਘ ਮਨੇਸ ਅਗਲੀ ਖ਼ਬਰ ਇਤਿਹਾਸਕ ਗੁਰਦੁਆਰਾ ਸਾਹਿਬ ਬਹਾਦਰਗੜ੍ਹ ਵਿਖੇ ਨੌਵੇਂ ਪਾਤਸ਼ਾਹ ਦੇ ਆਗਮਨ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।