ਐੱਸ. ਏ. ਐੱਸ. ਨਗਰ, 27 ਅਕਤੂਬਰ (ਕਪਿਲ ਵਧਵਾ)-ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਮਾਮਲੇ ਵਿਚ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਦੀ ਪਤਨੀ ਨੀਲਮ ਰਾਣੀ ਨੂੰ ਚਾਰ ਦਿਨਾਂ ਦਾ ਸੀ. ਬੀ. ਆਈ. ਰਿਮਾਂਡ ਖ਼ਤਮ ਹੋਣ ਉਪਰੰਤ ਅੱਜ ਮੁਹਾਲੀ ਸਥਿਤ ਵਿਸ਼ੇਸ਼ ਮੈਜਿਸਟ੍ਰੇਟ ਸੀ. ਬੀ. ਆਈ. ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੇਸ਼ੀ ਮੌਕੇ ਸੀ. ਬੀ. ਆਈ. ਦੇ ਅਧਿਕਾਰੀਆਂ ਵਲੋਂ ਉਸ ਦੇ ਹੋਰ ਰਿਮਾਂਡ ਦੀ ਮੰਗ ਨਹੀਂ ਕੀਤੀ ਗਈ, ਜਿਸ ਦੇ ਚਲਦਿਆਂ ਅਦਾਲਤ ਨੇ ਨੀਲਮ ਰਾਣੀ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਤਹਿਤ ਪਟਿਆਲਾ ਜੇਲ੍ਹ ਭੇਜ ਦਿੱਤਾ। ਇਸ ਮਾਮਲੇ ’ਚ ਨਾਮਜ਼ਦ ਬਾਕੀ ਤਿੰਨ ਮੁਲਜ਼ਮਾਂ ਨੂੰ ਰਿਮਾਂਡ ਖ਼ਤਮ ਹੋਣ ਉਪਰੰਤ ਬੁੱਧਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਰਵਿੰਦਰ ਸਿੰਘ ਝੋਟਾ ਦੀ 13 ਅਕਤੂਬਰ ਨੂੰ ਗੋਲੀਆਂ ਲੱਗਣ ਕਾਰਨ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਮੌਤ ਹੋ ਗਈ ਸੀ। ਇਸ ਤੋਂ ਬਾਅਦ ਥਾਣਾ ਸਿਟੀ-2 ਮਾਨਸਾ ਦੀ ਪੁਲਿਸ ਨੇ 14 ਅਕਤੂਬਰ ਨੂੰ ਦਰਜ ਐੱਫ. ਆਈ. ਆਰ. ਨੰ. 269 ਤਹਿਤ ਅਸ਼ਵਨੀ ਕੁਮਾਰ ਤੇ ਵਿਪਨ ਗਰਗ ਨੂੰ 14 ਅਕਤੂਬਰ ਨੂੰ, ਨੀਲਮ ਰਾਣੀ ਨੂੰ 15 ਅਕਤੂਬਰ ਨੂੰ, ਜਦਕਿ ਲਾਡੀ ਸਿੰਘ ਨੂੰ 16 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਮਾਮਲੇ ਵਿਚ ਭਾਰਤੀ ਨਿਆਂ ਸੰਹਿਤਾ ਦੀਆਂ ਸੰਬੰਧਿਤ ਧਾਰਾਵਾਂ ਅਤੇ ਅਸਲ੍ਹਾ ਐਕਟ ਤਹਿਤ ਕਾਰਵਾਈ ਕੀਤੀ ਗਈ ਹੈ।