ਬਾਂਕੀਪੁਰ ਦੀ ਹਾਰ ਨੇ ਭਾਜਪਾ ਦੀਆਂ ਰਾਜਸੀ ਜੜ੍ਹਾਂ ਹਿਲਾਈਆਂ - ਬਹਿਰੂ
ਮੂਣਕ, 27 ਅਗਸਤ (ਕੇਵਲ ਸਿੰਗਲਾ, ਪ੍ਰਵੀਨ ਮਦਾਨ) - ਬਿਹਾਰ, ਮੱਧ ਪ੍ਰਦੇਸ਼ ਅਤੇ ਗੁਜਰਾਤ ਦੀਆਂ ਵਿਧਾਨ ਸਭਾ ਜ਼ਿਮਣੀ ਚੋਣਾਂ ਦੇ ਨਤੀਜਿਆਂ ’ਤੇ ਪ੍ਰਤੀਕਰਮ ਦਿੰਦਿਆਂ ਬਜ਼ੁਰਗ ਕਿਸਾਨ ਆਗੂ ਸ੍ਰ. ਸਤਨਾਮ ਸਿੰਘ ਬਹਿਰੂ ਨੇ ਕਿਹਾ ਕਿ ਬਿਹਾਰ ਦੇ ਬਾਂਕੀਪੁਰ ਵਿਧਾਨ ਸਭਾ ਹਲਕੇ ਵਿੱਚ ਭਾਜਪਾ ਦੀ ਹਾਰ ਨੇ ਦੇਸ਼ ਦੇ ਰਾਜਨੀਤਕ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ।
ਮੂਣਕ, 27 ਅਗਸਤ (ਕੇਵਲ ਸਿੰਗਲਾ, ਪ੍ਰਵੀਨ ਮਦਾਨ) - ਬਿਹਾਰ, ਮੱਧ ਪ੍ਰਦੇਸ਼ ਅਤੇ ਗੁਜਰਾਤ ਦੀਆਂ ਵਿਧਾਨ ਸਭਾ ਜ਼ਿਮਣੀ ਚੋਣਾਂ ਦੇ ਨਤੀਜਿਆਂ ’ਤੇ ਪ੍ਰਤੀਕਰਮ ਦਿੰਦਿਆਂ ਬਜ਼ੁਰਗ ਕਿਸਾਨ ਆਗੂ ਸ੍ਰ. ਸਤਨਾਮ ਸਿੰਘ ਬਹਿਰੂ ਨੇ ਕਿਹਾ ਕਿ ਬਿਹਾਰ ਦੇ ਬਾਂਕੀਪੁਰ ਵਿਧਾਨ ਸਭਾ ਹਲਕੇ ਵਿੱਚ ਭਾਜਪਾ ਦੀ ਹਾਰ ਨੇ ਦੇਸ਼ ਦੇ ਰਾਜਨੀਤਕ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬਾਂਕੀਪੁਰ ਨੂੰ ਲੰਮੇ ਸਮੇਂ ਤੋਂ ਭਾਜਪਾ ਦਾ ਮਜ਼ਬੂਤ ਗੜ੍ਹ ਮੰਨਿਆ ਜਾਂਦਾ ਰਿਹਾ ਹੈ ਅਤੇ ਇੱਥੋਂ ਭਾਜਪਾ ਦੇ ਉਮੀਦਵਾਰ ਲਗਾਤਾਰ ਜਿੱਤਦੇ ਰਹੇ ਹਨ। ਅਜਿਹੇ ਹਲਕੇ ਵਿੱਚ ਭਾਜਪਾ ਨੂੰ ਮਿਲੀ ਹਾਰ ਨੂੰ ਆਮ ਚੋਣ ਨਤੀਜੇ ਵਜੋਂ ਨਹੀਂ ਦੇਖਿਆ ਜਾ ਸਕਦਾ। ਉਨ੍ਹਾਂ ਮੁਤਾਬਕ ਨਵੀਂ ਬਣੀ ਜਨ ਸੁਰਾਜ ਪਾਰਟੀ ਦੇ ਆਗੂ ਪ੍ਰਸ਼ਾਂਤ ਕਿਸ਼ੋਰ ਦੀ ਜਿੱਤ ਨੇ ਬਿਹਾਰ ਦੀ ਰਾਜਨੀਤੀ ਵਿੱਚ ਨਵੀਂ ਦਿਸ਼ਾ ਦੇ ਸੰਕੇਤ ਦਿੱਤੇ ਹਨ। ਸ੍ਰ. ਬਹਿਰੂ ਨੇ ਕਿਹਾ ਕਿ ਇਨ੍ਹਾਂ ਜ਼ਿਮਣੀ ਚੋਣਾਂ ਦੇ ਨਤੀਜੇ ਇਹ ਦਰਸਾਉਂਦੇ ਹਨ ਕਿ ਲੋਕ ਹੁਣ ਸਿਰਫ਼ ਧਾਰਮਿਕ ਜਾਂ ਫਿਰਕੂ ਮੁੱਦਿਆਂ ਦੀ ਬਜਾਏ ਆਪਣੇ ਰੋਜ਼ਗਾਰ, ਮਹਿੰਗਾਈ, ਕਿਸਾਨੀ, ਮਜ਼ਦੂਰਾਂ ਅਤੇ ਆਰਥਿਕ ਹਿੱਤਾਂ ਨਾਲ ਜੁੜੇ ਮੁੱਦਿਆਂ ਨੂੰ ਵੀ ਗੰਭੀਰਤਾ ਨਾਲ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਨੀਤੀਆਂ ਤੋਂ ਵੱਖ-ਵੱਖ ਵਰਗਾਂ ਵਿੱਚ ਪੈਦਾ ਹੋ ਰਹੀ ਨਾਰਾਜ਼ਗੀ ਦਾ ਅਸਰ ਚੋਣ ਨਤੀਜਿਆਂ ਵਿੱਚ ਨਜ਼ਰ ਆਉਣ ਲੱਗਾ ਹੈ। ਉਨ੍ਹਾਂ ਕਿਹਾ ਕਿ ਬਿਹਾਰ ਵਿੱਚ ਉੱਚ ਜਾਤੀ ਦੇ ਵੋਟਰਾਂ ਦੀ ਗਿਣਤੀ ਸੀਮਤ ਹੋਣ ਦੇ ਬਾਵਜੂਦ ਰਾਜਨੀਤਕ ਤੌਰ ’ਤੇ ਉਨ੍ਹਾਂ ਦਾ ਪ੍ਰਭਾਵ ਰਿਹਾ ਹੈ। ਇਸ ਲਈ ਬਾਂਕੀਪੁਰ ਵਰਗੇ ਰਵਾਇਤੀ ਤੌਰ ’ਤੇ ਭਾਜਪਾ ਦੇ ਮਜ਼ਬੂਤ ਹਲਕੇ ਵਿੱਚ ਆਇਆ ਬਦਲਾਅ ਰਾਜਸੀ ਸਮਝ ਰੱਖਣ ਵਾਲੇ ਲੋਕਾਂ ਲਈ ਖਾਸ ਮਹੱਤਵ ਰੱਖਦਾ ਹੈ। ਬਹਿਰੂ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਭਾਜਪਾ ਨੂੰ ਆਪਣੇ ਰਵਾਇਤੀ ਰਾਜਨੀਤਕ ਸਮੀਕਰਨਾਂ ’ਤੇ ਮੁੜ ਵਿਚਾਰ ਕਰਨਾ ਪੈ ਸਕਦਾ ਹੈ। ਕਿਸਾਨ ਆਗੂ ਨੇ ਕੇਂਦਰ ਸਰਕਾਰ ਦੀ ਵਿਦੇਸ਼ ਨੀਤੀ ’ਤੇ ਵੀ ਸਵਾਲ ਉਠਾਉਂਦਿਆਂ ਕਿਹਾ ਕਿ ਭਾਰਤ ਨੂੰ ਅਮਰੀਕਾ ਨਾਲ ਸਬੰਧਾਂ ਦੀ ਬਜਾਏ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ ਅਤੇ ਛੋਟੇ ਕਾਰੋਬਾਰੀਆਂ ਦੇ ਹਿੱਤਾਂ ਨੂੰ ਪਹਿਲ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਆਰਥਿਕ ਅਤੇ ਵਪਾਰਕ ਨੀਤੀਆਂ ਦਾ ਸਭ ਤੋਂ ਪਹਿਲਾਂ ਮੁਲਾਂਕਣ ਆਮ ਲੋਕਾਂ ਅਤੇ ਖੇਤੀਬਾੜੀ ’ਤੇ ਪੈਣ ਵਾਲੇ ਪ੍ਰਭਾਵ ਦੇ ਆਧਾਰ ’ਤੇ ਹੋਣਾ ਚਾਹੀਦਾ ਹੈ।