ਨਕਲੀ ਬ੍ਰਾਂਡ ਲਗਾ ਕੇ ਨਾਰੀਅਲ ਲੱਡੂ ਵੇਚਣ ਦੇ ਦੋਸ਼, ਪੁਲਿਸ ਵਲੋਂ ਜਾਂਚ ਸ਼ੁਰੂ
ਅਮਰਗੜ੍ਹ, 25 ਸਤੰਬਰ (ਜਤਿੰਦਰ ਮੰਨਵੀ, ਪਵਿੱਤਰ ਸਿੰਘ)-ਚੰਡੀਗੜ੍ਹ ਵਾਸੀ ਵਿਵੇਕ ਸ਼ਰਮਾ ਪੁੱਤਰ ਸਤਪਾਲ ਸ਼ਰਮਾ ਜੋ ਸਪੀਡ ਸਰਚ ਐਂਡ ਸਿਕਿਉਰਟੀ ਨੈਟਵਰਕ ਪ੍ਰਾਈਵੇਟ ਲਿਮਿਟਡ ‘ਚ ਫੀਲਡ ਅਫਸਰ ਵਜੋਂ ਕੰਮ ਕਰਦੇ ਹਨ, ਵਲੋਂ ਅਮਰਗੜ੍ਹ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਇਲਾਕੇ ਦੀ ਇੱਕ ਕੰਪਨੀ ’ਤੇ ਦਿੱਲੀ ਸਥਿਤ ਉਨ੍ਹਾਂ ਦੇ ਕਲਾਇੰਟ ਐਚ. ਕੇ.
ਅਮਰਗੜ੍ਹ, 25 ਸਤੰਬਰ (ਜਤਿੰਦਰ ਮੰਨਵੀ, ਪਵਿੱਤਰ ਸਿੰਘ)-ਚੰਡੀਗੜ੍ਹ ਵਾਸੀ ਵਿਵੇਕ ਸ਼ਰਮਾ ਪੁੱਤਰ ਸਤਪਾਲ ਸ਼ਰਮਾ ਜੋ ਸਪੀਡ ਸਰਚ ਐਂਡ ਸਿਕਿਉਰਟੀ ਨੈਟਵਰਕ ਪ੍ਰਾਈਵੇਟ ਲਿਮਿਟਡ ‘ਚ ਫੀਲਡ ਅਫਸਰ ਵਜੋਂ ਕੰਮ ਕਰਦੇ ਹਨ, ਵਲੋਂ ਅਮਰਗੜ੍ਹ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਇਲਾਕੇ ਦੀ ਇੱਕ ਕੰਪਨੀ ’ਤੇ ਦਿੱਲੀ ਸਥਿਤ ਉਨ੍ਹਾਂ ਦੇ ਕਲਾਇੰਟ ਐਚ.ਕੇ. ਸਵੀਟਸ ਹਾਊਸ ਦੇ ਰਜਿਸਟਰਡ ਬ੍ਰਾਂਡ ਨਾਰੀਅਲ ਲੱਡੂ ਦੀ ਕਥਿਤ ਤੌਰ ’ਤੇ ਨਕਲ ਤਿਆਰ ਕਰਕੇ ਉਸੇ ਦਾ ਮਾਰਕਾ ਲਗਾ ਕੇ ਬਾਜ਼ਾਰ ਵਿਚ ਸਪਲਾਈ ਕਰਨ ਅਤੇ ਵੇਚਣ ਦੇ ਕਥਿਤ ਦੋਸ਼ ਲਗਾਏ ਗਏ ਹਨ। ਵਿਵੇਕ ਸ਼ਰਮਾ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਗਾਇਆ ਕਿ ਕਥਿਤ ਤੌਰ ’ਤੇ ਨਕਲੀ ਮਾਰਕਾ ਲਗਾ ਕੇ ਉਤਪਾਦ ਵੇਚਣ ਵਾਲੀ ਕੰਪਨੀ ਵਲੋਂ ਫੂਡ ਸੇਫਟੀ ਨਾਲ ਸੰਬੰਧਿਤ ਨਿਯਮਾਂ ਦੀ ਵੀ ਪਾਲਣਾ ਨਹੀਂ ਕੀਤੀ ਜਾ ਰਹੀ। ਉਨ੍ਹਾਂ ਵਲੋਂ ਮੀਡੀਆ ਨੂੰ ਕੁਝ ਫੋਟੋਆਂ ਅਤੇ ਵੀਡੀਓਜ਼ ਵੀ ਦਿਖਾਈਆਂ ਗਈਆਂ, ਜਿਨ੍ਹਾਂ ਰਾਹੀਂ ਉਨ੍ਹਾਂ ਦਾਅਵਾ ਕੀਤਾ ਕਿ ਅਮਰਗੜ੍ਹ ਪੁਲਿਸ ਵਲੋਂ ਸੰਬੰਧਿਤ ਕੰਪਨੀ ਦੇ ਟਿਕਾਣੇ ’ਤੇ ਰੇਡ ਕੀਤੀ ਗਈ ਅਤੇ ਉੱਥੋਂ ਨਾਰੀਅਲ ਲੱਡੂਆਂ ਦੇ ਕੁਝ ਡੱਬੇ ਅਤੇ ਕਥਿਤ ਬ੍ਰਾਂਡ ਦੇ ਲੇਬਲਾਂ ਦੇ ਰੋਲ ਬਰਾਮਦ ਕੀਤੇ ਗਏ।ਵਿਵੇਕ ਸ਼ਰਮਾ ਨੇ ਅਮਰਗੜ੍ਹ ਥਾਣੇ ਦੇ ਐਸ.ਐਚ.ਓ. ’ਤੇ ਦੋਸ਼ ਲਗਾਇਆ ਕਿ ਉਹਨਾਂ ਵਲੋਂ ਮਾਮਲੇ ਵਿਚ ਜਾਣਬੁੱਝ ਕੇ ਕਾਰਵਾਈ ਨਹੀਂ ਕੀਤੀ ਜਾ ਰਹੀ ਤੇ ਬਰਾਮਦ ਕੀਤਾ ਸਮਾਨ ਐਸ.ਐਚ.ਓ ਦੇ ਦਫਤਰ ’ਚ ਪਿਆ ਹੈ।ਉਨ੍ਹਾਂ ਪੁਲਿਸ ਰੇਡ ਨਾਲ ਸਬੰਧਤ ਤਸਵੀਰਾਂ ਅਤੇ ਵੀਡੀਓ ਵੀ ਮੀਡੀਆ ਨਾਲ ਸਾਂਝੀਆਂ ਕੀਤੀਆਂ । ਦੂਜੇ ਪਾਸੇ, ਜਦੋਂ ਇਸ ਸਬੰਧੀ ਐਸ.ਐਚ.ਓ. ਅਮਰਗੜ੍ਹ ਨਵਦੀਪ ਕੌਰ ਨੇ ਵਿਵੇਕ ਸ਼ਰਮਾ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਕਿਹਾ ਕਿ ਨਾਰੀਅਲ ਲੱਡੂਆਂ ਦੇ ਲੇਬਲਾਂ ਦੇ ਰੋਲ ਵਿਵੇਕ ਸ਼ਰਮਾ ਵਲੋਂ ਉਨ੍ਹਾਂ ਵਲੋਂ ਖੁਦ ਦਫਤਰ ਵਿਚ ਰੱਖੇ ਗਏ ਹਨ ਅਤੇ ਫੈਕਟਰੀ ਵਿਚ ਪੁਲਿਸ ਰੇਡ ਹੋਣ ਤੋਂ ਵੀ ਉਹਨਾਂ ਇਨਕਾਰ ਕੀਤਾ। ਹਾਲਾਂਕਿ, ਵਿਵੇਕ ਸ਼ਰਮਾ ਵਲੋਂ ਫੈਕਟਰੀ ਵਿਚ ਪੁਲਿਸ ਮੁਲਾਜ਼ਮਾਂ ਦੀ ਮੌਜੂਦਗੀ ਵਾਲੀਆਂ ਤਸਵੀਰਾਂ ਮੀਡੀਆ ਨਾਲ ਸਾਂਝੀਆਂ ਕੀਤੀਆਂ ਗਈਆਂ ਹਨ। ਐਸ.ਐਚ.ਓ ਅਮਰਗੜ੍ਹ ਨੇ ਅਫ਼ਸਰਸ਼ਾਹੀ ਰਵੱਈਆ ਅਪਣਾਉਂਦਿਆਂ ਮੀਡੀਆ ਦੇ ਸਵਾਲਾਂ ਤੋਂ ਟਾਲਾ ਵੱਟਣਾ ਹੀ ਬੇਹਤਰ ਸਮਝਿਆ। ਇਸ ਮਾਮਲੇ ਸਬੰਧੀ ਜਦੋਂ ਡੀ.ਐਸ.ਪੀ. ਅਮਰਗੜ੍ਹ ਸੰਜੀਵ ਕਪੂਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਵਿਵੇਕ ਸ਼ਰਮਾ ਵਲੋਂ ਪੁਲਿਸ ਕੋਲ ਸ਼ਿਕਾਇਤ ਦਿੱਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਡੀ.ਏ ਲੀਗਲ ਅਤੇ ਸਬੰਧਿਤ ਵਿਭਾਗ ਨਾਲ ਸਲਾਹ ਉਪਰੰਤ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਧਰ, ਜਿਸ ਕੰਪਨੀ ’ਤੇ ਦੋਸ਼ ਲਗਾਏ ਗਏ ਹਨ, ਉਸ ਦੇ ਮਾਲਕ ਸਤਪਾਲ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਫੂਡ ਸੇਫਟੀ ਅਤੇ ਸਬੰਧਤ ਨਿਯਮਾਂ ਅਨੁਸਾਰ ਰਜਿਸਟਰਡ ਕੰਪਨੀ ਚਲਾਈ ਜਾ ਰਹੀ ਹੈ ਅਤੇ ਉਹ ਕਿਸੇ ਹੋਰ ਕੰਪਨੀ ਦਾ ਮਾਰਕਾ ਵਰਤ ਕੇ ਉਤਪਾਦ ਨਹੀਂ ਵੇਚ ਰਹੇ।