ਪੈਰਾਡਾਈਜ਼ ਸਕੂਲ ਵਲੋਂ ਦੀਵਾਲੀ ਮੌਕੇ ਲੋੜਵੰਦ ਪਰਿਵਾਰਾਂ ਨੂੰ ਜ਼ਰੂਰੀ ਵਸਤਾਂ ਦੀ ਵੰਡ
ਜ਼ੀਰਾ, 27 ਅਕਤੂਬਰ(ਪ੍ਰਤਾਪ ਸਿੰਘ ਜੀਰਾ)-ਫ਼ਿਰੋਜ਼ਪੁਰ ਰੋਡ ਜ਼ੀਰਾ ਵਿਖੇ ਸਥਿਤ ਪੈਰਾਡਾਈਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਲੋਂ ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਊਟਰੀਚ ਪ੍ਰੋਗਰਾਮ ਤਹਿਤ ਸਮਾਜ ਸੇਵਾ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ। ਸਕੂਲ ਵਲੋਂ ਸਲੱਮ ਏਰੀਆ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਲੋੜਵੰਦ ਪਰਿਵਾਰਾਂ ਨੂੰ ਰੋਜ਼ਾਨਾ ਵਰਤੋਂ ਦੀਆਂ ਜ਼ਰੂਰੀ ਵਸਤਾਂ ਵੰਡੀਆਂ ਗਈਆਂ।
ਜ਼ੀਰਾ, 27 ਅਕਤੂਬਰ(ਪ੍ਰਤਾਪ ਸਿੰਘ ਜੀਰਾ)-ਫ਼ਿਰੋਜ਼ਪੁਰ ਰੋਡ ਜ਼ੀਰਾ ਵਿਖੇ ਸਥਿਤ ਪੈਰਾਡਾਈਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਲੋਂ ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਊਟਰੀਚ ਪ੍ਰੋਗਰਾਮ ਤਹਿਤ ਸਮਾਜ ਸੇਵਾ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ। ਸਕੂਲ ਵਲੋਂ ਸਲੱਮ ਏਰੀਆ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਲੋੜਵੰਦ ਪਰਿਵਾਰਾਂ ਨੂੰ ਰੋਜ਼ਾਨਾ ਵਰਤੋਂ ਦੀਆਂ ਜ਼ਰੂਰੀ ਵਸਤਾਂ ਵੰਡੀਆਂ ਗਈਆਂ। ਇਹ ਨੇਕ ਕਾਰਜ ਸਕੂਲ ਚੇਅਰਮੈਨ ਹਰਜੀਤ ਸਿੰਘ ਸਿੱਧੂ ਅਤੇ ਮੈਡਮ ਅਮਰਜੀਤ ਕੌਰ ਸਿੱਧੂ ਦੀ ਰਹਿਨੁਮਾਈ ਹੇਠ ਨੇਪਰੇ ਚਾੜ੍ਹਿਆ ਗਿਆ। ਜਿਸ ਦੌਰਾਨ ਵਿਦਿਆਰਥੀਆਂ ਨੂੰ ਲੋੜਵੰਦਾਂ ਦੀ ਮਦਦ ਲਈ ਰਵਾਨਾ ਕੀਤਾ ਗਿਆ। ਇਸ ਦੌਰਾਨ ਲੋੜਵੰਦ ਪਰਿਵਾਰਾਂ ਨੂੰ ਮੋਮਬੱਤੀਆਂ, ਬੂਟ, ਚੱਪਲਾਂ, ਸੇਬ, ਬਿਸਕੁਟ, ਕੱਪੜੇ ਅਤੇ ਹੋਰ ਲੋੜੀਂਦਾ ਸਾਮਾਨ ਤਕਸੀਮ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਅਵਿਨਾਸ਼ ਸਿੰਘ ਨੇ ਕਿਹਾ ਕਿ ਇਸ ਉਪਰਾਲੇ ਦਾ ਮੁੱਖ ਮੰਤਵ ਉਨ੍ਹਾਂ ਪਰਿਵਾਰਾਂ ਦੇ ਘਰਾਂ ਵਿਚ ਦੀਵਾਲੀ ਦੀਆਂ ਖੁਸ਼ੀਆਂ ਦਾ ਚਾਨਣ ਪਹੁੰਚਾਉਣਾ ਹੈ, ਜੋ ਆਰਥਿਕ ਤੰਗੀਆਂ ਕਾਰਨ ਤਿਉਹਾਰ ਮਨਾਉਣ ਤੋਂ ਅਸਮਰੱਥ ਹੁੰਦੇ ਹਨ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੀ ਅਸਲ ਖੁਸ਼ੀ ਲੋੜਵੰਦਾਂ ਦੇ ਚਿਹਰਿਆਂ ’ਤੇ ਮੁਸਕਾਨ ਲਿਆਉਣ ਅਤੇ ਮਨੁੱਖਤਾ ਦੀ ਸੇਵਾ ਕਰਨ ਵਿਚ ਹੀ ਸਮਾਈ ਹੈ। ਅਜਿਹੀਆਂ ਗਤੀਵਿਧੀਆਂ ਨਾਲ ਵਿਦਿਆਰਥੀਆਂ ਵਿਚ ਸੇਵਾ ਭਾਵਨਾ, ਆਪਸੀ ਸਾਂਝ, ਹਮਦਰਦੀ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੇ ਨੈਤਿਕ ਗੁਣ ਪੈਦਾ ਹੁੰਦੇ ਹਨ। ਇਸ ਮੌਕੇ ਮੈਡਮ ਪਰਿਭਾਸ਼ਾ, ਮੋਨਿਕਾ, ਮੈਡਮ ਰਾਜਵਿੰਦਰ, ਸੰਗੀਤਾ, ਅਰਵਿੰਦਰ ਸਿੰਘ, ਚਰਨਜੀਤ ਸਿੰਘ ਸਮੇਤ ਸਮੁੱਚਾ ਸਕੂਲ ਸਟਾਫ਼ ਹਾਜ਼ਰ ਸੀ।