ਅਬੋਹਰ ਅਤੇ ਫ਼ਾਜ਼ਿਲਕਾ ਦੇ ਪੱਤਰਕਾਰਾਂ ਨੇ ਪ੍ਰਬੰਧਾਂ ਨੂੰ ਦੱਸਿਆ ਨਾਕਾਫ਼ੀ, ਕਈ ਪੱਤਰਕਾਰ ਬਿਨਾਂ ਕਵਰੇਜ ਕੀਤੇ ਹੀ ਪਰਤੇ
ਅਬੋਹਰ, 1 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਅਬੋਹਰ ਵਿਖੇ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਵਿੱਤੀ ਸਹਾਇਤਾ ਦੀ ਰਾਸ਼ੀ ਜਾਰੀ ਕਰਨ ਸਬੰਧੀ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਦੌਰਾਨ ਜਿੱਥੇ ਆਮ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਉੱਥੇ ਹੀ ਸਮਾਗਮ ਦੀ ਕਵਰੇਜ ਕਰਨ ਪਹੁੰਚੇ ਪੱਤਰਕਾਰ ਵੀ ਪ੍ਰਬੰਧਾਂ ਦੀ ਘਾਟ ਕਾਰਨ ਪ੍ਰੇਸ਼ਾਨ ਰਹੇ। ਇਸ ਨੂੰ ਲੈ ਕੇ ਅਬੋਹਰ ਅਤੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਪੱਤਰਕਾਰਾਂ ਵਿਚ ਜ਼ਿਲ੍ਹਾ ਲੋਕ ਸੰਪਰਕ ਵਿਭਾਗ ਦੇ ਪ੍ਰਬੰਧਾਂ ਖ਼ਿਲਾਫ਼ ਭਾਰੀ ਨਾਰਾਜ਼ਗੀ ਦੇਖਣ ਨੂੰ ਮਿਲੀ।
ਅਬੋਹਰ, 1 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਅਬੋਹਰ ਵਿਖੇ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਵਿੱਤੀ ਸਹਾਇਤਾ ਦੀ ਰਾਸ਼ੀ ਜਾਰੀ ਕਰਨ ਸਬੰਧੀ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਦੌਰਾਨ ਜਿੱਥੇ ਆਮ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਉੱਥੇ ਹੀ ਸਮਾਗਮ ਦੀ ਕਵਰੇਜ ਕਰਨ ਪਹੁੰਚੇ ਪੱਤਰਕਾਰ ਵੀ ਪ੍ਰਬੰਧਾਂ ਦੀ ਘਾਟ ਕਾਰਨ ਪ੍ਰੇਸ਼ਾਨ ਰਹੇ। ਇਸ ਨੂੰ ਲੈ ਕੇ ਅਬੋਹਰ ਅਤੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਪੱਤਰਕਾਰਾਂ ਵਿਚ ਜ਼ਿਲ੍ਹਾ ਲੋਕ ਸੰਪਰਕ ਵਿਭਾਗ ਦੇ ਪ੍ਰਬੰਧਾਂ ਖ਼ਿਲਾਫ਼ ਭਾਰੀ ਨਾਰਾਜ਼ਗੀ ਦੇਖਣ ਨੂੰ ਮਿਲੀ। ਪੱਤਰਕਾਰਾਂ ਦਾ ਕਹਿਣਾ ਸੀ ਕਿ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਵਲੋਂ ਸਮਾਗਮ ਦੀ ਕਵਰੇਜ ਲਈ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ ਸਨ। ਅਬੋਹਰ ਇਲਾਕੇ ਤੋਂ ਸਮਾਗਮ ਵਿਚ ਪਹੁੰਚੇ ਕਈ ਪੱਤਰਕਾਰਾਂ ਨੂੰ ਪੰਡਾਲ ਵਿਚ ਦਾਖ਼ਲ ਹੋਣ ਲਈ ਲੰਮਾ ਸਮਾਂ ਇੰਤਜ਼ਾਰ ਕਰਨਾ ਪਿਆ। ਉਨ੍ਹਾਂ ਦਾ ਦੋਸ਼ ਸੀ ਕਿ ਪੱਤਰਕਾਰਾਂ ਦੀ ਸਹੂਲਤ ਅਤੇ ਉਨ੍ਹਾਂ ਨੂੰ ਸਮਾਗਮ ਵਾਲੀ ਥਾਂ ਤੱਕ ਪਹੁੰਚਾਉਣ ਲਈ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਵਲੋਂ ਕਿਸੇ ਅਧਿਕਾਰੀ ਦੀ ਵਿਸ਼ੇਸ਼ ਡਿਊਟੀ ਵੀ ਨਹੀਂ ਲਗਾਈ ਗਈ ਸੀ। ਇਸ ਤੋਂ ਇਲਾਵਾ ਪੰਡਾਲ ਦੇ ਅੰਦਰ ਪੱਤਰਕਾਰਾਂ ਲਈ ਪੀਣ ਵਾਲੇ ਪਾਣੀ ਤੱਕ ਦਾ ਕੋਈ ਵਿਸ਼ੇਸ਼ ਪ੍ਰਬੰਧ ਨਾ ਹੋਣ ਕਾਰਨ ਵੀ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪੰਡਾਲ ਵਿਚ ਦਾਖ਼ਲੇ ਤੋਂ ਪਹਿਲਾਂ ਵੱਖ-ਵੱਖ ਥਾਵਾਂ ’ਤੇ ਕੀਤੀ ਜਾ ਰਹੀ ਚੈਕਿੰਗ ਅਤੇ ਪ੍ਰਵੇਸ਼ ਸਬੰਧੀ ਪਰੇਸ਼ਾਨੀਆਂ ਕਾਰਨ ਕਈ ਪੱਤਰਕਾਰ ਬਿਨਾਂ ਸਮਾਗਮ ਦੀ ਕਵਰੇਜ ਕੀਤੇ ਹੀ ਵਾਪਸ ਪਰਤ ਗਏ। ਪੱਤਰਕਾਰ ਭਾਈਚਾਰੇ ਵਿਚ ਇਸ ਗੱਲ ਨੂੰ ਲੈ ਕੇ ਵੀ ਰੋਸ ਪਾਇਆ ਗਿਆ ਕਿ ਜ਼ਿਲ੍ਹਾ ਲੋਕ ਸੰਪਰਕ ਵਿਭਾਗ ਵਲੋਂ ਅਬੋਹਰ ਅਤੇ ਫ਼ਾਜ਼ਿਲਕਾ ਤੋਂ ਇਲਾਵਾ ਹੋਰਨਾਂ ਜ਼ਿਲ੍ਹਿਆਂ ਤੋਂ ਪਹੁੰਚੇ ਕੁੱਝ ਪੱਤਰਕਾਰਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਗਈ ਅਤੇ ਉਨ੍ਹਾਂ ਲਈ ਵੱਖਰੇ ਪ੍ਰਬੰਧ ਕੀਤੇ ਗਏ ਜਦ ਕਿ ਸਥਾਨਕ ਪੱਤਰਕਾਰਾਂ ਨੂੰ ਸਹੂਲਤਾਂ ਦੇਣ ਦੇ ਮਾਮਲੇ ਵਿਚ ਅਣਗਹਿਲੀ ਵਰਤੀ ਗਈ। ਇਸ ਘਟਨਾ ਤੋਂ ਨਾਰਾਜ਼ ਕਈ ਪੱਤਰਕਾਰਾਂ ਨੇ ਜ਼ਿਲ੍ਹਾ ਲੋਕ ਸੰਪਰਕ ਵਿਭਾਗ ਵਲੋਂ ਭਵਿੱਖ ਵਿਚ ਜਾਰੀ ਕੀਤੇ ਜਾਣ ਵਾਲੇ ਪ੍ਰੈੱਸ ਨੋਟ ਵੀ ਪ੍ਰਕਾਸ਼ਿਤ ਨਾ ਕਰਨ ਦੀ ਚੇਤਾਵਨੀ ਦਿੱਤੀ। ਪੱਤਰਕਾਰਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਅਜਿਹੇ ਵੱਡੇ ਸੂਬਾ ਪੱਧਰੀ ਸਮਾਗਮਾਂ ਦੌਰਾਨ ਮੀਡੀਆ ਕਰਮੀਆਂ ਲਈ ਬੁਨਿਆਦੀ ਸਹੂਲਤਾਂ, ਸਪਸ਼ਟ ਪ੍ਰਵੇਸ਼ ਪ੍ਰਬੰਧ ਅਤੇ ਤਾਲਮੇਲ ਲਈ ਜ਼ਿੰਮੇਵਾਰ ਅਧਿਕਾਰੀ ਦੀ ਤਾਇਨਾਤੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ ਤਾਂ ਜੋ ਪੱਤਰਕਾਰ ਬਿਨਾਂ ਕਿਸੇ ਪਰੇਸ਼ਾਨੀ ਦੇ ਆਪਣੀ ਪੇਸ਼ੇਵਾਰ ਜ਼ਿੰਮੇਵਾਰੀ ਨਿਭਾਅ ਸਕਣ।