29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਬੱਚਿਆਂ ਨੂੰ ਦਿਓ ਸਿਹਤਮੰਦ ਰੋਟੀ ਵਾਲਾ ਡੱਬਾ

ਅਜੀਤ ਡੈਸਕ 02-04-2026

ਬੱਚਿਆਂ ਦੀ ਪਸੰਦ ਦਾ ਟਿਫਿਨ ਭਾਵ ਰੋਟੀ ਵਾਲਾ ਡੱਬਾ ਹਰ ਮਾਂ ਲਈ ਇਕ ਸਮੱਸਿਆ ਹੈ ਕਿਉਂਕਿ ਬੱਚੇ ਜੋ ਖਾਣਾ ਚਾਹੁੰਦੇ ਹਨ, ਮਾਂ ਉਨ੍ਹਾਂ ਨੂੰ ਦੇਣਾ ਨਹੀਂ ਚਾਹੁੰਦੀ। ਬਹੁਤੇ ਬੱਚਿਆਂ ਦੀ ਇੱਛਾ ਜ਼ੰਕ ਅਤੇ ਫਾਸਟ ਫੂਡ ਹੈ ਜੋ ਉਨ੍ਹਾਂ ਨੂੰ ਕੁਝ ਸਮੇਂ ਲਈ ਸਰੀਰਕ ਐਨਰਜੀ ਤਾਂ ਦਿੰਦੇ ਹਨ ਅਤੇ ਭੁੱਖ ਵੀ ਸ਼ਾਂਤ ਕਰਦੇ ਹਨ ਪਰ ਬੱਚਿਆਂ ਨੂੰ ਉਨ੍ਹਾਂ ਤੋਂ ਪੌਸ਼ਟਿਕਤਾ ਨਹੀਂ ਮਿਲਦੀ, ਜਿਸ ਦਾ ਨਤੀਜਾ ਹੈ ਬੱਚਿਆਂ ਦਾ ਵਜ਼ਨ ਤੇਜ਼ੀ ਨਾਲ ਵਧਣ ਜਾਂ ਘਟਣ ਲਗਦਾ ਹੈ ਅਤੇ ਕਈ ਬੱਚੇ ਸ਼ੂਗਰ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਜੋ ਹਰ ਹਾਲਤ ਵਿਚ ਬੱਚਿਆਂ ਲਈ ਇਕ ਖ਼ਤਰਾ ਹੀ ਹੈ। ਕੁਝ ਸਿਹਤਮੰਦ ਨਾਸ਼ਤਾ ਹੈ ਜੋ ਤੁਸੀਂ ਬੱਚਿਆਂ ਨੂੰ ਬਦਲ-ਬਦਲ ਕੇ ਉਨ੍ਹਾਂ ਦੇ ਡੱਬੇ ਵਿਚ ਦੇ ਸਕਦੇ ਹੋ।
ਬੱਚਿਆਂ ਨੂੰ ਬ੍ਰਾਊਨ ਬ੍ਰੈੱਡ, ਗੋਲ ਬੰਦ ਦਾ ਸੈਂਡਵਿਚ ਕਾਟੇਜ ਪਨੀਰ ਜਾਂ ਚੀਜ਼ ਦੇ ਸਲਾਈਸ ਦੇ ਨਾਲ ਦੇ ਸਕਦੇ ਹੋ। ਕੋਸ਼ਿਸ਼ ਕਰੋ ਉਨ੍ਹਾਂ ਵਿਚ ਬੰਦ ਗੋਭੀ, ਗਾਜਰ, ਮਟਰ, ਆਲੂ ਨੂੰ ਹਲਕਾ ਉਬਾਲ ਕੇ ਮਸਾਲਾ, ਸੌਸ ਜਾਂ ਚਟਨੀ ਪਾ ਕੇ ਬ੍ਰੈੱਡ ਵਿਚ ਭਰ ਕੇ ਦੇ ਦਿਓ।
ਬੱਚਿਆਂ ਨੂੰ ਸਟੱਫਡ ਪਰੌਂਠਾ ਡੱਬੇ ਵਿਚ ਦਿਉ। ਪਰੌਂਠੇ ਵਿਚ ਪਨੀਰ, ਮੂਲੀ, ਫੁੱਲ ਗੋਭੀ, ਪਿਆਜ਼, ਆਲੂ ਭਰ ਸਕਦੇ ਹੋ। ਸਟੱਫਡ ਪਰੌਂਠੇ ਦੇ ਨਾਲ ਥੋੜ੍ਹਾ ਜਿਹਾ ਫਰੂਟ ਜੈਮ ਵੀ ਰੱਖ ਸਕਦੇ ਹੋ। ਬੱਚੇ ਖੁਸ਼ੀ ਨਾਲ ਪਰੌਂਠਾ ਖਾ ਲੈਣਗੇ।
ਬੱਚਿਆਂ ਦੇ ਡੱਬੇ ਵਿਚ ਫਲਾਂ ਦੀ ਚਾਟ ਬਣਾ ਕੇ ਵੀ ਪਾ ਸਕਦੇ ਹੋ। ਜੇਕਰ ਬੱਚਾ ਫਰੂਟ ਚਾਟ ਪਸੰਦ ਨਹੀਂ ਕਰਦਾ ਤਾਂ ਕੇਲਾ, ਗਾਜਰ, ਸੇਬ, ਨਾਸ਼ਪਤੀ, ਅਮਰੂਦ ਧੋ ਕੇ ਸਾਫ਼ ਕਰਕੇ ਟਿਫ਼ਿਨ ਦੇ ਨਾਲ ਦੇ ਸਕਦੇ ਹੋ। ਬੱਚਿਆਂ ਨੂੰ ਫਲਾਂ ਤੋਂ ਪੌਸ਼ਟਿਕਤਾ ਵੀ ਮਿਲੇਗੀ।
ਸਰਦੀਆਂ ਵਿਚ ਪੂੰਗਰੀਆਂ ਦਾਲਾਂ, ਉਨ੍ਹਾਂ ਵਿਚ ਖੀਰਾ, ਗਾਜਰ, ਟਮਾਟਰ, ਪਿਆਜ਼, ਧਨੀਆ, ਨਿੰਬੂ ਮਿਲਾ ਕੇ ਦੇ ਸਕਦੇ ਹੋ। ਚਾਹੋ ਤਾਂ ਕੁਝ ਬਦਾਮ, ਕਿਸ਼ਮਿਸ਼ ਕੱਟ ਕੇ ਵੀ ਮਿਲਾ ਸਕਦੇ ਹੋ। ਇਡਲੀ ਵਿਚ ਸਬਜ਼ੀਆਂ ਜਿਵੇਂ ਗਾਜਰ, ਮਟਰ, ਟਮਾਟਰ, ਪਿਆਜ਼ ਆਦਿ ਪਾ ਕੇ ਸ਼ਾਕਾਹਾਰੀ ਇਡਲੀ ਤਿਆਰ ਕਰ ਸਕਦੇ ਹੋ।
ਬੱਚੇ ਨੂਡਲ ਖਾਣ ਦੇ ਸ਼ੌਕੀਨ ਹੋਣ ਤਾਂ ਉਨ੍ਹਾਂ ਵਿਚ ਬਹੁਤ ਸਾਰੀਆਂ ਸਬਜ਼ੀਆਂ ਪਾ ਕੇ ਦੇ ਸਕਦੇ ਹੋ, ਜਿਸ ਨਾਲ ਬੱਚਿਆਂ ਦੇ ਭੋਜਨ ਵਿਚ ਕੁਝ ਸਬਜ਼ੀਆਂ ਵੀ ਸ਼ਾਮਿਲ ਹੋ ਜਾਣਗੀਆਂ।
ਅੰਡਾ ਖਾਣ ਦੇ ਸ਼ੌਕੀਨ ਬੱਚਿਆਂ ਨੂੰ 'ਐੱਗ-ਡੋਸਾ' ਬਣਾ ਕੇ ਦੇ ਸਕਦੇ ਹੋ। ਫੁੱਲਗੋਭੀ, ਮਟਰ, ਗਾਜਰ, ਪਿਆਜ਼, ਟਮਾਟਰ ਨੂੰ ਹਲਕਾ ਜਿਹਾ ਭੁੰਨ ਕੇ ਵੱਖਰਾ ਰੱਖ ਲਓ। ਦੋ ਆਂਡਿਆਂ ਨੂੰ ਫੇਂਟ ਕੇ ਆਮਲੇਟ ਤਿਆਰ ਕਰਕੇ ਭੁੰਨੀਆਂ ਸਬਜ਼ੀਆਂ ਉਨ੍ਹਾਂ ਵਿਚ ਭਰ ਕੇ ਰੋਲ ਬਣਾ ਕੇ ਦੇ ਸਕਦੇ ਹੋ। ਇਸੇ ਤਰ੍ਹਾਂ ਡੋਸਾ ਜਾਂ ਪਰੌਂਠਾ ਰੋਲ ਵੀ ਦਿੱਤਾ ਜਾ ਸਕਦਾ ਹੈ।

ਪਿਛਲੀ ਖ਼ਬਰ ਬਣਾਓ ਲਾਜਵਾਬ ਕੜ੍ਹੀ ਅਗਲੀ ਖ਼ਬਰ ਲੋਕ ਗੀਤਾਂ ਦਾ ਹੋਕਾ ਦੇ ਰਹੀ ਪਰਮਜੀਤ ਕੌਰ ਪੰਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।