31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਕੁਦਰਤ ਨਾਲ ਖਿਲਵਾੜ ਦਾ ਨਤੀਜਾ : ਹਿਮਾਲਿਆਈ ਖੇਤਰਾਂ ਦੇ ਭਿਆਨਕ ਹੜ੍ਹ

ਕੁਦਰਤ ਨਾਲ ਖਿਲਵਾੜ ਦਾ ਨਤੀਜਾ : ਹਿਮਾਲਿਆਈ ਖੇਤਰਾਂ ਦੇ ਭਿਆਨਕ ਹੜ੍ਹ

ਅਜੀਤ ਡੈਸਕ 31-08-2026

ਨਿਪਾਲ ਵਿਚ ਆਏ ਤਾਜ਼ਾ ਭਿਆਨਕ ਹੜ੍ਹਾਂ ਤੇ ਪਹਾੜ ਢਹਿਣ ਦੀਆਂ ਦਰਦਨਾਕ ਘਟਨਾਵਾਂ ਨੇ ਪੂਰੀ ਮਨੁੱਖਤਾ ਨੂੰ  ਝੰਜੋੜ ਕੇ ਰੱਖ ਦਿੱਤਾ ਹੈ | ਪਹਾੜੀ ਨਦੀਆਂ ਵਿਚ ਉੱਠੀਆਂ ਗੰਧਲੇ ਪਾਣੀ ਤੇ ਪੱਥਰਾਂ ਦੀਆਂ ਵਿਸ਼ਾਲ ਲਹਿਰਾਂ ਨੇ ਪੂਰੇ ਪਿੰਡ, ਸੜਕਾਂ, ਪੁਲ ਤੇ ਜਲ ਬਿਜਲੀ ਘਰ ਤਬਾਹ ਕਰ ਦਿੱਤੇ | ਇਸ ਖੌਫ਼ਨਾਕ ਤਬਾਹੀ ਨੇ ਸਿਰਫ਼ ਧਨ-ਮਾਲ ਦਾ ਨੁਕਸਾਨ ਹੀ ਨਹੀਂ ਕੀਤਾ, ਸਗੋਂ ਸੈਂਕੜੇ ਬੇਕਸੂਰ ਲੋਕਾਂ ਤੇ ਸ਼ਰਧਾਲੂਆਂ ਦੀਆਂ ਜਾਨਾਂ ਵੀ ਲੈ ਲਈਆਂ ਹਨ | ਇਕ ਗੰਭੀਰ ਸਵਾਲ ਹੈ—ਕੀ ਇਹ ਸਭ ਅਚਾਨਕ ਵਾਪਰੀ 'ਕੁਦਰਤੀ ਆਫਤ' ਹੈ ਜਾਂ ਮਨੁੱਖ ਵਲੋਂ ਆਪਣੇ ਲਾਲਚ ਤੇ ਅਖੌਤੀ ਵਿਕਾਸ ਦੀ ਆੜ ਹੇਠ ਕੁਦਰਤ ਨਾਲ ਕੀਤੇ ਜਾ ਰਹੇ ਅੰਨ੍ਹੇਵਾਹ ਖਿਲਵਾੜ ਦਾ ਨਤੀਜਾ ਹੈ? ਨਿਪਾਲ-ਤਿੱਬਤ ਸਰਹੱਦ ਦੇ ਨੇੜੇ ਲੈਂਦੇ ਤੇ ਭੋਟੇ ਕੋਸ਼ੀ ਨਦੀ ਖੇਤਰ 'ਚ ਗਲੇਸ਼ੀਅਰ ਡਿਗਣ ਤੇ ਬੱਦਲ ਫਟਣ ਕਾਰਨ ਆਏ ਹੜ੍ਹ ਤੋਂ ਸਪੱਸ਼ਟ ਹੈ ਕਿ ਹਿਮਾਲਿਆਈ ਖੇਤਰ ਹੁਣ ਇਸ ਤਰ੍ਹਾਂ ਦੇ ਖ਼ਤਰੇ ਹੇਠ ਆ ਚੁੱਕੇ ਹਨ | ਇਹ ਤਬਾਹੀ ਲਿਆਉਣ ਵਾਲੇ ਹਿਮਾਲਿਆਈ ਗਲੇਸ਼ੀਅਰ ਅਸਲ 'ਚ ਮੁੱਢ ਕਦੀਮ ਤੋਂ ਹੀ ਸਾਡੇ ਲਈ ਜੀਵਨ-ਦਾਈ ਰਹੇ ਹਨ | ਇਹ ਗਲੇਸ਼ੀਅਰ ਗੰਗਾ, ਸਿੰਧੂ, ਬ੍ਰਹਮਪੁੱਤਰ, ਮੇਕੌਂਗ, ਯਾਂਗਜ਼ੀ ਤੇ ਯੈਲੋ ਰਿਵਰ ਵਰਗੀਆਂ ਨਦੀਆਂ ਨੂੰ  ਬਾਰਾਂ-ਮਹੀਨੇ ਪਾਣੀ ਦਿੰਦੇ ਹਨ | ਇਹ ਨਦੀਆਂ ਭਾਰਤ, ਨਿਪਾਲ ਤੇ ਚੀਨ ਵਿਚ ਅਰਬਾਂ ਲੋਕਾਂ ਦੀ ਜੀਵਨ-ਰੇਖਾ ਹਨ, ਪਰ ਜਦੋਂ ਇਹੀ ਗਲੇਸ਼ੀਅਰ ਤੇਜ਼ੀ ਨਾਲ ਪਿਘਲਦੇ ਹਨ ਤਾਂ ਨਦੀਆਂ ਵਿਚ ਅਜਿਹੇ ਹੀ ਭਿਆਨਕ ਹੜ੍ਹ ਆਉਂਦੇ ਹਨ |
ਸਾਨੂੰ ਜਲਵਾਯੂ ਤੇ ਜਲਵਾਯੂ-ਤਬਦੀਲੀ ਨੂੰ  ਸਮਝਣਾ ਪਵੇਗਾ, ਜਲਵਾਯੂ-ਵਿਗਿਆਨ ਅਨੁਸਾਰ ਜਲਵਾਯੂ ਕਿਸੇ ਸਥਾਨ ਦੀਆਂ ਪਿਛਲੇ ਘੱਟੋ-ਘੱਟ 30 ਸਾਲਾਂ ਦੀਆਂ ਮੌਸਮੀ ਹਾਲਤਾਂ ਦੀ ਔਸਤ ਹੁੰਦੀ ਹੈ | ਕੁਦਰਤ ਨੇ ਧਰਤੀ ਦਾ ਤਾਪਮਾਨ ਰਹਿਣਯੋਗ ਬਣਾਉਣ ਲਈ 'ਗ੍ਰੀਨਹਾਊਸ ਪ੍ਰਭਾਵ' ਤੇ 'ਕਾਰਬਨ ਚੱਕਰ' ਦਾ ਇਕ ਵਿਗਿਆਨਕ ਪ੍ਰਬੰਧ ਕੀਤਾ ਸੀ | ਇਸ ਪ੍ਰਬੰਧ ਅਧੀਨ ਵਾਯੂਮੰਡਲ 'ਚ ਕਾਰਬਨ ਡਾਇਆਸਾਈਡ ਗੈਸ ਦੀ ਮਾਤਰਾ ਸਹੀ ਬਣੀ ਰਹਿਣ ਕਾਰਨ ਗ੍ਰੀਨਹਾਊਸ ਪ੍ਰਭਾਵ ਧਰਤੀ ਨੂੰ  ਨਿੱਘੀ ਬਣਾਉਂਦਾ ਹੈ, ਇਸੇ ਕਰਕੇ ਪੂਰੇ ਬ੍ਰਹਿਮੰਡ 'ਚ ਸਿਰਫ਼ ਧਰਤੀ 'ਤੇ ਹੀ ਜੀਵਨ ਹੈ | ਪਰ ਮਨੁੱਖ ਵਲੋਂ ਵਿਕਾਸ ਦੇ ਨਾਂਅ ਹੇਠ ਕੁਦਰਤ ਨਾਲ ਕੀਤੇ ਜਾ ਰਹੇ ਅੰਨ੍ਹੇਵਾਹ ਖਿਲਵਾੜ ਕਾਰਨ ਹਵਾ 'ਚ ਕਾਰਬਨ ਗੈਸ ਲਗਾਤਾਰ ਵਧ ਰਹੀ ਹੈ | 18ਵੀਂ ਸਦੀ ਦੇ ਅੰਤ 'ਚ ਆਈ ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਹਵਾ ਵਿਚ ਕਾਰਬਨ ਡਾਇਆਕਸਾਈਡ ਗੈਸ ਦੀ ਘਣਤਾ 280 ਪੀ.ਪੀ.ਐਮ. (ਪਾਰਟਸ ਪਰ ਮਿਲੀਅਨ) ਸੀ, ਜੋ ਹੁਣ ਵਧ ਕੇ 382 ਪੀ.ਪੀ.ਐਮ. ਨੂੰ  ਪਾਰ ਕਰ ਚੁੱਕੀ ਹੈ ਤੇ 2050 ਤੱਕ ਇਹ 450-550 ਪੀ.ਪੀ.ਐਮ. ਤੱਕ ਪਹੁੰਚ ਸਕਦੀ ਹੈ | ਜੰਗਲਾਂ ਦੀ ਅੰਨ੍ਹੇਵਾਹ ਕਟਾਈ, ਕੋਲੇ ਤੇ ਪੈਟਰੋਲ ਦੀ ਬੇਸ਼ੁਮਾਰ ਵਰਤੋਂ, ਉਦਯੋਗਾਂ, ਸੜਕਾਂ ਤੇ ਡੈਮਾਂ ਲਈ ਪਹਾੜ ਕੱਟਣ ਵਰਗੀਆਂ ਕਾਰਵਾਈਆਂ ਇਸ ਲਈ ਮੁੱਖ ਦੋਸ਼ੀ ਹਨ | 


ਹਵਾ ਵਿਚ ਕਾਰਬਨ ਗੈਸਾਂ ਵਧਣ ਨਾਲ ਧਰਤੀ ਦੇ ਗਰਮਾਉਣ ਨੂੰ  ਤਕਨੀਕੀ ਭਾਸ਼ਾ 'ਚ ਆਲਮੀ ਤਪਸ਼ (ਗਲੋਬਲ ਵਾਰਮਿੰਗ) ਕਿਹਾ ਜਾਂਦਾ ਹੈ, ਆਲਮੀ ਤਪਸ਼ ਕਾਰਨ ਹੀ ਕਰੋੜਾਂ ਸਾਲਾਂ ਤੋਂ ਸਥਿਰ ਗਲੇਸ਼ੀਅਰ ਵੀ ਹੁਣ ਪਿਘਲਣ ਲੱਗੇ ਹਨ | ਜਲਵਾਯੂ ਵਿਗਿਆਨੀ ਗਲੇਸ਼ੀਅਰਾਂ ਨੂੰ  ਜਲਵਾਯੂ-ਤਬਦੀਲੀ ਦੇ ਸਭ ਤੋਂ ਵੱਡੇ ਤੇ ਨਿਸਚਿਤ ਸੂਚਕ ਮੰਨਦੇ ਹਨ | ਆਲਮੀ ਤਪਸ਼ ਕਾਰਨ ਹਿਮਾਲਿਆਈ ਤੇ ਐਲਪਾਈਨ ਗਲੇਸ਼ੀਅਰ ਬਹੁਤ ਤੇਜ਼ੀ ਨਾਲ ਪਿਘਲ ਰਹੇ ਹਨ, ਜੇਕਰ ਮੌਜੂਦਾ ਵਰਤਾਰਾ ਜਾਰੀ ਰਿਹਾ ਤਾਂ ਸਦੀ ਦੇ ਅੰਤ ਤੱਕ ਯੂਰਪੀਅਨ ਐਲਪਸ ਦੇ 80 ਫ਼ੀਸਦੀ ਤੋਂ ਵੱਧ ਗਲੇਸ਼ੀਅਰ ਪਿਘਲ ਜਾਣਗੇ | ਪਿਘਲਦੇ ਗਲੇਸ਼ੀਅਰਾਂ ਕਾਰਨ ਪਹਿਲਾਂ ਨਦੀਆਂ 'ਚ ਹੜ੍ਹ ਆਉਣਗੇ ਤੇ ਬਾਅਦ 'ਚ ਨਦੀਆਂ ਦੇ ਸਦਾ ਲਈ ਸੁੱਕਣ ਕਾਰਨ ਸਿਰਫ਼ ਪੀਣ ਵਾਲੇ ਪਾਣੀ ਦੀ ਘਾਟ ਹੀ ਨਹੀਂ, ਸਗੋਂ ਖ਼ੁਰਾਕ ਸੰਕਟ ਵੀ ਪੈਦਾ ਹੋ ਜਾਵੇਗਾ | ਮਤਲਬ ਹੜ੍ਹਾਂ ਦੀ ਮਾਰ ਤਾਂ ਅਜੇ ਸ਼ੁਰੂਆਤ ਭਰ ਹੈ | ਹਿਮਾਲਿਆਈ ਖੇਤਰਾਂ ਵਿਚ ਮਨੁੱਖੀ ਅਣਗਹਿਲੀ ਤੇ ਜਲਵਾਯੂ-ਤਬਦੀਲੀ ਦੇ ਗੱਠਜੋੜ ਨੇ ਪਹਿਲਾਂ ਵੀ ਕਈ ਵਾਰ ਅਜਿਹਾ ਕਹਿਰ ਢਾਹਿਆ ਹੈ | ਇਨ੍ਹਾਂ ਆਫਤਾਂ ਦੇ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਅੰਕੜੇ ਇਸ ਤਬਾਹੀ ਦੀ ਗੰਭੀਰਤਾ ਨੂੰ  ਸਪੱਸ਼ਟ ਬਿਆਨ ਕਰਦੇ ਹਨ:
ਕੇਦਾਰਨਾਥ ਦੇ ਹੜ੍ਹ-ਜੂਨ 2013 ਵਿਚ ਉੱਤਰਾਖੰਡ ਦੇ ਕੇਦਾਰਨਾਥ ਵਿਖੇ ਗਾਂਧੀ ਸਰੋਵਰ (ਚੋਰਾਬਾਰੀ ਤਾਲ) ਦੇ ਟੁੱਟਣ ਤੇ ਬੱਦਲ ਫਟਣ ਕਾਰਨ ਮੰਦਾਕਿਨੀ ਨਦੀ 'ਚ ਆਇਆ ਹੜ੍ਹ ਭਾਰਤੀ ਇਤਿਹਾਸ ਦੀਆਂ ਸਭ ਤੋਂ ਖੌਫ਼ਨਾਕ ਆਫਤਾਂ 'ਚੋਂ ਇਕ ਸੀ | ਭਾਰਤ ਸਰਕਾਰ ਦੇ ਅੰਕੜਿਆਂ ਅਨੁਸਾਰ ਇਸ ਆਫਤ ਦੌਰਾਨ 4,400 ਤੋਂ 5,700 ਲੋਕਾਂ ਨੂੰ  ਮਿ੍ਤਕ/ਲਾਪਤਾ ਮੰਨਿਆ ਗਿਆ, ਜਦਕਿ ਸਥਾਨਕ ਲੋਕਾਂ ਤੇ ਸੁਤੰਤਰ ਖੋਜਕਰਤਾਵਾਂ ਅਨੁਸਾਰ ਇਸ ਦੌਰਾਨ 10,000 ਤੋਂ ਵੱਧ ਲੋਕਾਂ ਦੀ ਜਾਨ ਗਈ ਸੀ | ਦੇਸ਼ ਦੇ ਕੋਨੇ-ਕੋਨੇ ਤੋਂ ਹਜ਼ਾਰਾਂ ਸ਼ਰਧਾਲੂ ਉੱਥੇ ਆਏ ਹੋਏ ਸਨ, ਜਿਨ੍ਹਾਂ ਦਾ ਪੂਰਾ ਰਿਕਾਰਡ ਨਾ ਹੋਣ ਕਰਕੇ ਹਜ਼ਾਰਾਂ ਦੇਹਾਂ ਤਾਂ ਮਲਬੇ ਹੇਠ ਹੀ ਦੱਬੀਆਂ ਰਹਿ ਗਈਆਂ | ਇਸ ਦੌਰਾਨ ਹਜ਼ਾਰਾਂ ਕਰੋੜ ਰੁਪਏ ਦੀ ਨਿੱਜੀ ਤੇ ਸਰਕਾਰੀ ਜਾਇਦਾਦ, ਸੜਕਾਂ, ਪੁਲ ਤੇ ਪੂਰੇ ਹੋਟਲ/ਰਿਹਾਇਸ਼ੀ ਢਾਂਚੇ ਤਬਾਹ ਹੋ ਗਏ ਸਨ |
ਜੰਮੂ-ਕਸ਼ਮੀਰ ਦੇ ਹੜ੍ਹ-ਸਤੰਬਰ 2014 ਦੌਰਾਨ ਜੰਮੂ-ਕਸ਼ਮੀਰ ਵਿਚ ਜਿਹਲਮ ਤੇ ਚੇਨਾਬ 'ਚ ਆਏ ਹੜ੍ਹਾਂ ਨੇ ਸ੍ਰੀਨਗਰ ਸਮੇਤ ਪੂਰੀ ਘਾਟੀ ਨੂੰ  ਜਲ-ਥਲ ਕਰ ਦਿੱਤਾ ਸੀ | ਤਬਾਹੀ ਦਾ ਵੱਡਾ ਕਾਰਨ ਨਦੀਆਂ ਦੇ ਪ੍ਰਕ੍ਰਿਤਕ ਵਹਾਅ ਵਾਲੇ ਖੇਤਰਾਂ 'ਤੇ ਅੰਧਾਧੁੰਦ ਕਬਜ਼ੇ ਕਰਕੇ ਕੀਤੀਆਂ ਨਾਜਾਇਜ਼ ਉਸਾਰੀਆਂ ਸਨ | ਇਸ ਹੜ੍ਹ ਵਿਚ 300 ਦੇ ਕਰੀਬ ਲੋਕਾਂ ਦੀ ਜਾਨ ਗਈ ਤੇ 1.5 ਲੱਖ ਤੋਂ 2.5 ਲੱਖ ਘਰ ਨੁਕਸਾਨੇ ਗਏ ਸਨ |  ਇਸ ਦੌਰਾਨ 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਆਰਥਿਕ ਨੁਕਸਾਨ ਹੋਇਆ ਸੀ ਅਤੇ ਲੋਕਾਂ ਦੇ ਵਪਾਰ, ਸੇਬਾਂ ਦੇ ਬਾਗ਼ ਤੇ ਸੈਰ-ਸਪਾਟਾ ਉਦਯੋਗ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ | 
ਸਾਡਾ ਬ੍ਰਹਿਮੰਡ ਬੇਅੰਤ ਹੈ, ਪਰ ਜੀਵਨ ਸਿਰਫ਼ ਧਰਤੀ 'ਤੇ ਹੀ ਹੈ | ਧਰਤੀ 'ਤੇ ਅਣਗਿਣਤ ਕਿਸਮਾਂ ਦੇ ਜੀਵ-ਜੰਤੂ, ਰੁੱਖ-ਬੂਟੀਆਂ, ਸੂਖਮ ਜੀਵ, ਉੱਲੀ ਤੇ ਕਾਈਆਂ ਹਨ | ਵਿਕਾਸ ਤੇ ਵਾਤਾਵਰਨ ਵਿਚ ਸੰਤੁਲਨ ਜ਼ਰੂਰੀ ਹੈ | ਪਹਾੜੀ ਖੇਤਰਾਂ 'ਚ ਵੱਡੇ ਡੈਮ, ਸੁਰੰਗਾਂ ਤੇ ਬਿਨਾਂ ਯੋਜਨਾ ਤੋਂ ਚੌੜੀਆਂ ਸੜਕਾਂ ਬਣਾਉਣ ਦੀ ਨੀਤੀ 'ਤੇ ਤੁਰੰਤ ਮੁੜ-ਵਿਚਾਰ ਕਰਨ ਦੀ ਲੋੜ ਹੈ | ਹਿਮਾਚਲ ਪ੍ਰਦੇਸ਼ ਦੇ ਬੱਦੀ ਵਰਗੇ ਇਲਾਕੇ ਅਜਿਹੀ ਕਰੋਪੀ ਦਾ ਅਗਲਾ ਸ਼ਿਕਾਰ ਨਾ ਹੋਣ, ਇਸ ਲਈ ਹੁਣੇ ਉਪਾਅ ਕਰਨ ਦੀ ਲੋੜ ਹੈ | ਨਦੀਆਂ ਦੇ ਕੁਦਰਤੀ ਵਹਾਅ ਤੇ ਹੜ੍ਹ ਵਾਲੇ ਖੇਤਰਾਂ ਵਿਚ ਹਰ ਤਰ੍ਹਾਂ ਦੀਆਂ ਉਸਾਰੀਆਂ 'ਤੇ ਮੁਕੰਮਲ ਪਾਬੰਦੀ ਲੱਗਣੀ ਚਾਹੀਦੀ ਹੈ | ਜਦੋਂ ਅਸੀਂ ਨਦੀਆਂ ਦੇ ਘਰਾਂ 'ਚ ਵੜਾਂਗੇ, ਤਾਂ ਨਦੀਆਂ ਵੀ ਸਾਡੇ ਘਰਾਂ 'ਚ ਵੜਣਗੀਆਂ | ਹਿਮਾਲਾ ਖੇਤਰ 'ਚ ਰਡਾਰ ਤੇ ਉਪਗ੍ਰਹਿ-ਆਧਾਰਿਤ ਅਜਿਹੀ ਤਕਨਾਲੋਜੀ ਲਗਾਈ ਜਾਵੇ ਜੋ ਬੱਦਲ ਫਟਣ ਜਾਂ ਗਲੇਸ਼ੀਅਰ ਟੁੱਟਣ ਬਾਰੇ ਕੁਝ ਘੰਟੇ ਪਹਿਲਾਂ ਚਿਤਾਵਨੀ ਦੇ ਸਕੇ | ਮਨੁੱਖ ਨੂੰ  ਤਕਨਾਲੋਜੀ ਦਾ ਹੰਕਾਰ ਛੱਡ ਕੇ ਕੁਦਰਤ ਦੇ ਨਿਯਮਾਂ ਅਨੁਸਾਰ ਜਿਉਣਾ ਸਿੱਖਣਾ ਪਵੇਗਾ |
ਨੀਤੀਗਤ ਕਮਜ਼ੋਰੀਆਂ ਤੇ ਸਥਾਨਕ ਪੱਧਰ 'ਤੇ ਲੋੜੀਂਦੇ ਹੀਲੇ-ਅੰਤਰਰਾਸ਼ਟਰੀ ਪੱਧਰ 'ਤੇ 1997 ਦੀ 'ਕਯੋਟੋ ਸੰਧੀ', 2002 ਦਾ 'ਬਾਨ ਸਮਝੌਤਾ', 'ਕਾਰਬਨ ਟ੍ਰੇਡਿੰਗ' 2015 ਦਾ 'ਪੈਰਿਸ ਸਮਝੌਤਾ' ਆਲਮੀ ਤਪਸ਼ ਨੂੰ  ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਦੇ ਪੱਧਰ ਦੇ ਮੁਕਾਬਲੇ 2 ਡਿਗਰੀ ਤੋਂ ਪੂਰੀ ਤਰ੍ਹਾਂ ਹੇਠਾਂ ਸੀਮਿਤ ਕਰਨ ਦਾ ਉਦੇਸ਼ ਦਿੰਦਾ ਹੈ | ਜੇਕਰ ਇਹ 1.5 ਡਿਗਰੀ ਸੈਲਸੀਅਸ ਹੀ ਹੋਵੇ, ਪਰ ਅਜਿਹੇ ਮੁੱਦਿਆਂ 'ਤੇ ਅਮੀਰ ਦੇਸ਼ ਅਕਸਰ ਆਪਣੀ ਜ਼ਿੰਮੇਵਾਰੀ ਗਰੀਬ ਦੇਸ਼ਾਂ 'ਤੇ ਪਾ ਦਿੰਦੇ ਹਨ | ਹਾਲਾਂਕਿ ਵਾਤਾਵਰਨ ਪ੍ਰਦੂਸ਼ਣ ਕਿਸੇ ਦੇਸ਼ ਦੀ ਭੂਗੋਲਿਕ ਸਰਹੱਦ ਨਹੀਂ ਦੇਖਦਾ, ਨਿਪਾਲ ਦੀ ਆਫਤ ਦਾ ਸੇਕ ਪੂਰੇ ਦੱਖਣੀ ਏਸ਼ੀਆ ਤੱਕ ਪਹੁੰਚੇਗਾ | ਸਾਨੂੰ ਆਪਣੇ ਪੱਧਰ 'ਤੇ ਹੇਠ ਲਿਖੇ ਸੁਧਾਰ ਕਰਨੇ ਪੈਣਗੇ:-
ਸਾਨੂੰ ਸਥਾਨਕ ਕਿਸਮਾਂ ਦੇ ਰੁੱਖ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨੀ ਚਾਹੀਦੀ ਹੈ, ਰੁੱਖ ਮਿੱਟੀ ਦੇ ਖੋਰ ਨੂੰ  ਰੋਕ ਕੇ ਕਾਰਬਨ ਨੂੰ  ਸੋਖਦੇ ਹਨ | ਸਾਨੂੰ ਬਿਜਲੀ ਦੀ ਫਜ਼ੂਲ ਵਰਤੋਂ, ਰਸੋਈ ਬਾਲਣ ਦੀ ਖਪਤ ਘਟਾਉਣ ਤੇ ਵਾਤਾਵਰਨ-ਪੱਖੀ ਸੋਚ ਅਪਣਾਉਣ ਦੀ ਲੋੜ ਹੈ | ਨਵੀਂ ਪੀੜ੍ਹੀ ਨੂੰ  ਜਾਗਰੂਕ ਕਰਨ ਲਈ ਸਕੂਲਾਂ ਤੇ ਕਾਲਜਾਂ ਦੇ ਪਾਠਕ੍ਰਮ 'ਚ ਜਲਵਾਯੂ-ਤਬਦੀਲੀ ਦੇ ਖਤਰਿਆਂ ਤੇ ਉਪਾਵਾਂ ਨੂੰ  ਸ਼ਾਮਿਲ ਕਰਨਾ ਚਾਹੀਦਾ ਹੈ  | ਨਿਪਾਲ, ਕੇਦਾਰਨਾਥ ਤੇ ਕਸ਼ਮੀਰ ਦੀਆਂ ਤਬਾਹੀਆਂ ਮਨੁੱਖਤਾ ਦੇ ਚਿਹਰੇ 'ਤੇ ਇਕ ਚਪੇੜ ਵਾਂਗ ਹਨ | ਕੁਦਰਤ ਕੋਲ ਮਨੁੱਖ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਭ ਕੁਝ ਹੈ, ਪਰ ਸਾਡੇ ਲਾਲਚ ਦੀ ਪੂਰਤੀ ਲਈ ਕੁਝ ਨਹੀਂ | ਜੇ ਅਸੀਂ ਅੱਜ ਕੁਦਰਤ ਨੂੰ  ਬਚਾਵਾਂਗੇ, ਤਾਂ ਹੀ ਕੁਦਰਤ ਭਲਕੇ ਸਾਨੂੰ ਬਚਾਏਗੀ!

-ਨਿਊ ਚੰਡੀਗੜ੍ਹ |
ਮੋਬਾਈਲ : 98761-35823
ਈਮੇਲ : drskjindal123@gmail.com 

ਪਿਛਲੀ ਖ਼ਬਰ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਵਧਦੀ ਤਸਕਰੀ ਅਗਲੀ ਖ਼ਬਰ ਪੰਜਾਬ 'ਚੋਂ ਘਟ ਰਿਹਾ ਪਸ਼ੂਧਨ ਚਿੰਤਾਜਨਕ ਪਹਿਲੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।