01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਮਹੱਤਵਪੂਰਨ ਹਨ ਸਤੰਬਰ ਦੇ ਕਿਸਾਨ ਮੇਲੇ

ਮਹੱਤਵਪੂਰਨ ਹਨ ਸਤੰਬਰ ਦੇ ਕਿਸਾਨ ਮੇਲੇ

ਅਜੀਤ ਡੈਸਕ 01-09-2026

ਸਤੰਬਰ ਦਾ ਮਹੀਨਾ ਕਿਸਾਨਾਂ ਲਈ ਬੜਾ ਮਹੱਤਵਪੂਰਨ ਹੈ | ਇਸ ਮਹੀਨੇ ਦੌਰਾਨ ਕਿਸਾਨ ਮੇਲੇ ਲਗਾਏ ਜਾਂਦੇ ਹਨ, ਜਿਨ੍ਹਾਂ ਵਿਚ ਕਿਸਾਨਾਂ ਨੂੰ  ਹਾੜੀ ਦੀਆਂ ਫ਼ਸਲਾਂ 'ਚੋਂ ਕਣਕ ਜੋ ਮੁੱਖ ਫ਼ਸਲ ਹੈ, ਦੇ ਸ਼ੁੱਧ ਬੀਜ ਵਿਸ਼ੇਸ਼ ਤੌਰ 'ਤੇ ਮੁਹੱਈਆ ਕੀਤੇ ਜਾਂਦੇ ਹਨ | ਫ਼ਸਲਾਂ ਦੇ ਬੀਜ ਮੁਹੱਈਆ ਕਰਨ ਤੋਂ ਇਲਾਵਾ ਹਾੜੀ ਦੀਆਂ ਫ਼ਸਲਾਂ ਸੰਬੰਧੀ ਪੂਰੀ ਜਾਣਕਾਰੀ ਕਿਸਾਨਾਂ ਨੂੰ  ਦਿੱਤੀ ਜਾਂਦੀ ਹੈ | ਝੋਨੇ, ਬਾਸਮਤੀ ਦੀ ਫ਼ਸਲ ਪੂਰੇ ਜੋਬਨ 'ਤੇ ਹੁੰਦੀ ਹੈ | ਕਪਾਹ-ਨਰਮਾ ਪੱਕਣ ਕੰਢੇ ਹੁੰਦਾ ਹੈ | ਕਿਸਾਨ ਮੇਲਿਆਂ 'ਚ ਸ਼ਮੂਲੀਅਤ ਦੇ ਦੌਰਾਨ ਵਿਸ਼ੇਸ਼ ਕਰਕੇ ਝੋਨੇ ਅਤੇ ਬਾਸਮਤੀ ਦੀਆਂ ਵੱਖੋ ਵੱਖ ਕਿਸਮਾਂ ਸੰਬੰਧੀ ਫ਼ਸਲਾਂ ਨੂੰ  ਵੇਖ ਕੇ ਅਤੇ ਪੂਰੀ ਜਾਂਚ-ਪੜਤਾਲ ਅਗਲੇ ਸਾਲ ਦੀ ਬਿਜਾਈ ਲਈ ਕਿਸਮ ਦੀ ਚੋਣ ਕਰਨ ਲਈ ਆਪਣਾ ਮਨ ਬਣਾਉਂਦੇ ਹਨ |

ਪੀ.ਏ.ਯੂ. ਵਲੋਂ ਪਹਿਲਾ ਕਿਸਾਨ ਮੇਲਾ ਅੰਮਿ੍ਤਸਰ ਵਿਖੇ 9 ਸਤੰਬਰ ਨੂੰ  ਲਾਇਆ ਜਾਵੇਗਾ | ਫੇਰ 11 ਸਤੰਬਰ ਨੂੰ  ਬੱਲੋਵਾਲ ਸੌਖੜੀ ਵਿਖੇ ਅਤੇ 15 ਸਤੰਬਰ ਨੂੰ  ਰੌਣੀ (ਪਟਿਆਲਾ) ਵਿਖੇ ਲਗਾਇਆ ਜਾਵੇਗਾ | ਪੀ.ਏ.ਯੂ. ਦਾ ਵੱਡਾ ਮੇਲਾ ਲੁਧਿਆਣਾ ਕੈਂਪਸ 'ਚ 18 ਤੇ 19 ਸਤੰਬਰ ਨੂੰ  ਲਗਾਇਆ ਜਾਵੇਗਾ | ਫੇਰ ਫਰੀਦਕੋਟ ਵਿਖੇ 22 ਸਤੰਬਰ ਨੂੰ  ਕਿਸਾਨ ਮੇਲਾ ਲਗਾਇਆ ਜਾਵੇਗਾ | ਪੰਜਾਬ ਯੰਗ ਫਾਰਮਰਜ਼ ਐਸੋਸੀਏਸ਼ਨ ਵਲੋਂ ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ–ਕੋਲੈਬੋਰੇਟਿਵ ਆਊਟ ਸਟੇਸ਼ਨ ਰਿਸਰਚ ਸੈਂਟਰ ਰੱਖੜਾ ਵਿਖੇ 23 ਸਤੰਬਰ ਨੂੰ  ਕਿਸਾਨ ਮੇਲਾ ਲਗਾਇਆ ਜਾਵੇਗਾ, ਜਿਸ ਵਿਚ ਆਈ.ਏ.ਆਰ.ਆਈ. ਦੇ ਵਿਗਿਆਨੀ ਭਾਗ ਲੈਣਗੇ ਅਤੇ ਆਈ.ਸੀ.ਏ.ਆਰ. ਸੰਸਥਾਵਾਂ ਵਲੋਂ ਵਿਕਸਿਤ ਕਣਕ ਦੇ ਸੁਧਰੇ ਫਾਊਾਡੇਸ਼ਨ ਬੀਜ ਕਿਸਾਨਾਂ ਨੂੰ  ਮੁਹੱਈਆ ਕੀਤੇ ਜਾਣਗੇ | ਆਈ.ਏ.ਆਰ.ਆਈ. ਵਲੋਂ ਵਿਕਸਤ ਐਚਡੀ–3386 ਅਤੇ ਆਈ.ਆਈ.ਡਬਲਿਊ.ਬੀ.ਆਰ. ਵਲੋਂ ਵਿਕਸਿਤ ਡੀਬੀਡਬਲਿਊ–371, ਡੀਬੀਡਬਲਿਊ–372 ਅਤੇ ਡੀਬੀਡਬਲਿਊ–327 ਦੇ ਫਾਊਾਡੇਸ਼ਨ ਬੀਜ ਕਿਸਾਨ ਇੱਥੋਂ ਲੈ ਸਕਣਗੇ | ਆਈ.ਏ.ਆਰ.ਆਈ. ਵਲੋਂ ਵਿਕਸਿਤ ਝੋਨੇ ਤੇ ਬਾਸਮਤੀ ਦੀਆਂ ਕਿਸਮਾਂ ਦੇ ਪਲਾਂਟ ਵੀ ਕਿਸਾਨਾਂ ਨੂੰ  ਦਿਖਾਏ ਜਾਣਗੇ | ਫੇਰ 25 ਸਤੰਬਰ ਨੂੰ  ਖੇਤਰੀ ਖੋਜ ਸਟੇਸ਼ਨ ਪੀ.ਏ.ਯੂ. ਬਠਿੰਡਾ ਵਿਖੇ ਕਿਸਾਨ ਮੇਲਾ ਲਗਾਏਗੀ | ਆਖਰੀ ਮੇਲਾ 29 ਸਤੰਬਰ ਨੂੰ  ਗੁਰਦਾਸਪੁਰ ਵਿਖੇ ਲੱਗੇਗਾ | 
ਇਨ੍ਹਾਂ ਕਿਸਾਨ ਮੇਲਿਆਂ 'ਚ ਕਿਸਾਨ ਇਕ-ਦੂਜੇ ਨਾਲ ਆਪਣੇ ਵਿਚਾਰ ਤੇ ਤਜਰਬੇ ਸਾਂਝੇ ਕਰਦੇੇ ਹਨ ਅਤੇ ਵਿਗਿਆਨੀਆਂ ਤੋਂ ਨਵੀਂ ਖੋਜ ਸੰਬੰਧੀ ਜਾਣਕਾਰੀ ਹਾਸਿਲ ਕਰਦੇ ਹਨ | ਖੋਜ ਉਪਰੰਤ ਨਵੀਆਂ ਵਿਧੀਆਂ ਜੋ ਕਿਸਾਨਾਂ ਨੂੰ  ਦੱਸੀਆਂ ਗਈਆਂ ਸਨ, ਉਨ੍ਹਾਂ ਦਾ ਮੁਲਾਂਕਣ ਕੀਤਾ ਜਾਂਦਾ ਹੈ ਅਤੇ ਵਿਗਿਆਨੀਆਂ ਨੂੰ  ਉਨ੍ਹਾਂ ਦੀ ਸਫ਼ਲਤਾ ਅਤੇ ਕਿਸਾਨਾਂ ਦੀ ਭਵਿੱਖ ਦੀ ਲੋੜ ਸੰਬੰਧੀ ਵੀ ਫੀਡਬੈਕ ਮਿਲਦੀ ਹੈ | ਇਹ ਕਿਸਾਨ ਮੇਲੇ ਖੇਤੀ ਮਾਹਿਰਾਂ, ਵਿਗਿਆਨੀਆਂ ਅਤੇ ਕਿਸਾਨਾਂ ਦਾ ਸੁਮੇਲ ਹਨ | ਕਿਸਾਨ ਆਪਣੀਆਂ ਸਮੱਸਿਆਵਾਂ ਦਾ ਇਕ-ਦੂਜੇ ਨਾਲ ਗੱਲਬਾਤ ਕਰਕੇ ਅਤੇ ਵਿਗਿਆਨੀਆਂ ਦੀ ਅਗਵਾਈ ਹੇਠ ਆਪ ਹੀ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਹਨ | ਇਨ੍ਹਾਂ ਮੇਲਿਆਂ ਵਿਚ ਕਿਸਾਨ ਸ਼ੁੱਧ ਤੇ ਫਾਉਂਡੇਸ਼ਨ ਬੀਜ ਖਰੀਦ ਕੇ ਲੈ ਜਾਂਦੇ ਹਨ | ਫਾਊਾਡੇਸ਼ਨ ਬੀਜ ਤੋਂ ਉਹ ਅਗਲੇ ਸਾਲ ਲਈ ਆਪਣਾ ਬੀਜ ਤਿਆਰ ਕਰ ਲੈਂਦੇ ਹਨ | ਇਨ੍ਹਾਂ ਕਿਸਾਨ ਮੇਲਿਆਂ 'ਚ ਕਿਸਾਨਾਂ ਦੀ ਬਹੁਤੀ ਖਿੱਚ ਕਣਕ ਦੀਆਂ ਕਿਸਮਾਂ ਦੇ ਸੁਧਰੇ ਬੀਜਾਂ ਦੀ ਹੁੰਦੀ ਹੈ | ਜੋ 35 ਲੱਖ ਹੈਕਟੇਅਰ ਤੋਂ ਵੱਧ ਰਕਬੇ 'ਤੇ ਕਾਸ਼ਤ ਕੀਤੀ ਜਾਂਦੀ ਹੈ | ਇਨ੍ਹਾਂ ਮੇਲਿਆਂ ਦੇ ਸ਼ੁੱਧ ਬੀਜ ਕਿਸਾਨਾਂ ਵਲੋਂ ਸਹੀ ਢੰਗ ਨਾਲ ਕਾਸ਼ਤ ਕੀਤਿਆਂ 20 ਫ਼ੀਸਦੀ ਤੱਕ ਵੱਧ ਝਾੜ ਦੇਣ ਦੀ ਸ਼ਕਤੀ ਰੱਖਦੇ ਹਨ | ਹਰ ਵੱਡਾ-ਛੋਟਾ ਕਿਸਾਨ ਹਾੜੀ 'ਚ ਕਣਕ ਦੀ ਕਾਸ਼ਤ ਕਰਦਾ ਹੈ, ਕਿਉਂਕਿ ਇਹ ਮੁਕਾਬਲਤਨ ਯਕੀਨੀ ਫ਼ਸਲ ਹੈ ਅਤੇ ਪੰਜਾਬ ਦੀ ਮੁੱਖ ਤੇ ਰਵਾਇਤੀ ਫ਼ਸਲ ਹੋਣ ਕਾਰਨ ਹਰੇਕ ਕਿਸਾਨ ਇਸ ਦੀ ਤਕਨਾਲੋਜੀ ਦਾ ਗਿਆਨ ਰੱਖਦਾ ਹੈ | 
ਸਤੰਬਰ ਦਾ ਮਹੀਨਾ ਕਿਸਾਨਾਂ ਲਈ ਬਹਾਰ ਦਾ ਮੌਸਮ ਹੈ | ਕਿਸਾਨ ਸਦਾਬਹਾਰ ਫ਼ਲਾਂ ਤੋਂ ਇਲਾਵਾ ਮੁੱਖ ਸਬਜ਼ੀ ਆਲੂਆਂ ਦੀ ਅਗੇਤੀ ਬਿਜਾਈ ਵੀ ਕਰ ਸਕਦੇ ਹਨ | ਚਾਰੇ ਲਈ ਮੱਕੀ ਵੀ ਬੀਜ ਸਕਦੇ ਹਨ | ਬਰਸੀਮ ਲਈ ਖੇਤ ਤਿਆਰ ਕਰ ਕੇ ਅਖ਼ੀਰਲੇ ਹਫ਼ਤੇ ਵਿਚ ਬਿਜਾਈ ਕੀਤੀ ਜਾ ਸਕਦੀ ਹੈ | ਵਣ ਖੇਤੀ ਲਈ ਸਫੈਦਾ ਅਤੇ ਪਾਪੂਲਰ ਲਗਾਉਣ ਲਈ ਵੀ ਇਹ ਢੁਕਵਾਂ ਸਮਾਂ ਹੈ | ਤੋਰੀਆਂ ਬੀਜਣ ਲਈ ਵੀ ਇਹ ਮਹੀਨਾ ਵਧੀਆ ਸਮਾਂ ਮੰਨਿਆ ਗਿਆ ਹੈ | ਮੌਸਮੀ ਫੁੱਲਾਂ ਦੀ ਪਨੀਰੀ ਤਿਆਰ ਕਰਨ ਲਈ ਬੀਜ ਕਿਆਰੀਆਂ ਜਾਂ ਮਿੱਟੀ ਦੇ ਗਮਲਿਆਂ ਵਿਚ ਬੀਜੇ ਜਾ ਸਕਦੇ ਹਨ | ਲਾਅਨਾਂ ਵਿਚ ਅੱਧਾ ਕਿੱਲੋ ਯੂਰੀਆ ਪ੍ਰਤੀ 1000 ਵਰਗ ਫੁੱਟ ਪਾ ਦੇਣਾ ਚਾਹੀਦਾ ਹੈ | ਜ਼ਿਆਦਾ ਫੈਲੇ ਹੋਏ ਰੁੱਖਾਂ ਅਤੇ ਸਜਾਵਟੀ ਬੂ ਟਿਆਂ, ਵੇਲਾਂ ਦੀ ਕਾਂਟ-ਛਾਂਟ ਕੀਤੇ ਹੋਏ ਦਿਲਕਸ਼ ਆਕਾਰ ਦੇ ਬਾਗ਼-ਬਗੀਚੇ ਸਤੰਬਰ ਦੇ ਮਹੀਨੇ 'ਚ ਹੀ ਦੇਖਣ ਨੂੰ  ਮਿਲਦੇ ਹਨ | ਜਿਨ੍ਹਾਂ ਕਿਸਾਨਾਂ ਨੇ ਥੋੜ੍ਹੇ ਸਮੇਂ 'ਚ ਪੱਕਣ ਵਾਲੀ ਬਾਸਮਤੀ ਦੀ ਪੂਸਾ ਬਾਸਮਤੀ 1509 ਕਿਸਮ ਲਗਾਈ ਹੈ, ਉਨ੍ਹਾਂ ਨੂੰ  ਚੰਗਾ ਭਾਅ ਮਿਲ ਰਿਹਾ ਹੈ | ਉੱਤਰ ਪ੍ਰਦੇਸ਼ ਦੇ ਕਿਸਾਨ ਹਰਿਆਣਾ 'ਚ ਆਪਣੀ ਇਸ ਕਿਸਮ ਦੀ ਫ਼ਸਲ ਵੇਚ ਕੇ ਚੰਗੀ ਕਮਾਈ ਕਰ ਰਹੇ ਹਨ | ਕਿਸਾਨ ਪੱਖੀ ਨਜ਼ਰੀਏ ਨਾਲ ਵੇਖਦੇ ਹੋਏ ਜੇ ਪੰਜਾਬ 'ਚ ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬ-ਸੁਆਇਲ ਵਾਟਰ ਐਕਟ-2009 ਥੱਲੇ ਝੋਨੇ, ਬਾਸਮਤੀ ਦੀ 15 ਜੂਨ ਤੋਂ ਪਹਿਲਾਂ ਕਾਸ਼ਤ ਕਰਨ 'ਤੇ ਲਾਈ ਗਈ ਰੋਕ ਤੋੜ ਦਿੱਤੀ ਜਾਵੇ ਤਾਂ ਪੰਜਾਬ ਦੇ ਕਿਸਾਨ ਵੀ ਯੂ.ਪੀ. ਵਾਂਗ ਪੂਸਾ ਬਾਸਮਤੀ 1509 ਕਿਸਮ ਲਾ ਕੇ ਚੋਖੀ ਕਮਾਈ ਕਰ ਸਕਣਗੇ | ਪਰ ਇਹ ਵੇਖਣਾ ਪਵੇਗਾ ਕਿ ਅਜਿਹਾ ਕਰਨ ਨਾਲ ਜ਼ਮੀਨ ਥੱਲੇ ਪਾਣੀ ਦਾ ਪੱਧਰ ਕਿਤੇ ਹੋਰ ਹੇਠਾਂ ਤਾਂ ਨਹੀਂ ਚਲਾ ਜਾਂਦਾ | ਪਿਛਲੇ ਕੁਝ ਸਾਲਾਂ 'ਚ ਜ਼ਮੀਨ ਥੱਲੇ ਦੇ ਪਾਣੀ ਦੇ ਪੱਧਰ 'ਚ ਪਹਿਲਾਂ ਵਰਗੀ ਤੇਜ਼ੀ ਨਾਲ ਆ ਰਹੀ ਗਿਰਾਵਟ ਕੁਝ ਘਟੀ ਹੈ | ਇਸ ਕਰਕੇ 15 ਜੂਨ ਤੋਂ ਪਹਿਲਾਂ ਝੋਨਾ ਲਗਾਉਣ ਦੀ ਮਨਾਹੀ ਦੀ ਪੁਨਰ ਸਮੀਖਿਆ ਕੀਤੀ ਜਾ ਸਕਦੀ ਹੈ | 
ਸਤੰਬਰ ਦੇ ਇਨ੍ਹਾਂ ਕਿਸਾਨ ਮੇਲਿਆਂ 'ਚ ਕਿਸਾਨ ਸਮਾਂ ਕੱਢ ਕੇ ਹੁੰਮ-ਹੁੰਮਾ ਕੇ ਸ਼ਿਰਕਤ ਕਰਦੇ ਹਨ | ਉਹ ਖੇਤੀ ਗਿਆਨ, ਨਵੀਂ ਖੋਜ ਅਤੇ ਸੁਧਰੇ ਬੀਜਾਂ ਦੀ ਜਾਣਕਾਰੀ ਸੰਬੰਧੀ ਪੂਰੀ ਜਾਣਕਾਰੀ ਚਾਹੁੰਦੇ ਹਨ | ਪਿੱਛੇ ਦੇਖਿਆ ਗਿਆ ਹੈ ਕਿ ਕੁਝ ਕਿਸਾਨ ਮੇਲੇ ਰਾਜਨੀਤਕ ਬਣਦੇ ਜਾ ਰਹੇ ਹਨ ਜਾਂ ਵੱਖੋ-ਵੱਖ ਉਤਪਾਦਾਂ ਦੇ ਵਿਕਰੀ ਕੇਂਦਰ ਨੁਮਾਇਸ਼ਾਂ ਤੇ ਸਟਾਲ ਲਗਾ ਕੇ ਆਪਣਾ ਸਾਮਾਨ ਵੇਚਦੇ ਹਨ, ਜਿਸ ਦੀ ਸ਼ੁੱਧਤਾ ਤੇ ਸਫ਼ਲਤਾ ਦੀ ਜ਼ਿੰਮੇਵਾਰੀ ਆਯੋਜਕਾਂ ਵਲੋਂ ਨਹੀਂ ਲਈ ਜਾਂਦੀ | ਜਿਹੜੀ ਕਿਸਾਨ ਮੇਲੇ ਅਜਿਹੇ ਰੁਝਾਨਾਂ ਵੱਲ ਝੁਕ ਰਹੇ ਹਨ, ਉਨ੍ਹਾਂ ਨੂੰ  ਸੁਚੇਤ ਹੋਣ ਦੀ ਲੋੜ ਹੈ | ਕਿਸਾਨ ਇਨ੍ਹਾਂ ਮੇਲਿਆਂ 'ਚ ਵਿਗਿਆਨੀਆਂ ਨਾਲ ਸੰਪਰਕ ਕਰ ਸਕਣ ਅਤੇ ਖੇਤਾਂ ਦੀ ਫੇਰੀ ਪਾ ਕੇ ਫ਼ਸਲਾਂ ਦਾ ਜਾਇਜ਼ਾ ਲੈ ਸਕਣ, ਅਜਿਹਾ ਮਾਹੌਲ ਤੇ ਵਾਤਾਵਰਨ ਬਚਾਉਣ ਦੀ ਲੋੜ ਹੈ |

ਈਮੇਲ : bhagwandass226@gmail.com 

ਪਿਛਲੀ ਖ਼ਬਰ ਬੰਬੇਲੀ ਸਾਕੇ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ... ਅਗਲੀ ਖ਼ਬਰ ਰਾਜਨੀਤੀ ਚਿੰਤਨ ਦਾ ਹੀ ਨਹੀਂ, ਕਾਰਜ ਅਤੇ ਅਣਥੱਕ ਜੱਦੋ-ਜਹਿਦ ਦਾ ਵੀ ਖੇਤਰ ਹੈ | ¸ਚਾਣਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।