01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਬੰਬੇਲੀ ਸਾਕੇ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ...

ਬੰਬੇਲੀ ਸਾਕੇ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ...

ਅਜੀਤ ਡੈਸਕ 01-09-2026

ਇਤਿਹਾਸ ਦੇ ਸਿਰਜਣਹਾਰੇ ਉਹ ਲੋਕ ਹੀ ਹੁੰਦੇ ਹਨ, ਜੋ ਕਾਬਜ਼ ਹਾਕਮਾਂ ਵਲੋਂ ਨਿਰਧਾਰਤ ਰਸਤਿਆਂ 'ਤੇ ਚੱਲਣ ਦੀ ਬਜਾਏ ਨਵੀਆਂ ਲੀਹਾਂ ਦੇ ਸਿਰਜਣਹਾਰੇ ਬਣਦੇ ਹਨ | ਇਨ੍ਹਾਂ ਔਖੇ ਪੈਂਡਿਆਂ ਦੇ ਪਾਂਧੀ ਅਜਿਹੇ ਯੁੱਗ ਪੁਰਸ਼ ਹੁੰਦੇ ਹਨ, ਜੋ ਨਵੀਂ ਕੌਮੀ ਪਹਿਚਾਣ ਦੇ ਜਨਮਦਾਤਾ ਬਣਦੇ ਹਨ | ਅਸੀਂ ਆਪਣੇ ਪੁਰਖਿਆਂ ਦੀ ਸਿਦਕੀ ਤੇ ਸਿਰੜੀ ਜ਼ਿੰਦਗੀਆਂ ਨੂੰ  ਨਤ-ਮਸਤਕ ਹੋ ਕੇ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ | ਸਾਡੇ ਪੁਰਖੇ ਸਮੇਂ ਦੀ ਧੂੜ ਵਿਚ ਗੁਆਚੇ ਨਹੀਂ, ਸਗੋਂ ਉਸ ਧੁੰਦ ਗੁਬਾਰ 'ਚੋਂ ਇਕ ਚਾਨਣ ਮੁਨਾਰੇ ਦੀ ਨਿਆਈਾ ਟਿਮ-ਟਿਮਾਉਂਦੇ ਸਿਤਾਰੇ ਹੋ ਨਿਬੜੇ ਹਨ | ਉਹ ਲੋਕਾਈ ਨੂੰ  ਜਬਰ-ਜ਼ੁਲਮ ਦਾ ਟਾਕਰਾ ਕਰਕੇ ਉਜਵਲ ਵਰਤਮਾਨ ਤੇ ਭਵਿੱਖ ਵੱਲ ਅੱਗੇ ਵਧਣ ਦੀ ਪ੍ਰੇਰਨਾ ਦਿੰਦੇ ਹਨ | ਇਹ ਸੂਰਮੇ ਬਾਬਾ ਬੰਦਾ ਸਿੰਘ ਬਹਾਦਰ ਦੇ ਅਸਲ ਵਾਰਿਸ ਹਨ... |  ਲੁਟੇਰੀਆਂ ਜਮਾਤਾਂ ਨਾਂਅ ਬਦਲ ਕੇ ਆਉਂਦੀਆਂ ਰਹਿੰਦੀਆਂ ਹਨ | ਪਰ ਕੁਦਰਤੀ ਵਰਤਾਰੇ ਦੇ ਆਸ਼ਕ ਕਦੀ ਸਮਝੌਤਾ ਨਹੀਂ ਕਰਦੇ | ਮੁਗ਼ਲਾਂ ਬਾਅਦ ਗੋਰੇ ਆਏ ਤਾਂ ਗ਼ਦਰੀ ਬਾਬੇ ਸ਼ਹੀਦੀਆਂ ਦੇ ਗਾਨੇ ਬੰਨ੍ਹ ਕੇ ਕਦੀ ਗੁਰਦੁਆਰਾ ਸੁਧਾਰ ਲਹਿਰ ਨਨਕਾਣਾ ਸਾਹਿਬ ਸਾਕੇ ਦੇ ਗਵਾਹ ਬਣੇ ਤੇ ਕਦੇ ਜਲਿ੍ਹਆਂਵਾਲਾ ਬਾਗ ਨੇ ਉਨ੍ਹਾਂ ਨੂੰ  ਵੰਗਾਰ ਪਾਈ | ਇਸ ਸੰਬੰਧ ਵਿਚ ਹੀ ਅਸੀਂ ਬੱਬਰ ਅਕਾਲੀ ਲਹਿਰ ਦੀ ਚਰਚਾ ਕਰਦੇ ਹਾਂ |
 ਬੱਬਰ ਅਕਾਲੀ ਪਹਿਲਾਂ ਦੋ ਵੱਖ-ਵੱਖ ਜਥਿਆਂ ਵਿਚ ਵਿਚਰਦੇ ਹਨ | ਕੁਝ ਯੋਧੇ ਕਿਸ਼ਨ ਸਿੰਘ ਗੜਗੱਜ ਦੇ ਚੱਕਰਵਰਤੀ ਜਥੇ ਦਾ ਹਿੱਸਾ  ਸਨ | ਕੁਝ ਕੈਨੇਡਾ ਦੇ ਸੁੱਖ ਆਰਾਮ ਨੂੰ  ਲੱਤ ਮਾਰ ਕੇ ਗ਼ਦਰੀ ਬਾਬਿਆਂ ਦੀ ਸੰਗਤ ਵਿਚ ਪ੍ਰਵਾਨ ਚੜ੍ਹਦੇ ਰਹੇ ਸਨ | ਮਾਪਿਆਂ ਦਾ ਨਾਰਾਇਣ ਸਿੰਘ ਅੰਮਿ੍ਤ ਪਾਨ ਕਰਕੇ ਨੌਜਵਾਨ ਕਰਮ ਸਿੰਘ ਬਣ ਜਾਂਦਾ ਹੈ | ਬੱਬਰ ਕਰਮ ਸਿੰਘ ਦੌਲਤਪੁਰ ਵਲੋਂ ਦੁਆਬੇ ਦੀ ਧਰਤੀ ਦੇ ਪਿੰਡ ਦੌਲਤਪੁਰ ਤੋਂ 'ਬੱਬਰ ਅਕਾਲੀ ਦੁਆਬਾ' ਅਖ਼ਬਾਰ ਕੱਢ ਕੇ ਲੋਕ ਚੇਤਨਾ ਨੂੰ  ਪ੍ਰਚੰਡ ਕਰਨ ਦਾ ਪ੍ਰਵਾਹ ਚਲਾਇਆ ਗਿਆ ਸੀ | ਇਸ ਪਰਚੇ ਦੇ ਨਾਂਅ ਕਰਕੇ ਹੀ ਲਹਿਰ ਦਾ ਨਾਂਅ 'ਬੱਬਰ ਅਕਾਲੀ ਲਹਿਰ' ਹੋ ਨਿਬੜਿਆ | ਬੱਬਰ ਕਰਮ ਸਿੰਘ ਦੇ ਰੂਪ ਵਿਚ ਬਲਦੀ ਦੇਸ਼ ਭਗਤੀ ਦੀ ਇਸ ਸ਼ਮ੍ਹਾਂ ਦੁਆਲੇ ਮਰ ਮਿਟਣ ਵਾਲੇ ਹੋਰ ਪਰਵਾਨੇ ਵੀ ਜੁੜਦੇ ਗਏ | ਆਸਾ ਸਿੰਘ ਭਕੜੁਦੀ (ਕਿਸ਼ਨਪੁਰਾ), ਬਿਸ਼ਨ ਸਿੰਘ ਮਾਂਗਟ, ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ, ਉਦੈ ਸਿੰਘ ਰਾਮਗੜ੍ਹ ਝੁੱਗੀਆਂ, ਕਰਮ ਸਿੰਘ ਮਾਣਕੋ, ਸੰਤ ਸਿੰਘ ਛੋਟੀ ਹਰਿਓਾ (ਲੁਧਿਆਣਾ) ਦਲੀਪ ਸਿੰਘ ਧਾਮੀਆਂ, ਧਰਮ ਸਿੰਘ ਹਿਆਤਪੁਰ ਰੁੜਕੀ (ਹੁਸ਼ਿਆਰਪੁਰ), ਧੰਨਾ ਸਿੰਘ ਬਹਿਬਲਪੁਰ, ਵਰਿਆਮ ਸਿੰਘ ਧੁੱਗਾ, ਰਤਨ ਸਿੰਘ ਰੱਕੜਾਂ ਬੇਟ ਅਤੇ ਉਜਾਗਰ ਸਿੰਘ ਪਨਿਆਲੀ ਦੇ ਰੂਪ ਵਿਚ ਪੂਰੀ ਫੌਜੀ ਟੁਕੜੀ ਬਣ ਪਰਵਾਨੇ ਜੁੜ ਗਏ ਸਨ | ਚੀਫ਼ ਖ਼ਾਲਸਾ ਦੀਵਾਨ ਦੀ ਹੁਸ਼ਿਆਰਪੁਰ ਵਿੱਦਿਅਕ ਕਾਨਫਰੰਸ ਵਿਚ ਲਿਆ ਗਿਆ ਸਖ਼ਤ ਸਟੈਂਡ ਹੀ ਸੀ, ਜੋ ਮਈ 1922 (ਕੁਝ ਇਤਿਹਾਸਕਾਰਾਂ ਅਨੁਸਾਰ ਮਾਰਚ 1923) ਪਿੰਡ ਕੌਲਗੜ੍ਹ ਨੇੜੇ ਬਲਾਚੌਰ (ਬੱਬਰ ਕਰਮ ਸਿੰਘ ਦਾ ਨਾਨਕਾ ਪਿੰਡ) ਦੀ ਜੂਹ ਵਿਚ ਪੈਂਦੇ ਇਕ ਅੰਬਾਂ ਦੇ ਬਾਗ਼ ਵਿਚ ਹੋਈ ਬੱਬਰਾਂ ਦੀ ਬੈਠਕ ਨੂੰ  ਗੋਰੀ ਹਕੂਮਤ ਦੇ ਝੋਲੀ ਚੁੱਕਾਂ ਨੂੰ  ਸੋਧਣ ਦੇ ਫ਼ੈਸਲੇ ਵਿਚ ਬਦਲ ਗਿਆ ਸੀ | ਕੌਲਗੜ੍ਹ ਦੀ ਬੈਠਕ ਵਿਚ 3  ਨੌਜਵਾਨਾਂ- ਬੱਬਰ ਕਰਮ ਸਿੰਘ ਦੌਲਤਪੁਰ, ਉਦੈ ਸਿੰਘ ਰਾਮਗੜ੍ਹ ਝੁੰਗੀਆਂ ਤੇ ਧੰਨਾ ਸਿੰਘ ਬਹਿਬਲਪੁਰ ਨੇ ਹਰ ਘਟਨਾਕ੍ਰਮ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਣ ਦਾ ਫੈਸਲਾ ਕੀਤਾ | ਉਸ ਸਮੇਂ ਗੋਰੀ ਹਕੂਮਤ ਦੀ ਦੁਆਬੇ ਦੀ ਧਰਤੀ ਤੋਂ ਜੁੱਲੀ-ਤੱਪੜੀ ਸਮੇਟ  ਦਿੱਤੀ ਗਈ ਜਾਪਣ ਲੱਗੀ ਸੀ | ਦੁਆਬ ਬਿਸਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲਿਆਂ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਿਸਾਂ ਅਧੀਨ ਹੋਇਆ ਜਾਪਣ ਲੱਗਿਆ ਸੀ | 1923 ਦੇ ਸ਼ੁਰੂ 'ਚ ਗੋਰੀ ਹਕੂਮਤ ਗ਼ਦਰੀ ਬਾਬਿਆਂ ਦੀਆਂ ਮਾਰੀਆਂ ਸੱਟਾਂ ਨੂੰ  ਭੁੱਲੀ ਨਹੀਂ ਸੀ, ਉਨ੍ਹਾਂ ਬੱਬਰ ਯੋਧਿਆਂ ਨਾਲ ਨਜਿੱਠਣ ਲਈ ਪੁਲਿਸ ਤੋਂ ਇਲਾਵਾ 200 ਘੋੜਸਵਾਰ ਤੇ 250 ਪੈਦਲ ਫ਼ੌਜੀਆਂ ਦਾ ਪ੍ਰਬੰਧ ਇਕੱਲੇ ਜ਼ਿਲ੍ਹਾ ਜਲੰਧਰ ਲਈ ਕਰ ਰੱਖਿਆ ਸੀ | ਲੋਕ ਦੋਖੀਆਂ ਨੂੰ  ਸੋਧਣਾ ਬੱਬਰ ਯੋਧਿਆਂ ਦਾ ਮਾਣਮੱਤਾ ਇਤਿਹਾਸ ਬਣਦਾ ਜਾ ਰਿਹਾ ਸੀ | 

 ਪਹਿਲੀ ਸਤੰਬਰ 1923 ਨੂੰ ਬੱਬਰ ਕਰਮ ਸਿੰਘ ਦੌਲਤਪੁਰ, ਬੱਬਰ ਉਦੈ ਸਿੰਘ ਰਾਮਗੜ੍ਹ ਝੁੱਗੀਆਂ, ਬੱਬਰ ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ, ਬੱਬਰ ਬਿਸ਼ਨ ਸਿੰਘ ਮਾਂਗਟ ਦਾ ਜਥਾ ਪਿੰਡ ਬੰਬੇਲੀ 'ਚ ਆਪਣੇ ਇਕ ਹਮਦਰਦ ਦੇ ਘਰ ਇਕ ਮੁਖਬਰ ਦੀ ਇਤਲਾਹ 'ਤੇ ਘਿਰ ਗਿਆ | ਇਹ ਬੱਬਰ ਚੌਕੜੀ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਗੈਰ  ਪੁਲਿਸ ਦਾ ਘੇਰਾ ਤੋੜ ਕੇ ਬਰਸਾਤ ਕਾਰਨ ਭਰ ਵਗਦੀ ਵੇਈਾ ਦੇ ਕਿਨਾਰੇ ਬਣੇ ਇਤਿਹਾਸਿਕ ਗੁਰਦੁਆਰਾ ਚੌਂਤਾ ਸਾਹਿਬ ਵੱਲ ਵਧਣ ਲੱਗੇ ਤਾਂ  ਸੈਂਕੜੇ ਪੁਲਸੀਆਂ ਨੇ ਅੱਜ ਦੇ ਦਿਨ ਵੇਈਾ ਕਿਨਾਰੇ ਘੇਰਾ ਪਾ ਕੇ ਇਕ-ਇਕ ਕਰਕੇ ਇਨ੍ਹਾਂ ਬੱਬਰਾਂ ਨੂੰ  ਸ਼ਹੀਦ ਕਰ ਦਿੱਤਾ | 27 ਫਰਵਰੀ, 1926 ਹੋਲੀ ਵਾਲੇ ਦਿਨ ਲਹਿਰ ਦੇ ਬਾਨੀ ਕਿਸ਼ਨ ਸਿੰਘ ਗੜਗੱਜ (ਵੜਿੰਗ) ਕਰਮ ਸਿੰਘ ਮਾਣੋਕੇ, ਨੰਦ ਸਿੰਘ ਘੜਿਆਲ, ਬਾਬੂ ਸੰਤਾ ਸਿੰਘ ਛੋਟੀ ਹਰਿਓਾ (ਲੁਧਿਆਣਾ) ਦਲੀਪ ਸਿੰਘ ਧਾਮੀਆਂ ਕਲਾਂ ਤੇ ਧਰਮ ਸਿੰਘ ਹਿਆਤਪੁਰ (ਰੁੜਕੀ) ਨੇੜੇ ਬਲਾਚੌਰ ਨੂੰ  ਲਾਹੌਰ ਜੇਲ੍ਹ ਵਿਚ ਫਾਂਸੀ ਦੇ ਦਿੱਤੀ ਗਈ | 
 ਬੱਬਰਾਂ ਦੀ ਮਾਣਮੱਤੀ ਇਸ ਵਿਰਾਸਤ ਨੂੰ  ਸੰਭਾਲਣ ਲਈ ਬੱਬਰ ਕਰਮ ਸਿੰਘ ਦੌਲਤਪੁਰ ਦੇ ਵਾਰਸਾਂ ਵਲੋਂ ਕਮਾਂਡਰ ਬਚਨ ਸਿੰਘ ਥਾਂਦੀ ਦੀ ਅਗਵਾਈ 'ਚ ਪਿੰਡ ਵਾਲਿਆਂ ਨੇ ਉਨ੍ਹਾਂ ਦੇ ਨਾਂਅ 'ਤੇ ਟਰੱਸਟ ਬਣਾ ਕੇ ਉਨ੍ਹਾਂ ਦੀ ਯਾਦ  ਨੂੰ  ਸੰਭਾਲਿਆ ਗਿਆ ਹੈ | ਬੱਬਰਾਂ ਦੀ ਯਾਦ 'ਚ ਵੱਡਾ ਯਾਦਗਾਰੀ ਹਾਲ, ਬੱਬਰਾਂ ਦੀ ਸ਼ਹੀਦੀ ਲਾਟ, ਬੱਬਰ ਦੇ ਨਾਂ ਤੇ ਦੋ ਮੰਜ਼ਿਲਾਂ ਸੀਨੀਅਰ ਸੈਕੰਡਰੀ ਸਕੂਲ ਵੀ ਬਣਾਇਆ ਹੈ, ਜਿੱਥੇ ਸ਼ਹੀਦ  ਬੱਬਰਾਂ ਤੇ ਗ਼ਦਰੀ ਬਾਬਿਆਂ ਦੇ ਨਾਵਾਂ 'ਤੇ ਕਮਰੇ ਉਸਾਰੇ ਗਏ ਹਨ | ਇਨ੍ਹਾਂ ਕਮਰਿਆਂ ਵਿਚ ਸ਼ਹੀਦਾਂ ਦੀ ਜੀਵਨੀ ਲਿਖ ਕੇ ਲਗਾਈ ਗਈ ਹੈ | ਹਰ ਸਾਲ ਪਹਿਲੀ ਸਤੰਬਰ ਨੂੰ  ਬੰਬੇਲੀ ਦੇ ਸ਼ਹੀਦ ਬੱਬਰਾਂ ਦੀ ਯਾਦ 'ਚ ਭਾਰੀ ਇਕੱਠ ਹੁੰਦਾ ਹੈ ਤੇ ਯਾਦਗਾਰੀ ਮੇਲਾ ਮਨਾਇਆ ਜਾਂਦਾ ਹੈ |

-ਬੀ-5/614, ਕਵਿਤਾ ਭਵਨ, ਚੰਡੀਗੜ੍ਹ ਰੋਡ, ਨਵਾਂਸ਼ਹਿਰ 144514
ਮੋਬਾਈਲ : 9814922559

ਪਿਛਲੀ ਖ਼ਬਰ ਇਮਾਨਦਾਰੀ ਤੇ ਕਾਰਜਕੁਸ਼ਲਤਾ ਦਾ ਪ੍ਰਤੀਕ- ਕੈਪਟਨ ਕੰਵਲਜੀਤ ਸਿੰਘ ਅਗਲੀ ਖ਼ਬਰ ਮਹੱਤਵਪੂਰਨ ਹਨ ਸਤੰਬਰ ਦੇ ਕਿਸਾਨ ਮੇਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।