01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਇਮਾਨਦਾਰੀ ਤੇ ਕਾਰਜਕੁਸ਼ਲਤਾ ਦਾ ਪ੍ਰਤੀਕ- ਕੈਪਟਨ ਕੰਵਲਜੀਤ ਸਿੰਘ

ਇਮਾਨਦਾਰੀ ਤੇ ਕਾਰਜਕੁਸ਼ਲਤਾ ਦਾ ਪ੍ਰਤੀਕ- ਕੈਪਟਨ ਕੰਵਲਜੀਤ ਸਿੰਘ

ਅਜੀਤ ਡੈਸਕ 01-09-2026

ਮਰਹੂਮ ਕੈਪਟਨ ਕੰਵਲਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਵਿਚ ਆਪਣੇ ਅਹੁਦੇ ਨਾਲੋਂ ਵਧੇਰੇ ਆਪਣੀ ਸੋਚ, ਸਾਦਗੀ, ਇਮਾਨਦਾਰੀ ਤੇ ਲੋਕ-ਪੱਖੀ ਪਹੁੰਚ ਕਰਕੇ ਲੋਕਾਂ ਦੇ ਦਿਲਾਂ 'ਚ ਥਾਂ ਬਣਾਉਣ ਵਾਲੇ ਆਗੂਆਂ 'ਚੋਂ ਇਕ ਸਨ | ਉਨ੍ਹਾਂ ਨੂੰ  ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ 'ਚ ਸੂਝਵਾਨ, ਸਾਫ਼-ਸੁਥਰੀ ਤੇ ਵਿਕਾਸਮੁਖੀ ਰਾਜਨੀਤੀ ਕਰਨ ਵਾਲੇ ਆਗੂ ਵਜੋਂ ਯਾਦ ਕੀਤਾ ਜਾਂਦਾ ਹੈ | ਉਨ੍ਹਾਂ ਦੀ ਸ਼ਖ਼ਸੀਅਤ ਅਨੁਸ਼ਾਸਨ, ਦਿ੍ੜ੍ਹਤਾ ਤੇ ਜ਼ਿੰਮੇਵਾਰੀ ਦੀ ਭਾਵਨਾ ਨਾਲ ਓਤਪੋਤ ਸੀ | ਅੱਜ ਜਦੋਂ 100 ਸਾਲ ਤੋਂ ਵੀ ਵੱਧ ਪੁਰਾਣਾ ਸ਼੍ਰੋਮਣੀ ਅਕਾਲੀ ਦਲ ਆਪਣੇ ਨੇਤਾਵਾਂ ਦੀ ਆਪੋ-ਧਾਪੀ ਕਾਰਨ ਡਿੱਕੇ-ਡੋਲੇ ਖਾ ਰਿਹਾ ਹੈ ਤਾਂ ਇਸ ਸਮੇਂ ਪਾਰਟੀ ਦੀ ਅਗਵਾਈ ਕਰਨ ਲਈ ਬੇੜੀ ਦਾ ਮਲਾਹ ਬਣਨ ਦੇ ਸਮਰੱਥ ਕੋਈ ਇਮਾਨਦਾਰ ਤੇ ਦਿਆਨਤਦਾਰ ਨੇਤਾ ਨਜ਼ਰ ਨਹੀਂ ਆ ਰਿਹਾ | 
ਅਜਿਹੇ ਨਾਜ਼ੁਕ ਮੌਕੇ ਕੈਪਟਨ ਸਾਹਿਬ ਵਰਗੇ ਸੰਕਟ ਮੋਚਨ ਨੇਤਾ ਦੀ ਅਣਹੋਂਦ ਰੜਕ ਰਹੀ ਹੈ | ਉਹ ਪਾਰਟੀ ਪ੍ਰਤੀ ਪ੍ਰਤੀਬੱਧਤਾ ਰੱਖਣ ਵਾਲੇ ਸਿਆਸਤਦਾਨਾਂ 'ਚੋਂ ਇਕ ਸਨ | ਉਨ੍ਹਾਂ ਦੀ ਬੇਬਾਕੀ, ਕਾਰਜ਼ਕੁਸ਼ਲਤਾ ਤੇ ਇਮਾਨਦਾਰੀ ਦਾ ਕੋਈ ਸਾਨੀ ਨਹੀਂ ਹੋ ਸਕਦਾ | ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਨੂੰ  ਕਿਸੇ ਸੰਕਟ ਦਾ ਸਾਹਮਣਾ ਕਰਨਾ ਪਿਆ ਤਾਂ ਕੈਪਟਨ ਸਾਹਿਬ ਹਮੇਸ਼ਾ ਯੋਗ ਤੇ ਢੁਕਵੀਂ ਸਲਾਹ ਹੀ ਨਹੀਂ  ਦਿੰਦੇ ਸਨ, ਸਗੋਂ ਬੜੀ ਬੇਬਾਕੀ ਨਾਲ ਪਾਰਟੀ ਦੇ ਕਿਸੇ ਵੀ ਗ਼ਲਤ ਫ਼ੈਸਲੇ ਨੂੰ  ਗ਼ਲਤ ਕਹਿਣ ਦੀ ਹਿੰਮਤ ਰੱਖਦੇ ਸਨ |
ਕੈਪਟਨ ਕੰਵਲਜੀਤ ਸਿੰਘ ਦੀ 29 ਮਾਰਚ, 2009 ਨੂੰ  ਸੜਕੀ ਦੁਰਘਟਨਾ ਦੌਰਾਨ ਹੋਈ ਮੌਤ ਅਜੇ ਤੱਕ ਸ਼ੱਕ ਦੇ ਘੇਰੇ ਵਿਚ ਹੈ | ਉਨ੍ਹਾਂ ਦੀ ਪਾਰਟੀ ਪ੍ਰਤੀ ਬਹੁਤ ਵਫ਼ਾਦਾਰੀ ਤੇ ਬੇਬਾਕ ਰਾਇ ਤੋਂ ਨਾਰਾਜ਼ ਕਈ ਨੇਤਾ ਉੁਨ੍ਹਾਂ ਦੇ ਜਿਉਂਦੇ-ਜੀਅ ਤਾਂ ਉਨ੍ਹਾਂ ਦਾ ਤਾਂ ਕੁਝ ਵਿਗਾੜ ਨਾ ਸਕੇ, ਪ੍ਰੰਤੂ ਉਨ੍ਹਾਂ ਦੀ ਮੌਤ ਤੋਂ ਬਾਅਦ ਪਰਿਵਾਰ ਨੂੰ  ਸਿਆਸੀ ਤੌਰ 'ਤੇ ਰੋਲ ਕੇ ਰੱਖ ਦਿੱਤਾ | ਉਹ ਪਟਿਆਲਾ ਜ਼ਿਲ੍ਹੇ ਦੇ ਬਨੂੜ/ ਡੇਰਾ ਬਸੀ ਵਿਧਾਨ ਸਭਾ ਹਲਕੇ ਤੋਂ 3 ਵਾਰ ਵਿਧਾਇਕ ਚਣੇ ਗਏ ਸਨ | ਪਹਿਲੀ ਵਾਰ ਬਤੌਰ ਆਜ਼ਾਦ ਉਮੀਦਵਾਰ ਚੋਣ ਜਿੱਤਣ ਦੇ ਬਾਵਜੂਦ ਸੁਰਜੀਤ ਸਿੰਘ ਬਰਨਾਲਾ ਦੀ ਵਜ਼ਾਰਤ ਵਿਚ ਉਨ੍ਹਾਂ ਨੂੰ  ਗ੍ਰਹਿ ਰਾਜ ਮੰਤਰੀ ਬਣਾਇਆ ਗਿਆ | ਉਹ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ 'ਚ ਵੀ ਦੋ ਵਾਰ ਮੰਤਰੀ ਬਣੇ ਤੇ ਉਨ੍ਹਾਂ ਵਿੱਤ, ਯੋਜਨਾ, ਗ੍ਰਹਿ ਤੇ ਸਹਿਕਾਰਤਾ ਸਮੇਤ ਕਈ ਅਹਿਮ ਵਿਭਾਗਾਂ ਦੀ ਜ਼ਿੰਮੇਵਾਰੀ ਸੰਭਾਲੀ | ਵਿੱਤ ਮੰਤਰੀ ਵਜੋਂ ਉਨ੍ਹਾਂ ਦੀ ਪਛਾਣ ਇਕ ਗੰਭੀਰ, ਪੜ੍ਹੇ-ਲਿਖੇ ਅਤੇ ਅੰਕੜਿਆਂ ਤੇ ਨੀਤੀਆਂ ਨੂੰ  ਸਮਝਣ ਵਾਲੇ ਸਿਆਸਤਦਾਨ ਵਜੋਂ ਬਣੀ | ਉਨ੍ਹਾਂ ਦੀ ਸਿਆਸਤ ਦਾ ਇੱਕ ਮਹੱਤਵਪੂਰਨ ਪੱਖ ਇਹ ਸੀ ਕਿ ਉਹ ਸਿਰਫ਼ ਸਿਆਸੀ ਨਾਅਰਿਆਂ ਤੱਕ ਸੀਮਤ ਰਹਿਣ ਦੀ ਬਜਾਏ ਪ੍ਰਸ਼ਾਸਨ ਤੇ ਨੀਤੀ-ਨਿਰਮਾਣ ਦੇ ਮਸਲਿਆਂ ਨੂੰ  ਗੰਭੀਰਤਾ ਨਾਲ ਲੈਂਦੇ ਸਨ | 

ਉਨ੍ਹਾਂ ਦੀ ਸਹਿਕਾਰਤਾ ਖੇਤਰ 'ਚ ਡੂੰਘੀ ਦਿਲਚਸਪੀ ਤੇ ਪੇਂਡੂ ਅਰਥਚਾਰੇ ਨੂੰ  ਮਜ਼ਬੂਤ ਕਰਨ ਦੀ ਸੋਚ ਪਿੱਛੇ ਉਨ੍ਹਾਂ ਦੇ ਜਨਤਕ ਜੀਵਨ ਦਾ ਮਹੱਤਵਪੂਰਨ ਯੋਗਦਾਨ ਸੀ | ਉਨ੍ਹਾਂ ਦੀ ਸ਼ਖ਼ਸੀਅਤ 'ਚ ਸਿਆਸਤਦਾਨ ਦੇ ਨਾਲ-ਨਾਲ ਇਕ ਸਿਪਾਹੀ ਵਾਲਾ ਅਨੁਸ਼ਾਸਨ ਵੀ ਨਜ਼ਰ ਆਉਂਦਾ ਸੀ, ਉਹ ਹਮੇਸ਼ਾ ਸਪੱਸ਼ਟ ਤੇ ਤਰਕ ਨਾਲ ਗੱਲ ਕਰਨ ਲਈ ਜਾਣੇ ਜਾਂਦੇ ਸਨ | ਉਨ੍ਹਾਂ ਨਾਲ ਜੁੜੇ ਲੋਕ ਅਕਸਰ ਉਨ੍ਹਾਂ ਦੀ ਸਾਦਗੀ ਤੇ ਲੋਕਾਂ ਨਾਲ ਸਿੱਧੇ ਸੰਪਰਕ ਨੂੰ  ਯਾਦ ਕਰਦੇ ਹਨ | ਜਦੋਂ ਉਹ ਪੰਜਾਬ ਦੇ ਗ੍ਰਹਿ ਰਾਜ ਮੰਤਰੀ ਸਨ ਤਾਂ ਪੰਜਾਬ ਦੇ ਹਾਲਾਤ ਬਹੁਤੇ ਚੰਗੇ ਨਹੀਂ ਸਨ ਤੇ ਪੁਲਿਸ ਵੀ ਕੇਂਦਰ ਦੇ ਇਸ਼ਾਰੇ 'ਤੇ ਉਨ੍ਹਾਂ ਦੇ ਹੁਕਮਾਂ ਨੂੰ  ਅਣਡਿੱਠ ਕਰ ਦਿੰਦੀ ਸੀ, ਪਰ ਸਾਬਕਾ ਫੌਜੀ ਅਧਿਕਾਰੀ ਆਪਣੀ ਜ਼ਿੰਮੇਵਾਰੀ ਬੜੇ ਸੰਜਮ ਤੇ ਕਾਬਲੀਅਤ ਨਾਲ ਨਿਭਾਉਣ 'ਚ ਸਫਲ ਰਹੇ | ਲੋਕਾਂ ਵਿਚ ਮਕਬੂਲ ਹੋਣ ਲਈ ਨੇਤਾਵਾਂ ਨੂੰ  ਆਪਣੀ ਇਮਾਨਦਾਰੀ ਤੇ ਕਾਬਲੀਅਤ ਦਾ ਸਬੂਤ ਦੇਣਾ ਪੈਂਦਾ ਹੈ, ਪਰ ਉਹ ਇਸ ਦੇ ਪ੍ਰਤੱਖ ਪ੍ਰਤੀਕ ਸਨ | ਕੈਪਟਨ ਸਾਹਿਬ ਸੱਚੇ-ਸੁੱਚੇ ਕਿਰਦਾਰ ਵਾਲੇ ਸਿਆਸਤਦਾਨ ਸਨ, ਉਨ੍ਹਾਂ ਦੇ ਸਟਾਫ ਦਾ ਕੋਈ ਵੀ ਮੈਂਬਰ ਕਿਸੇ ਅਧਿਕਾਰੀ ਨੂੰ  ਉਨ੍ਹਾਂ ਦੀ ਇਜ਼ਾਜ਼ਤ ਬਗੈਰ ਫੋਨ ਨਹੀਂ ਕਰ ਸਕਦਾ ਸੀ | 
ਬਹੁਤੇ ਨੇਤਾਵਾਂ 'ਚ ਸਿਆਸਤ ਲਈ ਲੋੜੀਂਦੀ ਸੰਜੀਦਗੀ ਤੇ ਸਿਆਸੀ ਬਚਨਵੱਧਤਾ ਦੀ ਘਾਟ ਹੁੰਦੀ ਹੈ, ਪਰ ਕੈਪਟਨ ਸਾਹਿਬ ਇਨ੍ਹਾਂ ਦੋਵੇਂ ਗੁਣਾਂ ਨਾਲ ਭਰਪੂਰ ਸਨ | ਸਿਆਸਤ ਨੂੰ  ਤਿਗੜਮਬਾਜ਼ੀ ਵੀ ਕਿਹਾ ਜਾਂਦਾ ਹੈ, ਜਿਹੜਾ ਸਿਆਸਤਦਾਨ ਮੌਕਾ ਤਾੜ ਕੇ ਕਿਸੇ ਵੀ ਢੰਗ ਨਾਲ ਵੋਟਾਂ ਪੁਆ ਲਏ, ਉਸੇ ਨੂੰ  ਅੱਜਕਲ੍ਹ ਸਫਲ ਸਿਆਸਤਦਾਨ ਕਿਹਾ ਜਾਂਦਾ ਹੈ | ਪਰ ਮਰਹੂਮ ਕੈਪਟਨ ਕੰਵਲਜੀਤ ਸਿੰਘ ਪੰਜਾਬ ਦਾ ਅਜਿਹਾ ਸਿਆਸਤਦਾਨ ਹੋਇਆ ਹੈ, ਜੋ ਇਕੱਲੇ ਆਪਣੇ ਵਿਧਾਨ ਸਭਾ ਹਲਕੇ ਨੂੰ  ਤਰਜੀਹ ਦੇਣ ਦੀ ਬਜਾਏ ਪੰਜਾਬ ਦੇ ਹਰ ਇਲਾਕੇ ਵਿਚ ਪੂਰੀ ਬਚਨਵੱਧਤਾ ਨਾਲ ਵਿਕਾਸ ਕਰਵਾਉਂਦੇ ਸਨ | ਆਪਣੀ ਨੌਕਰੀ ਦੌਰਾਨ ਮੈਂ ਖ਼ੁਦ ਵੇਖਿਆ ਹੈ ਕਿ ਮੰਤਰੀ ਆਪਣੇ ਹਲਕੇ ਦੇ ਕੰਮਾਂ ਦੀਆਂ ਸਿਫਾਰਸ਼ਾਂ ਕਰਨ ਲਈ ਮੁੱਖ ਸਕੱਤਰ ਤੇ ਵਿਭਾਗੀ ਸਕੱਤਰਾਂ ਦੇ ਦਫ਼ਤਰਾਂ ਵਿਚ ਜਾਂਦੇ ਸਨ, ਪ੍ਰੰਤੂ ਕੈਪਟਨ ਕੰਵਲਜੀਤ ਸਿੰਘ ਮੁੱਖ ਸਕੱਤਰ ਸਮੇਤ ਸਾਰੇ ਅਧਿਕਾਰੀਆਂ ਨੂੰ  ਆਪਣੇ ਕੋਲ ਬੁਲਾ ਕੇ ਕੰਮ ਕਰਵਾਉਂਦੇ ਸਨ | ਅਧਿਕਾਰੀ ਵੀ ਉਨ੍ਹਾਂ ਨੂੰ  ਪੂਰਾ ਸਤਿਕਾਰ ਦਿੰਦੇ ਸਨ | 
 ਕੈਪਟਨ ਕੰਵਲਜੀਤ ਸਿੰਘ ਦਾ ਜਨਮ ਦਾਰਾ ਸਿੰਘ ਐਡਵੋਕੇਟ ਦੇ ਘਰ 1 ਸਤੰਬਰ 1942 ਨੂੰ  ਹੋਇਆ ਸੀ | ਉਨ੍ਹਾਂ 1971 ਦੀ ਜੰਗ ਵਿਚ ਹਿੱਸਾ ਲਿਆ ਸੀ ਅਤੇ 1972 ਵਿਚ ਫ਼ੌਜ 'ਚੋਂ ਸੇਵਾਮੁਕਤੀ ਲੈਣ ਬਾਅਦ ਉਹ ਸਿਆਸਤ ਵਿਚ ਆ ਗਏ  | ਉਨ੍ਹਾਂ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਤੇ ਪ੍ਰਕਾਸ਼ ਸਿੰਘ ਬਾਦਲ ਦੀਆਂ ਸਰਕਾਰਾਂ ਮੌਕੇ ਵਜ਼ਾਰਤ ਵਿਚ ਗ੍ਰਹਿ, ਵਿੱਤ, ਯੋਜਨਾ ਤੇ ਸਹਿਕਾਰਤਾ ਵਿਭਾਗ ਦੇ ਮੰਤਰੀ ਵਜੋਂ ਕੰਮ ਕੀਤਾ | ਉਨ੍ਹਾਂ ਦਾ ਜੱਦੀ ਪਿੰਡ ਅਮਲੋਹ ਨੇੜੇ ਸਲਾਣਾ ਹੈ, ਉਨ੍ਹਾਂ ਦੇ ਪਿਤਾ ਦਾਰਾ ਸਿੰਘ ਵੀ ਪੰਜਾਬ ਦੇ ਮੰਤਰੀ ਰਹੇ ਹਨ | ਉਨ੍ਹਾਂ ਦਾ ਵਿਆਹ ਸਰਬਜੀਤ ਕੌਰ ਨਾਲ ਹੋਇਆ ਤੇ ਉਨ੍ਹਾਂ ਦੇ ਇਕ ਬੇਟਾ ਜਸਜੀਤ ਸਿੰਘ ਬੰਨੀ ਤੇ ਬੇਟੀ ਮਨਪ੍ਰੀਤ ਕੌਰ ਡੌਲੀ ਹੈ | ਅੱਜਕਲ੍ਹ ਮਨਪ੍ਰੀਤ ਕੌਰ ਡੌਲੀ ਕੈਪਟਨ ਸਾਹਿਬ ਵਾਂਗ ਹੀ ਡੇਰਾ ਬਸੀ ਹਲਕੇ ਦੇ ਲੋਕਾਂ 'ਚ ਵਿਚਰ ਰਹੀ ਹੈ | ਕੈਪਟਨ ਕੰਵਲਜੀਤ ਸਿੰਘ 29 ਮਾਰਚ, 2009 ਨੂੰ  ਸਵਰਗਵਾਸ ਹੋ ਗਏ ਸਨ | 

-ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ : 94178-13072

ਪਿਛਲੀ ਖ਼ਬਰ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਾਰਿਸ ਸੰਬੰਧੀ ਚਰਚਾ ਫ਼ਜ਼ੂਲ ਹੈ? ਅਗਲੀ ਖ਼ਬਰ ਬੰਬੇਲੀ ਸਾਕੇ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।