13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਸਾਰਾਗੜ੍ਹੀ ਜੰਗ ਦੇ ਅਣਛੂਹੇ ਇਤਿਹਾਸਕ ਤੱਥ

ਸਾਰਾਗੜ੍ਹੀ ਜੰਗ ਦੇ ਅਣਛੂਹੇ ਇਤਿਹਾਸਕ ਤੱਥ

ਅਜੀਤ ਡੈਸਕ 12-09-2026

ਅੱਜ ਲਈ ਵਿਸ਼ੇਸ਼

ਸਾਰਾਗੜ੍ਹੀ ਦੀ ਜੰਗ 12 ਸਤੰਬਰ, 1897 ਈ. ਨੂੰ  ਹਿੰਦੂਕੁਸ਼ ਪਰਬਤ ਦੇ ਪਥਰੀਲੇ ਕਬਾਇਲੀ ਇਲਾਕੇ 'ਚ 10 ਹਜ਼ਾਰ ਤੋਂ ਵੱਧ ਅਫ਼ਗਾਨੀ ਓਰਕਜ਼ਈ, ਅਫ਼ਰੀਦੀ ਤੇ ਚਮਕਣੀ ਕਬੀਲਿਆਂ ਖ਼ਿਲਾਫ਼ ਸਿੱਖਾਂ ਦੀ ਬਹਾਦਰੀ ਨੂੰ  ਬਿਆਨ ਕਰਦੀ ਹੈ | ਇਹ ਵਿਸ਼ਵ ਦੀ ਇਕ ਉਹ ਮਹਾਨ ਇਤਿਹਾਸਕ ਅਸਾਵੀਂ ਜੰਗ ਹੈ, ਜੋ ਸਮਾਣਾ ਪਹਾੜੀ ਦੇ ਸਰਹੱਦੀ ਇਲਾਕੇ ਦੇ ਜ਼ਿਲ੍ਹਾ ਕੋਹਾਟ, ਤਹਿਸੀਲ ਹੰਗੂ (ਅੱਜ ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਦੇ ਸਰਹੱਦੀ ਇਲਾਕੇ) ਦੇ ਪਿੰਡ ਸਾਰਾ 'ਚ ਬਣੀ ਇਕ ਛੋਟੀ ਜਿਹੀ ਚੌਂਕੀ 'ਤੇ ਤਾਇਨਾਤ 36ਵੀਂ ਸਿੱਖ ਰੈਜੀਮੈਂਟ ਦੇ 21 ਬਹਾਦਰ ਜਵਾਨਾਂ ਵਲੋਂ ਇਕ ਬਰਤਾਨਵੀ ਫ਼ੌਜੀ ਮੁਹਿੰਮ ਦੌਰਾਨ ਲੜੀ ਗਈ ਸੀ | ਇਸ ਜੰਗ ਦੀ ਅਗਵਾਈ ਸਥਾਨਕ ਨਿਧੜਕ ਜਰਨੈਲ ਹੌਲਦਾਰ ਸਰਦਾਰ ਈਸ਼ਰ ਸਿੰਘ ਨੇ ਕੀਤੀ, ਜਿਸ ਦੀ ਅਗਵਾਈ ਵਿਚ ਸਿੱਖ ਜਵਾਨਾਂ ਨੇ ਆਤਮ-ਸਮਰਪਣ ਕਰਨ ਦੀ ਥਾਂ ਆਖ਼ਰੀ ਸਾਹਾਂ ਤੱਕ ਲੜਨਾ ਜਾਰੀ ਰੱਖਿਆ ਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ | ਇਸ ਜੰਗ ਦੀ ਪਿੱਠਭੂਮੀ 'ਚ ਕੁਝ ਤੱਥ ਛੁਪੇ ਹੋਏ ਹਨ, ਜਿਨ੍ਹਾਂ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ | ਪੇਸ਼ਾਵਰ, ਕੋਹਾਟ, ਸਮਾਣਾ ਪਹਾੜੀ, ਸਾਰਾਗੜ੍ਹੀ ਪਹਿਲਾਂ ਇਹ ਖਿੱਤੇ ਮੂਲ ਰੂਪ 'ਚ ਅਫ਼ਗਾਨਿਸਤਾਨ ਦੇ ਹਿੱਸੇ ਸਨ, ਜੋ ਮਹਾਰਾਜਾ ਰਣਜੀਤ ਸਿੰਘ ਨੇ ਜਿੱਤ ਕੇ ਆਪਣੇ ਰਾਜ ਦਾ ਹਿੱਸਾ ਬਣਾ ਲਏ ਸਨ | ਇਸ ਕਰਕੇ ਇਸ ਖਿੱਤੇ 'ਤੇ ਅਫ਼ਗਾਨੀ ਪ੍ਰਭਾਵ ਹਮੇਸ਼ਾ ਬਣਿਆ ਰਿਹਾ ਹੈ |

ਸਾਰਾਗੜ੍ਹੀ ਜੰਗ ਦੀ ਅਸਲ ਪਿੱਠਭੂਮੀ ਦਾ ਮੁੱਖ ਕਾਰਨ ਤਾਂ ਪਸ਼ਤੂਨ ਕਬੀਲੇ ਨੂੰ  ਡੁਰੰਡ ਰੇਖਾ ਰਾਹੀਂ ਦੋ ਹਿੱਸਿਆਂ ਵਿਚ ਵੰਡਣਾ ਸੀ, ਜੋ ਸਥਾਨਕ ਲੋਕਾਂ ਨੇ ਨਹੀਂ ਸਵੀਕਾਰਿਆ ਸੀ | ਪਹਿਲੀ ਐਂਗਲੋ-ਅਫ਼ਗਾਨ ਜੰਗ (1838-42) ਦੌਰਾਨ ਬਰਤਾਨੀਆ ਹਕੂਮਤ ਨੇ 1839 'ਚ ਅਫ਼ਗਾਨੀ ਆਗੂ ਦੋਸਤ ਮੁਹੰਮਦ ਨੂੰ  ਗੱਦੀ ਤੋਂ ਲਾਹ ਕੇ ਜਲਾਵਤਨੀ ਭੁਗਤ ਰਹੇ ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਤੇ ਤੈਮੂਰ ਸ਼ਾਹ ਦੁਰਾਨੀ ਦੇ ਪੁੱਤਰ ਸ਼ਾਹ ਸ਼ੂਜਾ ਦੁਰਾਨੀ, ਜਿਸ ਨੂੰ  ਬਰਤਾਨਵੀ ਹਕੂਮਤ ਨੇ 30 ਸਾਲ ਪਹਿਲਾਂ ਗੱਦੀਓਾ ਉਤਾਰਿਆ ਸੀ, ਨੂੰ  ਫਿਰ ਅਫ਼ਗਾਨਿਸਤਾਨ ਦੇ ਤਖ਼ਤ 'ਤੇ ਬਿਠਾ ਦਿੱਤਾ | ਨਤੀਜੇ ਵਜੋਂ ਉਸ ਵਿਰੁੱਧ ਬi]ਾਵਤ ਭੜਕ ਉੱਠੀ, ਜਿਸ ਦੌਰਾਨ ਸਕਾਟਲੈਂਡ ਦੇ ਜਨਮੇ ਪ੍ਰਸਿੱਧ ਖੋਜੀ, ਉੱਘੇ ਲਿਖਾਰੀ, ਈਸਟ ਇੰਡੀਆ ਕੰਪਨੀ ਦੇ ਅਧਿਕਾਰੀ ਤੇ ਬਹੁਭਾਸ਼ੀਏ ਬਰਤਾਨਵੀ ਰਾਜਨੀਤਿਕ ਦੂਤ ਸਰ ਅਲੈਗਜ਼ੈਂਡਰ ਬਰਨਸ ਦਾ ਕਤਲ ਕਰ ਦਿੱਤਾ ਗਿਆ | ਸਰ ਅਲੈਗਜ਼ੈਂਡਰ ਉਹ ਸ਼ਖ਼ਸ ਸਨ, ਜਿਸ ਨੇ ਸ਼ਾਹ ਸ਼ੂਜਾ, ਮਹਾਰਾਜਾ ਰਣਜੀਤ ਸਿੰਘ ਤੇ ਈਸਟ ਇੰਡੀਆ ਕੰਪਨੀ ਦਰਮਿਆਨ ਤ੍ਰੈਪੱਖੀ ਸੰਧੀ ਕਰਵਾਈ ਸੀ | ਅਫ਼ਗਾਨਿਸਤਾਨ ਦੇ ਹਾਲਾਤ ਬਹੁਤ ਤੇਜ਼ੀ ਨਾਲ ਵਿਗੜਣ ਲੱਗੇ | ਕਾਬੁਲ 'ਚ ਬਰਤਾਨਵੀ ਹਕੂਮਤ ਤੇ ਸ਼ਾਹ ਸ਼ੂਜਾ ਦੁਰਾਨੀ ਖ਼ਿਲਾਫ਼ ਵੱਡਾ ਵਿਦਰੋਹ ਹੋਇਆ | 23 ਸਤੰਬਰ, 1841 ਨੂੰ  ਅਫ਼ਗਾਨ ਨੇਤਾਵਾਂ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਦੌਰਾਨ ਸਰ ਵਿਲੀਅਮ ਮੈਕਨਾਟਸ ਦੀ ਦੋਸਤ ਮੁਹੰਮਦ ਦੇ ਪੁੱਤਰ ਮੁਹੰਮਦ ਅਕਬਰ ਖ਼ਾਨ ਨਾਲ ਮੁਲਾਕਾਤ ਦੌਰਾਨ ਹੱਤਿਆ ਕਰ ਦਿੱਤੀ ਗਈ | 1 ਜਨਵਰੀ, 1842 ਨੂੰ  ਬਰਤਾਨੀਆ ਨੇ ਅਫ਼ਗਾਨ ਨੇਤਾਵਾਂ ਨਾਲ ਸਮਝੌਤਾ ਕਰਕੇ ਕਾਬੁਲ ਛੱਡਣ ਦਾ 8]ੈਸਲਾ ਕੀਤਾ | ਮੇਜਰ ਜਨਰਲ ਵਿਲੀਅਮ ਜਾਰਜ ਕੀਥ ਐਲਫਿਨਸਟਨ ਤੇ ਲੈਫ਼ਟੀਨੈਂਟ ਜੌਨ ਬਾਲਫ਼ੋਰ ਕਨੌਲੀ ਦੀ ਅਗਵਾਈ 'ਚ 4500 ਬਰਤਾਨਵੀ ਤੇ ਭਾਰਤੀ ਫ਼ੌਜਾਂ ਅਤੇ ਉਨ੍ਹਾਂ ਨਾਲ ਚੱਲਣ ਵਾਲੇ 12000 ਹੋਰ ਮੁਲਾਜ਼ਮ ਤੇ ਉਨ੍ਹਾਂ ਦੇ ਪਰਿਵਾਰਾਂ ਨੇ ਕਾਬੁਲ ਤੋਂ ਚਾਲੇ ਪਾ ਦਿੱਤੇ | ਅਫ਼ਗਾਨ ਗਿਲਜ਼ਈ ਕਬੀਲਿਆਂ ਨੇ ਰਸਤੇ 'ਚ ਇਸ ਕਾਫ਼ਲੇ ਦੀ ਬੜੀ ਦੁਰਦਸ਼ਾ ਕੀਤੀ, ਜੋ ਸਾਰਾਗੜ੍ਹੀ ਜੰਗ ਦਾ ਦੂਸਰਾ ਕਾਰਨ ਬਣਿਆ | ਮੇਜਰ ਜਨਰਲ ਵਿਲੀਅਮ ਨੂੰ  ਅਫ਼ਗਾਨੀ ਕਬੀਲਿਆਂ ਨੇ ਬੰਦੀ ਬਣਾ ਲਿਆ ਤੇ ਕੈਦ ਵਿਚ ਹੀ 23 ਅਪ੍ਰੈਲ, 1842 ਨੂੰ  ਉਸ ਦੀ ਮੌਤ ਹੋ ਗਈ | ਇਸ ਤਰ੍ਹਾਂ ਲੈਫ਼ਟੀਨੈਂਟ ਜੌਨ ਬਾਲਫ਼ੋਰ ਕਨੌਲੀ ਦੀ ਮੌਤ ਵੀ 7 ਅਗਸਤ, 1842 ਨੂੰ  ਬਾਲਾ ਹਿਸਾਰ ਦੀ ਜੇਲ੍ਹ 'ਚ ਹੋ ਗਈ | ਇਸ ਕਾਫਲੇ 'ਚੋਂ 13 ਜਨਵਰੀ, 1842 ਨੂੰ  ਜਲਾਲਾਬਾਦ ਦੇ ਬਰਤਾਨਵੀ ਛਾਉਣੀ ਦੇ ਦਰਵਾਜ਼ੇ ਤੱਕ ਪਹੁੰਚਣ ਵਾਲੇ ਸਿਰਫ਼ ਡਾ. ਵਿਲੀਅਮ ਬ੍ਰਾਈਡਨ ਤੇ ਉਨ੍ਹਾਂ ਦੇ ਕੁੱਤੇ ਦਾ ਹੀ ਇਤਿਹਾਸ 'ਚ ਵਾਰ-ਵਾਰ ਜ਼ਿਕਰ ਮਿਲਦਾ ਹੈ | ਜਿਹੜੇ ਬਾਲਾ ਹਿਸਾਰ ਜੇਲ੍ਹ 'ਚ ਬੰਦੀ ਬਣਾਏ ਸਨ, ਉਨ੍ਹਾਂ ਨੂੰ  ਬਾਅਦ 'ਚ ਜਨਰਲ ਜਾਰਜ ਪੋਲਾਕ ਤੇ ਜਨਰਲ ਵਿਲੀਅਮ ਨਾਟ ਦੀਆਂ ਫ਼ੌਜਾਂ ਨੇ 1842 'ਚ ਛੁਡਾਇਆ ਸੀ |
ਬਰਤਾਨਵੀ ਹਕੂਮਤ ਦੇ ਮਨ 'ਚ ਬਰਤਾਨਵੀ ਨਾਗਰਿਕਾਂ ਦੇ ਇਹ ਕਤਲ ਅੱਗ ਵਾਂਗੂ ਧੁਖਦੇ ਰਹੇ | 3 ਸਤੰਬਰ, 1879 ਨੂੰ  ਇਕ ਬਰਤਾਨਵੀ ਅਧਿਕਾਰੀ ਸਰ ਲੂਈਸ ਕਾਵਾਨਿਆਰੀ ਤੇ ਉਸ ਦੇ ਕੁਝ ਸਾਥੀਆਂ ਦਾ 'ਹੇਰਾਤ' ਤੋਂ ਆਏ ਬਾਗੀ ਅਫ਼ਗਾਨੀ ਫ਼ੌਜੀਆਂ ਨੇ ਕਾਬੁਲ 'ਚ ਕਤਲ ਕਰ ਦਿੱਤਾ | ਸਰ ਲੂਈਸ ਨੇ ਹੀ 26 ਮਈ, 1879 ਨੂੰ  ਬਰਤਾਨਵੀ ਹਕੂਮਤ ਤੇ ਅਫ਼ਗਾਨਿਸਤਾਨੀ ਅਮੀਰ ਮੁਹੰਮਦ ਯਾਕੂਬ ਖ਼ਾਨ ਵਿਚਕਾਰ ਗੰਡਾਮਕ ਸੰਧੀ ਕਰਾਈ ਸੀ | ਬਰਤਾਨਵੀ ਹਕੂਮਤ ਨੇ ਸਮਾਣਾ ਰੇਂਜ ਨਾਲ ਸੰਬੰਧਿਤ ਇਕ ਕਿਲ੍ਹੇ ਗੁਲਿਸਤਾਨ ਦਾ ਨਾਂਅ ਸਰ ਲੂਈਸ ਕਾਵਾਨਿਆਰੀ ਦੇ ਨਾਂਅ 'ਤੇ ਰੱਖਿਆ | ਇਹ ਕਤਲ ਦੂਸਰੀ ਐਂਗਲੋ-ਅਫ਼ਗਾਨ ਜੰਗ (1878-80) ਦੇ ਨਾਲ-ਨਾਲ ਸਾਰਾਗੜ੍ਹੀ ਜੰਗ ਦੀ ਪਿੱਠ ਭੂਮੀ ਦਾ ਕਾਰਨ ਵੀ ਬਣਿਆ |
ਬਰਤਾਨਵੀ ਭਾਰਤ ਸਰਕਾਰ ਦੇ ਲੈਫ਼ਟੀਨੈਂਟ ਜਨਰਲ ਸਰ ਡਬਲਿਊ.ਐਸ.ਏ. ਲੋਕਹਾਰਟ ਦੀ ਅਗਵਾਈ 'ਚ 1891 ਵਿਚ ਚਲਾਈ ਮੀਰਾਂਜ਼ਈ ਮੁਹਿੰਮ ਤੋਂ ਬਾਅਦ ਕਬਾਇਲੀਆਂ ਨਾਲ ਸਮਝੌਤੇ ਤਹਿਤ ਸਮਾਣਾ ਪਹਾੜੀ 'ਤੇ 11 ਚੌਂਕੀਆਂ/ਕਿਲ੍ਹੇ ਹੋਂਦ 'ਚ ਆਏ, ਜਿੱਥੇ ਬਰਤਾਨਵੀ ਹਕੂਮਤ ਨੇ ਫ਼ੌਜ ਦੀ ਮੌਜੂਦਗੀ ਵਧਾਈ, ਜੋ ਕਬਾਇਲੀਆਂ ਨੂੰ  ਪਸੰਦ ਨਾ ਆਈ | 1892 'ਚ ਓਰਕਜ਼ਈਆਂ ਨੇ ਜਿਰਗਾ, ਮਲਿਕ ਤੇ ਪਸ਼ਤੂਨ ਵਾਲੀ ਪ੍ਰਣਾਲੀ ਦੁਆਰਾ ਅਫ਼ਗਾਨਿਸਤਾਨ ਦੇ ਅਮੀਰ ਅਬਦੁਰ ਰਹਿਮਾਨ ਖ਼ਾਨ ਕੋਲ ਬਰਤਾਨਵੀ ਹਕੂਮਤ ਤੋਂ ਸਮਾਣਾ ਛੁਡਵਾਉਣ ਲਈ ਦਖ਼ਲ ਦੇਣ ਦੀ ਮੰਗ ਕੀਤੀ, ਪਰ ਅਮੀਰ ਨੇ ਸਵੀਕਾਰ ਨਾ ਕੀਤਾ | 1893 'ਚ ਬਰਤਾਨਵੀ ਹਕੂਮਤ ਨੇ ਸਰ ਹੈਨਰੀ ਮੋਰਟੀਮਰ ਡੁਰੰਡ ਕੋਲੋਂ ਬਰਤਾਨੀਆ ਦੇ ਕਬਜ਼ੇ ਵਾਲੇ ਭਾਰਤ ਤੇ ਅਫ਼ਗਾਨਿਸਤਾਨ ਵਿਚਾਲੇ ਸਰਹੱਦ ਦੀ ਨਿਸ਼ਾਨਦੇਹੀ ਕਰਾਈ, ਜਿਸ ਨੂੰ  'ਡੁਰੰਡ ਰੇਖਾ' ਕਿਹਾ ਗਿਆ | ਇਹ 12 ਨਵੰਬਰ, 1893 ਨੂੰ  ਅਫ਼ਗਾਨ ਅਮੀਰ ਅਬਦੁਰ ਰਹਿਮਾਨ ਖ਼ਾਨ ਤੇ ਬਰਤਾਨਵੀ ਹਕੂਮਤ ਵਿਚਕਾਰ ਹੋਏ 'ਡੁਰੰਡ ਸੰਧੀ' ਦੀ ਉਪਜ ਸੀ, ਜਿਸ ਨੇ ਅਫ਼ਗਾਨਿਸਤਾਨ ਤੇ ਬਰਤਾਨਵੀ ਭਾਰਤ (ਅੱਜ ਪਾਕਿਸਤਾਨ ਤੇ ਅਫ਼ਗਾਨਿਸਤਾਨ) ਵਿਚਕਾਰ ਸਰਹੱਦੀ ਖੇਤਰ ਨੂੰ  ਨਿਰਧਾਰਿਤ ਕੀਤਾ | ਕਈ ਪਸ਼ਤੂਨ ਕਬਾਇਲੀ ਇਲਾਕਿਆਂ ਨੂੰ  ਦੋ ਹਿੱਸਿਆਂ 'ਚ ਵੰਡ ਦਿੱਤਾ | ਅਫ਼ਗਾਨ ਕਬਾਇਲੀਆਂ 'ਤੇ ਅਣਅਧਿਕਾਰਤ ਤੇ ਅਣਉਚਿਤ ਅਧਿਕਾਰ ਜਮਾਉਣ, ਉਨ੍ਹਾਂ ਦੀਆਂ ਰਸਮਾਂ ਤੇ ਰਵਾਇਤਾਂ 'ਚ ਦਖ਼ਲਅਦਾਜ਼ੀ ਕਰਨ ਅਤੇ ਡੁਰੰਡ ਰੇਖਾ ਦੇ ਸਥਾਨਕ ਮਸਲੇ ਦਾ ਪਾਰਾ ਮੂਲਵਾਸੀ ਬਾਸ਼ਿੰਦਿਆਂ 'ਚ ਲਗਾਤਾਰ ਰਿੱਝਦਾ ਰਿਹਾ, ਜਿਸ ਨੂੰ  ਸਥਾਨਕ ਮੌਲਾਣਿਆਂ ਖ਼ਾਸ ਕਰਕੇ ਪਸ਼ਤੂਨ ਫ਼ਕੀਰ ਸਾਇਦੁੱਲਾਹ, ਮੁਹੰਮਦ ਇਲਾਕੇ ਦੇ ਹੱਡਾ ਮੁੱਲ੍ਹਾ, ਸਵਾਤ ਦੇ ਮਸਤਾਨਾ ਮੁੱਲ੍ਹਾ ਤੇ ਖ਼ੈਬਰ ਦੇ ਮੁੱਲ੍ਹਾ ਸਈਅਦ ਅਕਬਰ ਉਰਫ਼ ਖੇਲ ਨੇ ਅਫ਼ਗਾਨੀਆਂ 'ਚ ਖੂਬ ਪ੍ਰਚਾਰਿਆ ਅਤੇ ਉਨ੍ਹਾਂ ਨੂੰ  ਲਾਮਬੰਦ ਕੀਤਾ | ਮਈ 1897 ਨੂੰ  ਇਕ ਵਾਰ ਫਿਰ ਓਰਕਜ਼ਈਆਂ ਤੇ ਅਫ਼ਰੀਦੀਆਂ ਨੇ ਸਥਾਨਕ ਪ੍ਰਣਾਲੀ ਦੁਆਰਾ ਅਫ਼ਗਾਨਿਸਤਾਨ ਦੇ ਅਮੀਰ ਅਬਦੁਰ ਰਹਿਮਾਨ ਖ਼ਾਨ ਨੂੰ  ਬਰਤਾਨਵੀ ਹਕੂਮਤ ਤੋਂ ਸਮਾਣਾ ਛੁਡਵਾਉਣ ਲਈ ਦਖ਼ਲ ਦੇਣ ਲਈ ਕਿਹਾ ਤਾਂ ਅਮੀਰ ਨੇ ਇਨਕਾਰ ਕਰ ਦਿੱਤਾ | ਇਸ ਕਰਕੇ ਅਫ਼ਗਾਨ ਕਬਾਇਲੀਆਂ 'ਚ ਵਿਦਰੋਹ ਹੋਰ ਵਧ ਗਿਆ ਅਤੇ ਉਨ੍ਹਾਂ ਖ਼ੈਬਰ, ਸਮਾਣਾ, ਮਲਕੰਦ ਤੇ ਚੱਕਧਾਰਾ ਦੇ ਕਿਲਿ੍ਹਆਂ 'ਤੇ ਹਮਲਾ ਕਰਕੇ ਕਬਜ਼ਾ ਕਰਨ ਬਾਰੇ ਸੋਚਿਆ | ਇਸੇ ਵਿਦਰੋਹ ਦੌਰਾਨ 12 ਸਤੰਬਰ, 1897 ਨੂੰ  ਸਾਰਾਗੜ੍ਹੀ ਦਾ ਸਾਕਾ ਵਰਤਿਆ, ਜਿਸ ਵਿਚ 36ਵੀਂ ਸਿੱਖ ਰੈਜੀਮੈਂਟ ਦੇ 21 ਬਹਾਦਰ ਜਵਾਨਾਂ ਨੇ 10 ਹਜ਼ਾਰ ਤੋਂ ਵੱਧ ਅਫ਼ਗਾਨੀ ਓਰਕਜ਼ਈ, ਅਫ਼ਰੀਦੀ ਤੇ ਚਮਕਣੀ ਕਬੀਲਿਆਂ ਖ਼ਿਲਾਫ਼ ਅਸਾਵੀਂ ਲੜਾਈ ਲੜੀ ਤੇ ਸ਼ਹਾਦਤ ਦਾ ਜਾਮ ਪੀਤਾ |
ਬਰਤਾਨਵੀ ਹਕੂਮਤ ਨੇ ਇਨ੍ਹਾਂ ਸ਼ਹੀਦ ਜਵਾਨਾਂ ਨੂੰ  ਉਸ ਸਮੇਂ ਦੇ ਸਰਬੋਤਮ ਬਹਾਦਰੀ ਪੁਰਸਕਾਰ 'ਇੰਡੀਅਨ ਆਡਰ ਆਫ਼ ਮੈਰਿਟ' ਨਾਲ ਸਨਮਾਨਿਤ ਕੀਤਾ | ਅੱਜ ਦੇ ਦਿਨ ਸਮੂਹ ਪੰਜਾਬੀ ਤੇ ਸਿੱਖ ਇਨ੍ਹਾਂ ਸ਼ਹੀਦਾਂ ਨੂੰ  ਪ੍ਰਣਾਮ ਕਰਦੇ ਹਨ | ਇੱਥੇ ਇਹ ਗੱਲ ਬਹੁਤ ਜ਼ਿਕਰਯੋਗ ਹੈ ਕਿ ਭਾਵੇਂ ਕੁਝ ਅਫ਼ਗਾਨੀ ਕਬਾਇਲੀਆਂ ਜਿਵੇਂ ਕਿ ਤੁਰੀ ਕਬੀਲੇ ਨੇ ਉਸ ਸਮੇਂ ਬਰਤਾਨਵੀ ਹਕੂਮਤ ਦਾ ਸਾਥ ਦਿੱਤਾ, ਕੁਝ ਨਿਰਪੱਖ ਰਹੇ, ਫਿਰ ਵੀ ਬਹਾਦਰ ਤੇ ਲੜਾਕੂ ਅਫ਼ਗਾਨੀ ਕਬਾਇਲੀਆਂ ਨੇ ਜੋ ਵੀ ਲੜਾਈਆਂ ਬਰਤਾਨਵੀ ਹਕੂਮਤ ਜਿਸ ਕੋਲ ਉਸ ਵਕਤ ਭਾਰੀ ਮਿਕਦਾਰ 'ਚ ਗੋਲੀ-ਸਿੱਕਾ ਤੇ ਬਰੂਦ ਸੀ, ਖ਼ਿਲਾਫ਼ ਲੜੀਆਂ ਉਹ ਇੱਟਾਂ, ਰੋੜਿਆਂ, ਪੱਥਰਾਂ, ਡਾਂਗਾਂ, ਸੋਟੀਆਂ, ਚਾਕੂਆਂ, ਤਲਵਾਰਾਂ, ਨੇਜਿਆਂ ਜਾਂ ਬਰਤਾਨਵੀ ਫ਼ੌਜ ਅਤੇ ਹੋਰ ਧਾੜਵੀਆਂ ਤੋਂ ਖੋਹੇ ਹੋਏ ਹਥਿਆਰਾਂ ਤੇ ਹਿੱਕ ਦੇ ਜ਼ੋਰ ਨਾਲ ਲੜੀਆਂ ਅਤੇ ਜਿੱਤਾਂ ਵੀ ਪ੍ਰਾਪਤ ਕੀਤੀਆਂ |

ਮੋਬਾਈਲ : 89689-04433

ਪਿਛਲੀ ਖ਼ਬਰ ਮਨੁੱਖੀ ਜੀਵਨ ਲਈ ਰਾਹ ਦਸੇਰੇ ਹਨ ਗੁਰੂ ਗ੍ਰੰਥ ਸਾਹਿਬ ਅਗਲੀ ਖ਼ਬਰ Congress Delegation Meets Police : Gulzar Singh ਮੌ/ਤ ਮਾਮਲੇ ਵਿਚ ਕਾਂਗਰਸੀ ਪਹੁੰਚੇ ਪਲਿਸ ਕਮਿਸ਼ਨਰ ਦਫਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।