10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਰੀੜ੍ਹ ਦੀ ਹੱਡੀ ਨੂੰ ਨਜ਼ਰਅੰਦਾਜ਼ ਕਰਨਾ ਘਾਤਕ ਹੋ ਸਕਦਾ ਹੈ

ਰੀੜ੍ਹ ਦੀ ਹੱਡੀ ਨੂੰ ਨਜ਼ਰਅੰਦਾਜ਼ ਕਰਨਾ ਘਾਤਕ ਹੋ ਸਕਦਾ ਹੈ

ਅਜੀਤ ਡੈਸਕ 10-10-2026

ਦੋ ਕੁ ਸਾਲ ਪਹਿਲਾਂ ਮੈਨੂੰ ਪਿੱਠ ਦਰਦ ਦੀ ਸ਼ਿਕਾਇਤ ਹੋਈ ਤਾਂ ਮੈਂ ਲਾਪ੍ਰਵਾਹੀ ਵਰਤੀ, ਪਰ ਹੁਣ ਸਮਝ 'ਚ ਆਇਆ ਕਿ ਰੀੜ੍ਹ ਦੀ ਹੱਡੀ ਦੀ ਦੇਖਭਾਲ ਦਰਦ ਸ਼ੁਰੂ ਹੋਣ ਤੋਂ ਬਾਅਦ ਨਹੀਂ ਸਗੋਂ ਬਹੁਤ ਪਹਿਲਾਂ ਤੋਂ ਕਰਨੀ ਜ਼ਰੂਰੀ ਹੈ | ਜੇਕਰ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਸਭ ਲਈ ਇਸ ਨੂੰ  ਗੰਭੀਰਤਾ ਨਾਲ ਲੈਣ ਦੀ ਲੋੜ ਹੈ |

ਉਮਰ ਨਹੀਂ, ਲਾਪ੍ਰਵਾਹੀ ਜ਼ਿੰਮੇਵਾਰ 
ਸ਼ੁਰੂ ਵਿਚ ਮੈਨੂੰ ਲੱਗਿਆ ਕਿ ਇਹ ਦਰਦ ਚੁਰਾਸੀ ਸਾਲ ਦੀ ਉਮਰ ਦਾ ਅਸਰ ਹੈ ਤੇ ਮੈਂ ਇਲਾਜ ਟਾਲਦਾ ਰਿਹਾ | ਡਾਕਟਰ ਦੀ ਸਲਾਹ 'ਤੇ ਐਮ.ਆਰ.ਆਈ. ਕਰਾਈ ਤਾਂ ਰੀੜ੍ਹ ਦੀ ਹੱਡੀ ਵਿਚ ਐਲ 2 ਐਲ 3 ਸਮੱਸਿਆ ਪਾਈ ਗਈ | ਡਾਕਟਰਾਂ ਨੇ ਆਪ੍ਰੇਸ਼ਨ ਕਰਾਉਣ ਨੂੰ  ਆਖਰੀ ਬਦਲ ਦੱਸਦਿਆਂ ਖ਼ਤਰਾ ਜ਼ਿਆਦਾ ਹੋਣ ਦੇ ਚੱਲਦਿਆਂ ਦੂਜੇ ਬਦਲ ਅਜ਼ਮਾਉਣ ਲਈ ਕਿਹਾ ਸੀ | ਡਾਕਟਰ ਨੇ ਸਧਾਰਨ ਐਪੀਡਿਊਰਲ ਟੀਕੇ ਲਗਵਾਉਣ ਦੀ ਸਲਾਹ ਦਿੱਤੀ, ਪਰ ਦਰਦ ਘੱਟਣ ਦੀ ਬਜਾਏ ਵਧਣ ਲੱਗ ਗਿਆ | ਮੇਰਾ ਉੱਠਣਾ, ਬੈਠਣਾ, ਖੜ੍ਹਾ ਹੋਣਾ ਤੇ ਸੌ ਕਦਮ ਤੁਰਨਾ ਵੀ ਮੁਸ਼ਕਿਲ ਹੋ ਗਿਆ | ਮੈਂ ਮੁੰਬਈ ਦੇ ਮਸ਼ਹੂਰ ਸਪਾਈਨ ਸਰਜਨ ਨੂੰ  ਦਿਖਾਇਆ ਤਾਂ ਉਸ ਨੇ ਮੇਰੀ ਜਾਂਚ ਕਰਨ ਤੋਂ ਬਾਅਦ ਆਪ੍ਰੇਸ਼ਨ ਕਰਾਉਣ ਦੀ ਸਿਫ਼ਾਰਸ਼ ਕਰਦਿਆਂ ਭਰੋਸਾ ਦਿਵਾਇਆ ਕਿ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ | ਮੈਂ ਆਪ੍ਰੇਸ਼ਨ ਕਰਵਾ ਲਿਆ ਤੇ ਉਮੀਦ ਹੈ ਕਿ ਦੋ ਮਹੀਨਿਆਂ ਵਿਚ ਠੀਕ ਹੋ ਜਾਵਾਂਗਾ | ਇਸ ਪੂਰੇ ਅਨੁਭਵ ਨੇ ਕਈ ਸਵਾਲ ਖੜ੍ਹੇ ਕੀਤੇ ਹਨ: ਸਾਡੀ ਰੀੜ੍ਹ ਦੀ ਹੱਡੀ ਕਦੋਂ ਕਮਜ਼ੋਰ ਹੋਣ ਲੱਗਦੀ ਹੈ ਅਤੇ ਕੀ ਅਸੀਂ ਇਸ ਨੂੰ  ਪਹਿਲਾਂ ਤੋਂ ਸੰਭਾਲ ਸਕਦੇ ਹਾਂ? ਕੀ ਇਹ ਜਾਨਣਾ ਸਿਰਫ਼ ਬਜ਼ੁਰਗਾਂ ਲਈ ਜ਼ਰੂਰੀ ਹੈ ਜਾਂ 20-25 ਸਾਲ ਦੇ ਨੌਜਵਾਨਾਂ ਲਈ ਵੀ ਮਹੱਤਵਪੂਰਨ ਹੈ? 
ਰੀੜ੍ਹ ਵੀ ਉਮਰ ਦੇ ਨਾਲ ਬਦਲਦੀ ਹੈ
ਇਹ ਕਹਿਣਾ ਕਿ ਉਮਰ ਵਧਣ ਨਾਲ ਪਿੱਠ ਦਰਦ ਹੋਣ ਕੁਦਰਤੀ ਹੈ, ਪੂਰੀ ਤਰ੍ਹਾਂ ਠੀਕ ਨਹੀਂ ਹੈ | ਜਿਵੇਂ ਸਾਡੇ ਵਾਲ ਸਫੈਦ ਹੋਣ ਲੱਗਦੇ ਹਨ, ਚਮੜੀ ਬਦਲਦੀ ਹੈ,  ਮਾਸਪੇਸ਼ੀਆਂ ਦੀ ਤਾਕਤ ਘੱਟਣ ਲੱਗਦੀ ਹੈ, ਉਸੇ ਤਰ੍ਹਾਂ ਰੀੜ੍ਹ ਦੀ ਹੱਡੀ ਵਿਚ ਵੀ ਬਦਲਾਅ ਆਉਂਦੇ ਹਨ | ਰੀੜ੍ਹ ਦੀ ਹੱਡੀ ਦੇ ਵਿਚਕਾਰ ਛੋਟੀਆਂ-ਛੋਟੀਆਂ  ਡਿਸਕਾਂ ਸਰੀਰ ਦੇ ਸਦਮਾ ਸੋਖਕ ਹੁੰਦੇ ਹਨ | ਜਦੋਂ ਅਸੀਂ ਤੁਰਦੇ, ਦੌੜਦੇ ਜਾਂ ਭਾਰ ਚੁੱਕਦੇ ਹਾਂ ਤਾਂ ਇਹ ਕਾਫੀ ਕੰਮ ਕਰਦੀਆਂ ਹਨ | ਉਮਰ ਦੇ ਨਾਲ ਲਚਕਤਾ ਘੱਟਣ ਲੱਗਦੀ ਹੈ | ਦਰਅਸਲ ਸਰੀਰ ਵਿਚ ਬਦਲਾਅ ਤੇ ਬਿਮਾਰੀ ਦੋ ਵੱਖ-ਵੱਖ ਗੱਲਾਂ ਹਨ | ਐਮ.ਆਰ.ਆਈ.ਕਰਾਉਣ ਨਾਲ ਉਮਰ ਸੰਬੰਧੀ ਬਦਲਾਵਾਂ ਦਾ ਪਤਾ ਲੱਗਦਾ ਹੈ | ਸਰੀਰ ਦੀਆਂ ਕਮੀਆਂ (ਡੀਜਨਰੇਸ਼ਨ) ਵੱਲ ਧਿਆਨ ਦੇਣਾ ਜ਼ਰੂਰੀ ਹੈ, ਭਾਵੇਂ ਇਨ੍ਹਾਂ ਨੂੰ  ਰੋਕਿਆ ਨਹੀਂ ਜਾ ਸਕਦਾ | ਪਰ ਸਹੀ ਕਸਰਤ ਤੇ ਖੁਰਾਕ ਇਨ੍ਹਾਂ ਦੇ ਕਮਜ਼ੋਰ ਹੋਣ ਦੀ ਗਤੀ ਨੂੰ  ਹੌਲੀ ਕਰਨ ਤੇ ਇਕ ਸਿਹਤਮੰਦ ਜੀਵਨ ਕਾਲ ਨੂੰ  ਉਤਸ਼ਾਹਿਤ ਕਰਨ ਵਿਚ ਮਦਦ ਕਰ ਸਕਦੀ ਹੈ | ਕੁਝ ਲੋਕ 30 ਤੇ 40 ਦੇ ਦਹਾਕੇ 'ਚ ਤੇ ਦੂਜੇ 50 ਦੇ ਦਹਾਕੇ ਤੋਂ ਬਾਅਦ ਇਸ ਦਾ ਅਨੁਭਵ ਕਰਦੇ ਹਨ | ਇਹ ਉਮਰ ਦੇ ਨਾਲ-ਨਾਲ ਸਾਡੀ ਰੋਜ਼ਾਨਾ ਰੁਟੀਨ, ਸਰੀਰ ਦੀ ਬਣਤਰ, ਭਾਰ, ਸਰੀਰਕ ਸਰਗਰਮੀਆਂ 'ਤੇ ਨਿਰਭਰ ਕਰਦਾ ਹੈ | ਪਰ ਉਮਰ ਵਧਣ 'ਤੇ ਆਪਣੀ ਰੀੜ੍ਹ ਦੀ ਹੱਡੀ ਦੀ ਸਮਝਦਾਰੀ ਨਾਲ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੈ | 20-30 ਸਾਲ ਦੀ ਉਮਰ 'ਚ ਵੀ ਦਰਦ ਹੋਣ 'ਤੇ ਸਾਵਧਾਨ ਹੋ ਜਾਓ | ਛੋਟੀ ਜਿਹੀ ਚਿਤਾਵਨੀ ਨੂੰ  ਵੀ ਵੱਡੀ ਸਮੱਸਿਆ ਨਾ ਬਣਨ ਦਿਓ | ਜੇਕਰ ਹਲਕਾ ਜਿਹਾ ਦਰਦ ਮਹਿਸੂਸ ਹੋਵੇ ਤਾਂ ਦਰਦ ਨਿਵਾਰਕ ਦਵਾਈਆਂ ਲੈਣ ਦੀ ਬਜਾਏ ਡਾਕਟਰ ਦੀ ਸਲਾਹ ਲੈ ਕੇ ਕਾਰਨਾਂ ਦਾ ਪਤਾ ਲਗਾਓ | ਬਿਮਾਰੀ ਦੇ ਸ਼ੁਰੂਆਤੀ ਪੜਾਅ 'ਤੇ ਸਹੀ ਇਲਾਜ ਜ਼ਰੂਰੀ ਹੈ, ਦਰਦ ਸਰੀਰ ਦੀ ਭਾਸ਼ਾ ਹੈ | ਚਿਤਾਵਨੀ ਦੇ ਸੰਕੇਤ ਨੂੰ  ਨਜ਼ਰਅੰਦਾਜ਼ ਕਰਨਾ ਸਿਆਣਪ ਨਹੀਂ ਹੈ |
ਸਰੀਰ ਦੀ ਦੇਖਭਾਲ
ਆਪਣੇ ਸਰੀਰ ਪ੍ਰਤੀ ਅਜਿਹੀ ਸੋਚ ਖ਼ਤਰਨਾਕ ਹੈ ਕਿ ਜਿੰਨਾ ਚਿਰ ਚੱਲ ਰਿਹਾ ਹੈ, ਚੱਲਣ ਦਿਓ | ਜੇਕਰ ਤੁਹਾਡਾ ਭਾਰ ਵਧ ਰਿਹਾ ਹੈ, ਤਾਂ ਇਸ ਨੂੰ  ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ | ਜੇਕਰ ਤੁਹਾਡੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਰਹੀਆਂ ਹਨ, ਤਾਂ ਕਸਰਤ ਕਰੋ | ਜੇ ਤੁਸੀਂ ਆਪਣਾ ਬਹੁਤਾ ਸਮਾਂ ਕੁਰਸੀ 'ਤੇ ਬਿਤਾਉਂਦੇ ਹੋ, ਤਾਂ ਕਦੇ-ਕਦੇ ਉੱਠ ਕੇ ਤੁਰ ਲਿਆ ਕਰੋੋੋ | 60 ਸਾਲ ਤੋਂ ਬਾਅਦ ਆਰਾਮ ਕਰਨ ਨਾਲੋਂ ਸਿਹਤਮੰਦ ਜੀਵਨ ਸ਼ੈਲੀ ਬਣਾਈ ਰੱਖਣਾ ਜ਼ਰੂਰੀ ਹੈ | ਕਸਰਤ ਦਾ ਮਤਲਬ ਇਹ ਨਹੀਂ ਹੈ ਕਿ 70 ਸਾਲ ਦਾ ਬਜ਼ੁਰਗ ਜਿੰਮ ਵਿਚ ਜਾ ਕੇ ਭਾਰ ਚੁੱਕਣ ਲੱਗ ਜਾਵੇ | ਸਰੀਰ ਖਾਸ ਕਰਕੇ ਕਮਰ ਤੇ ਰੀੜ੍ਹ ਦੀ ਹੱਡੀ ਤੋਂ ਚਿਤਾਵਨੀਆਂ ਮਿਲਣ ਲੱਗਦੀਆਂ ਹਨ, ਇਨ੍ਹਾਂ ਨੂੰ  ਹਲਕੇ ਵਿਚ ਨਾ ਲਓ | ਪਹਿਲਾ ਦਰਦ ਵਾਰ-ਵਾਰ ਵਾਪਸ ਆਉਣਾ, ਦੂਜਾ ਪਹਿਲਾਂ ਜਿੰਨਾ ਤੁਰ  ਨਾ ਸਕਣਾ, ਤੀਜਾ ਦਰਦ ਦੇ ਲੱਤਾਂ ਤੱਕ ਫੈਲਣ ਨਾਲ ਲੱਤਾਂ ਸੁੰਨ ਹੋਣ ਲੱਗਣੀਆਂ, ਚੌਥਾ ਤੁਰਨ ਦੇ ਢੰਗ ਬਦਲ ਜਾਣੇ ਆਦਿ | ਇਹ ਸਿਰਫ਼ ਉਮਰ ਦਾ ਤਕਾਜ਼ਾ ਨਹੀ, ਸਗੋਂ ਬਿਮਾਰੀ ਦੇ ਸੰਕੇਤ ਹਨ | ਇਸ ਤੋਂ ਇਲਾਵਾ ਜੇਕਰ ਪਿਸ਼ਾਬ ਜਾਂ ਮਲ-ਮੂਤਰ ਕਿਰਿਆ ਵਿਚ ਅਚਾਨਕ ਤਬਦੀਲੀ ਆਉਂਦੀ ਹੈ, ਪੱਟ ਸੁੰਨ ਹੋਣ ਲੱਗਦੇ ਹਨ ਜਾਂ ਪੈਰਾਂ 'ਚ ਕਮਜ਼ੋਰੀ ਆਉਣ ਲੱਗੇ ਤਾਂ ਤੁਰੰਤ ਡਾਕਟਰੀ ਸਲਾਹ ਲੈਣਾ ਜ਼ਰੂਰੀ ਹੈ | ਜਿਸ ਰੀੜ੍ਹ ਦੀ ਹੱਡੀ ਦੇ ਸਹਾਰੇ ਅਸੀਂ ਬਚਪਨ ਦੌੜਦੇ, ਜਵਾਨੀ ਵਿਚ ਕੰਮ ਕਰਦੇ ਹਾਂ ਤੇ ਉਮਰ ਵਧਣ ਨਾਲ ਆਪਣੇ ਪੈਰਾ 'ਤੇ ਖੜ੍ਹਾ ਰਹਿਣਾ ਚਾਹੁੰਦੇ ਹਾਂ | ਉਸ ਦੀ ਦੇਖਭਾਲ ਸਾਨੂੰ ਬਾਲਗ ਅਵਸਥਾ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ, ਕਿਉਂਕਿ ਇਕ ਸਿਹਤਮੰਦ ਜੀਵਨ ਪੂਰੀ ਤਰ੍ਹਾਂ ਨਾਲ ਇਸ 'ਤੇ ਨਿਰਭਰ ਕਰਦਾ ਹੈ |

ਈ-ਮੇਲ : pooranchandsarin@gmail.com

ਪਿਛਲੀ ਖ਼ਬਰ ਜੰਗਾਂ, ਪ੍ਰਮਾਣੂ ਖਤਰੇ ਤੇ ਡੂੰਘਾ ਹੁੰਦਾ ਜਲਵਾਯੂ ਸੰਕਟ ਅਗਲੀ ਖ਼ਬਰ ਮੇਰਾ ਸਕੂਲ • ਲੋਕਨਾਥ ਸ਼ਰਮਾ •

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।