17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਕਣਕ ਦਾ ਵਧੇਰੇ ਝਾੜ ਲੈਣ ਲਈ ਕੁਝ ਸੁਝਾਅ

ਕਣਕ ਦਾ ਵਧੇਰੇ ਝਾੜ ਲੈਣ ਲਈ ਕੁਝ ਸੁਝਾਅ

ਅਜੀਤ ਡੈਸਕ 17-11-2026

ਹਾੜੀ ਦੀ ਮੁੱਖ ਫ਼ਸਲ ਕਣਕ ਦੀ ਬਿਜਾਈ ਪੂਰੇ ਜੋਬਨ 'ਤੇ ਹੈ | ਇਸ ਸਾਲ ਇਹ ਸਮੇਂ 'ਤੇ ਹੋ ਰਹੀ ਹੈ, ਕਿਉਂਕਿ ਮੌਸਮ ਅਨੁਕੂਲ ਹੈ | ਜ਼ਮੀਨ ਦੀ ਵੱਤਰ ਲਈ ਰੌਣੀ ਦੀ ਲੋੜ ਨਹੀਂ ਪਈ | ਝੋਨੇ ਦੀ ਪੱਕੀ ਫ਼ਸਲ 'ਤੇ ਹੋਈ ਬਾਰਿਸ਼ਾਂ ਦੀ ਵੱਤਰ ਹੀ ਬਿਜਾਈ ਲਈ ਕਾਫ਼ੀ ਸੀ | ਬਹੁਤੇ ਕਿਸਾਨਾਂ ਨੇ ਇਸ ਸਾਲ ਪਿਛਲੇ ਸਾਲਾਂ ਦੇ ਮੁਕਾਬਲੇ ਪਰਾਲੀ ਤੇ ਝੋਨੇ ਦੀ ਰਹਿੰਦ-ਖੂੰਹਦ ਨੂੰ  ਅੱਗ ਕਾਫ਼ੀ ਘੱਟ ਲਾਈ ਹੈ (ਭਾਵੇਂ 2025 ਨਾਲੋਂ ਮਾਮਲੇ ਵਧੇ ਹਨ) | ਬਹੁਤ ਸਾਰੇ ਕਿਸਾਨਾਂ ਨੇ ਚੰਗੀ ਤਰ੍ਹਾਂ ਸਮਝ ਲਿਆ ਕਿ ਪਰਾਲੀ ਨੂੰ  ਖੇਤ 'ਚ ਵਾਹਿਆਂ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਤੇ ਅੱਗ ਨਾ ਲਾਉਣ ਨਾਲ ਪ੍ਰਦੂਸ਼ਣ ਵੀ ਘਟਦਾ ਹੈ | 

ਕਿਸਾਨਾਂ ਨੇ ਕਿਸਮਾਂ ਦੀ ਯੋਗ ਚੋਣ ਤੇ ਬੀਜ ਨੂੰ  ਬੜੀ ਮਹੱਤਤਾ ਦਿੱਤੀ ਹੈ | ਹੁਣ ਤੱਕ ਕਿਸਾਨਾਂ ਨੇ ਪੀ.ਏ.ਯੂ. ਦੀਆਂ ਪੀਬੀਡਬਲਿਊ-826, ਪੀਬੀਡਬਲਿਊ-872 ਕਿਸਮਾਂ ਨੂੰ  ਬਿਜਾਈ ਲਈ ਵਧੇਰੇ ਚੁਣਿਆ ਹੈ | ਭਾਵੇਂ ਸਭ ਤੋਂ ਵੱਧ ਬਿਜਾਈ ਆਈ.ਆਈ.ਡਬਲਿਊ.ਬੀ.ਆਰ. ਦੀ ਡੀਬੀਡਬਲਿਊ-327 ਕਿਸਮ ਦੀ ਹੋਈ ਹੈ, ਜਿਸ ਨੇ ਪਿਛਲੇ ਸਾਲ ਸਭ ਤੋਂ ਵੱਧ ਝਾੜ ਦਿੱਤਾ ਸੀ | ਹੁਣ ਨਵੰਬਰ ਦੇ ਦੂਜੇ ਪੰਦਰਵਾੜੇ ਤੋਂ ਕਿਸਾਨਾਂ ਦੀ ਚੋਣ ਆਈ.ਸੀ.ਏ.ਆਰ.-ਆਈ.ਏ.ਆਰ.ਆਈ. ਦੀ ਐਚਡੀ-3386 ਕਿਸਮ ਹੋਣ ਦੀ ਸੰਭਾਵਨਾ ਹੈ, ਜੋ ਦਸੰਬਰ ਦੇ ਪਹਿਲੇ ਹਫ਼ਤੇ ਤੱਕ ਵੀ ਕਾਸ਼ਤ ਕੀਤੀ ਜਾਂਦੀ ਹੈ |
ਆਈ.ਸੀ.ਏ.ਆਰ-ਆਈ.ਏ.ਆਰ.ਆਈ. ਦੇ ਸੰਯੁਕਤ ਡਾਇਰੈਕਟਰ ਡਾ. ਵਿਸ਼ਵਾਨਾਥਨ ਸੀ. ਕਹਿੰਦੇ ਹਨ ਕਿ ਸੰਸਥਾਨ ਨੇ ਐਚਡੀ-3428 (ਜੋ ਰਲੀਜ਼ਡ ਹੈ) ਤੇ ਐਚਡੀ-3471 (ਨੋਟੀਫਾਈਡ ਵਰਾਇਟੀ) ਕਿਸਮਾਂ ਕਿਸਾਨਾਂ ਨੂੰ  ਦਿੱਤੀਆਂ ਹਨ, ਜੋ ਝਾੜ ਪੱਖੋਂ ਉੱਤਮ ਹਨ ਤੇ ਹੋਰ ਕਿਸਮਾਂ ਵੀ ਪਾਈਪ ਲਾਈਨ 'ਚ ਹਨ |
ਪੰਜਾਬ ਸਰਕਾਰ ਵਲੋਂ ਕਣਕ ਦੀ ਕਾਸ਼ਤ ਲਈ ਰੱਖੇ ਟੀਚੇ ਅਨੁਸਾਰ 35 ਲੱਖ ਹੈਕਟੇਅਰ ਰਕਬੇ 'ਤੇ ਕਣਕ ਦੀ ਬਿਜਾਈ ਹੋਵੇਗੀ, ਪਰ ਕਿਸਾਨ ਸੰਸਥਾਵਾਂ ਅਨੁਸਾਰ 35 ਲੱਖ ਹੈਕਟੇਅਰ ਤੋਂ ਰਕਬਾ ਟੱਪ ਜਾਵੇਗਾ | ਇਹ ਇਕ ਯਕੀਨੀ ਫ਼ਸਲ ਹੋਣ ਕਾਰਨ ਇਸ ਨੂੰ  ਹਰ ਛੋਟਾ-ਵੱਡਾ ਕਿਸਾਨ ਬੀਜਦਾ ਹੈ | ਕਣਕ 'ਚ ਗੁੱਲੀ-ਡੰਡਾ ਇਕ ਅਜਿਹਾ ਨਦੀਨ ਹੈ, ਜੋ ਵੱਡੀ ਸਮੱਸਿਆ ਪੈਦਾ ਕਰਦਾ ਹੈ | ਜੇ ਇਸ 'ਤੇ ਸਮੇਂ ਸਿਰ ਕਾਬੂ ਨਾ ਪਾਇਆ ਜਾਵੇ ਤਾਂ ਇਹ ਕਈ ਖੇਤਾਂ 'ਚ 60 ਫ਼ੀਸਦੀ ਤੱਕ ਝਾੜ ਘਟਾ ਦਿੰਦਾ ਹੈ | ਬਿਜਾਈ ਸਮੇਂ 72 ਘੰਟਿਆਂ ਦੇ ਅੰਦਰ-ਅੰਦਰ ਵਰਤਣ ਲਈ ਯੂ.ਪੀ.ਐਲ. ਜਿਹੀਆਂ ਨਾਮਵਰ ਕੰਪਨੀਆਂ ਨੇ ਅਜਿਹੇ ਨਦੀਨ ਨਾਸ਼ਕ (ਜਿਵੇਂ ਸਪ੍ਰਸ+ਦੋਸਤ ਜਿਹੇ) ਕਿਸਾਨਾਂ ਨੂੰ  ਮੁਹੱਈਆ ਕੀਤੇ ਹਨ, ਜੋ ਅਜਿਹੇ ਨਦੀਨਾਂ ਨੂੰ  ਉੱਗਣ ਤੋਂ ਪਹਿਲਾਂ ਹੀ ਖਤਮ ਕਰ ਦਿੰਦੇ ਹਨ | ਪਿਛਲੇ ਸਾਲਾਂ ਦੇ ਤਜਰਬੇ ਦੱਸਦੇ ਹਨ ਕਿ ਇਸ ਗਰੁੱਪ ਦੇ ਨਦੀਨ ਨਾਸ਼ਕ ਕਾਫ਼ੀ ਪ੍ਰਭਾਵਸ਼ਾਲੀ ਰਹੇ |
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਗੁਰਜੀਤ ਸਿੰਘ ਬਰਾੜ ਅਨੁਸਾਰ ਇਸ ਸਾਲ ਖਾਦਾਂ ਦੀ ਕੋਈ ਕਮੀ ਨਹੀਂ ਰਹੀ | ਕਿਸਾਨਾਂ ਨੂੰ  ਡੀ.ਏ.ਪੀ. ਖਾਦ ਲੋੜ ਅਨੁਸਾਰ ਉਪਲੱਬਧ ਹੋਈ ਹੈ | ਫਾਸਫੋਰਸ ਖਾਦ ਨੂੰ  ਕਣਕ ਦੀ ਫ਼ਸਲ ਦੂਜੀਆਂ ਫ਼ਸਲਾਂ ਦੇ ਮੁਕਾਬਲੇ ਵੱਧ ਮੰਨਦੀ ਹੈ, ਜਿਸ ਨੰੂ ਬਿਜਾਈ ਦੇ ਨਾਲ ਹੀ ਡਰਿਲ ਕਰ ਦੇਣਾ ਚਾਹੀਦਾ ਹੈ | ਮਾਹਿਰਾਂ ਅਨੁਸਾਰ ਕਣਕ ਦੀ ਫ਼ਸਲ ਨੂੰ  ਦਰਮਿਆਨੀਆਂ ਜ਼ਮੀਨਾਂ 'ਚ ਜਿੱਥੇ ਮਿੱਟੀ ਦੀ ਪਰਖ ਨਾ ਕਰਾਈ ਗਈ ਹੋਵੇ, ਪ੍ਰਤੀ ਏਕੜ 55 ਕਿੱਲੋ ਡੀ.ਏ.ਪੀ., 110 ਕਿੱਲੋ ਨਿੰਮਲਿਪਤ ਯੂਰੀਆ, 20 ਕਿੱਲੋ ਮਿਊਰਿਏਟ ਆਫ ਪੋਟਾਸ਼ ਪਾਉਣਾ ਚਾਹੀਦਾ ਹੈ | ਪਰ ਕਈ ਕਿਸਾਨ 180-220 ਕਿੱਲੋ ਤੱਕ ਯੂਰੀਆ ਪਾਈ ਜਾਂਦੇ ਹਨ | ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਕਹਿੰਦੇ ਹਨ ਕਿ ਕਿਸਾਨਾਂ ਨੂੰ  ਕਲਰਾਠੀਆਂ ਜ਼ਮੀਨਾਂ ਤੋਂ ਇਲਾਵਾ ਸਿਫ਼ਾਰਸ਼ ਕੀਤੀ ਖ਼ੁਰਾਕ ਤੋਂ ਵੱਧ ਨਾਈਟ੍ਰੋਜਨ ਨਹੀਂ ਪਾਉਣੀ ਚਾਹੀਦੀ | ਕਲਰਾਠੀਆਂ ਜ਼ਮੀਨਾਂ ਵਿਚ 25 ਫ਼ੀਸਦੀ ਤੱਕ ਨਾਈਟ੍ਰੋਜਨ ਭਾਵੇਂ ਵਧਾ ਦਿੱਤੀ ਜਾਵੇ | ਅੱਧ ਦਸੰਬਰ ਤੋਂ ਬਾਅਦ ਬੀਜੀ ਫ਼ਸਲ ਨੂੰ  ਠੀਕ ਸਮੇਂ 'ਤੇ ਬੀਜੀ ਕਣਕ ਨਾਲੋਂ 25 ਫ਼ੀਸਦੀ ਨਾਈਟ੍ਰੋਜਨ ਘਟਾ ਦੇਣੀ ਚਾਹੀਦੀ ਹੈ | ਸਾਰੀ ਫਾਸਫੋਰਸ (55 ਕਿੱਲੋ ਡੀ.ਏ.ਪੀ., ਤੇ ਪੋਟਾਸ਼ (20 ਕਿੱਲੋ ਮਿਊਰਿਏਟ ਆਫ ਪੋਟਾਸ਼) ਬਿਜਾਈ ਵੇਲੇ ਪਾ ਦੇਣੀ ਚਾਹੀਦੀ ਹੈ | ਪਹਿਲੇ ਤੇ ਦੂਜੇ ਪਾਣੀ ਨਾਲ ਸਮੇਂ ਸਿਰ ਬੀਜੀ ਕਣਕ ਨੂੰ  45 ਕਿੱਲੋ ਤੇ ਅੱਧ ਦਸੰਬਰ ਤੋਂ ਬੀਜੀ ਕਣਕ ਨੂੰ  35 ਕਿੱਲੋ ਪ੍ਰਤੀ ਏਕੜ ਯੂਰੀਆ ਪਾਉਣਾ ਚਾਹੀਦਾ ਹੈ | ਸੁਪਰਸੀਡਰ ਨਾਲ ਬੀਜੀ ਕਣਕ 'ਚ ਯੂਰੀਆ ਪਾਣੀ ਤੋਂ ਪਹਿਲਾਂ ਜਾਂ ਬਾਅਦ 'ਚ ਪਾਇਆ ਜਾ ਸਕਦਾ ਹੈ | ਜੇ ਯੂਰੀਏ ਦੀ ਪੂਰੀ ਮਾਤਰਾ ਖੇਤ ਵਿਚ ਪਾਉਣ ਉਪਰੰਤ ਵੀ ਫ਼ਸਲ 'ਚ ਨਾਈਟ੍ਰੋਜਨ ਤੱਤ ਦੀ ਘਾਟ ਦੇ ਆਸਾਰ ਹੋਣ ਤਾਂ 9 ਕਿੱਲੋ ਯੂਰੀਆ 300 ਲਿਟਰ ਪਾਣੀ 'ਚ ਮਿਲਾ ਕੇ ਛਿੜਕਾਅ ਕਰਨਾ ਚਾਹੀਦਾ ਹੈ | ਕਣਕ-ਝੋਨੇ ਦੇ ਫ਼ਸਲੀ-ਚੱਕਰ 'ਚ ਕਈ ਜ਼ਮੀਨਾਂ 'ਚ ਮੈਂਗਨੀਜ਼, ਜ਼ਿੰਕ ਤੇ ਗੰਧਕ ਦੀ ਘਾਟ ਹੋਵੇ ਤਾਂ ਉਹ ਪੂਰੀ ਕਰ ਦੇਣੀ ਚਾਹੀਦੀ ਹੈ | ਰੇਤਲੀਆਂ ਜ਼ਮੀਨਾਂ 'ਚ ਮੈਂਗਨੀਜ਼ ਦੀ ਘਾਟ ਜ਼ਿਆਦਾ ਆਉਂਦੀ ਹੈ |
ਮੈਂਗਨੀਜ਼ ਦੀ ਘਾਟ ਵਾਲੀਆਂ ਜ਼ਮੀਨਾਂ 'ਚ ਇਕ ਕਿੱਲੋ ਮੈਂਗਨੀਜ਼ ਸਲਫੇਟ 300 ਲਿਟਰ ਪਾਣੀ 'ਚ ਮਿਲਾ ਕੇ ਇਕ ਛਿੜਕਾਅ ਪਹਿਲੇ ਪਾਣੀ ਤੋਂ ਦੋ-ਚਾਰ ਦਿਨ ਪਹਿਲਾਂ ਤੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਬਾਅਦ ਧੁੱਪ ਵਾਲੇ ਦਿਨ ਕਰਨੇ ਚਾਹੀਦੇ ਹਨ | ਮੈਗਨੀਜ਼ ਸਲਫੇਟ ਦਾ ਸਿਰਫ਼ ਛਿੜਕਾਅ ਹੀ ਕਰਨਾ ਚਾਹੀਦਾ ਹੈ, ਇਸ ਨੂੰ  ਜ਼ਮੀਨ 'ਚ ਨਹੀਂ ਪਾਉਣਾ ਚਾਹੀਦਾ | ਗੰਧਕ ਦੀ ਘਾਟ ਵਾਲੀਆਂ ਜ਼ਮੀਨਾਂ ਵਿਚ 100 ਕਿੱਲੋ ਜਿਪਸਮ 18 ਕਿੱਲੋ ਬੈਂਟੋਨਾਈਟ ਸਲਫਰ (90%) ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਪਹਿਲਾਂ ਹੀ ਪਾ ਦੇਣਾ ਚਾਹੀਦਾ ਹੈ | ਇਸ ਨਾਲ ਗੰਧਕ ਦੀ ਲੋੜ ਪੂਰੀ ਹੋ ਜਾਵੇਗੀ |
ਪੀ.ਏ.ਯੂ. ਅਨੁਸਾਰ ਹੈਪੀ ਸੀਡਰ ਨਾਲ ਬਿਜਾਈ ਕਰਨ ਨਾਲ ਨਦੀਨਾਂ ਵਿਸ਼ੇਸ਼ ਕਰਕੇ ਗੁੱਲੀ-ਡੰਡੇ ਦੀ ਸਮੱਸਿਆ ਘੱਟ ਆਉਂਦੀ ਹੈ | ਨਦੀਨਾਂ ਅਤੇ ਹੋਰ ਬਿਮਾਰੀਆਂ 'ਤੇ ਕਾਬੂ ਪਾਉਣ ਸੰਬੰਧੀ ਜੋ ਸਪਰੇਅ ਸਾਫ਼ ਮੌਸਮ 'ਚ ਤੇ ਇਕਸਾਰ ਕੀਤੇ ਜਾਣੇ ਚਾਹੀਦੇ ਹਨ | ਛਿੜਕਾਅ ਤੋਂ ਬਾਅਦ ਫ਼ਸਲ ਨੂੰ  ਹਲਕਾ ਪਾਣੀ ਲਾਉਣਾ ਚਾਹੀਦਾ ਹੈ, ਕਿਉਂਕਿ ਬਹੁਤੇ ਪਾਣੀ ਨਾਲ ਨਦੀਨ ਨਾਸ਼ਕਾਂ ਦਾ ਅਸਰ ਘਟ ਜਾਂਦਾ ਹੈ | ਅੱਧ ਦਸੰਬਰ ਬਾਅਦ ਬੀਜੀ ਕਣਕ ਨੂੰ  ਅਖ਼ੀਰ ਤੱਕ ਪਾਣੀ ਲਾਉਂਦੇ ਰਹਿਣਾ ਚਾਹੀਦਾ ਹੈ | ਦਾਣੇ ਭਰਨ ਸਮੇਂ ਵਧਦੇ ਤਾਪਮਾਨ ਤੋਂ ਫ਼ਸਲ ਬਚਾਉਣ ਲਈ ਤੇ ਝਾੜ ਵਧਾਉਣ ਲਈ ਪੋਟਾਸ਼ੀਅਮ ਨਾਈਟ੍ਰੇਟ ਦਾ ਛਿੜਕਾਅ ਕਰਨਾ ਚਾਹੀਦਾ ਹੈ | ਜੇ ਕਣਕ 'ਚ ਪੀਲਾਪਨ ਹੋਵੇ ਤਾਂ ਕਿਸਾਨਾਂ ਨੂੰ  ਯੂਰੀਆ ਹੀ ਨਹੀਂ ਪਾਉਂਦੇ ਰਹਿਣਾ ਚਾਹੀਦਾ | ਪੀਲੇਪਨ ਦੇ ਮੁੱਖ ਕਾਰਨ ਖ਼ੁਰਾਕੀ ਤੱਤਾਂ ਦੀ ਘਾਟ, ਖਰਾਬ ਮੌਸਮ, ਪਾਣੀ ਦੀ ਘੱਟ ਨਿਕਾਸੀ, ਸਿਸਟ ਨੀਮਾਟੋਡ ਦਾ ਹਮਲਾ ਅਤੇ ਉੱਲੀਆਂ ਦਾ ਹਮਲਾ ਆਦਿ ਹਨ | ਖ਼ਰਚਾ ਘਟਾਉਣ ਲਈ ਆਈ.ਸੀ.ਏ.ਆਰ-ਆਈ.ਏ.ਆਰ.ਆਈ. ਦੇ ਕਣਕ ਦੇ ਸੀਨੀਅਰ ਬ੍ਰੀਡਰ ਡਾ. ਰਾਜਵੀਰ ਯਾਦਵ ਕਹਿੰਦੇ ਹਨ ਕਿ ਕਿਸਾਨਾਂ ਨੂੰ  ਜ਼ੀਰੋ ਟਿਲੇਜ ਤਕਨੀਕ ਵਰਤ ਕੇ ਬਿਜਾਈ ਕਰਨੀ ਚਾਹੀਦੀ ਹੈ |

ਈਮੇਲ : bhagwandass226@gmail.com

ਪਿਛਲੀ ਖ਼ਬਰ ਮਾਂ ਬੋਲੀ ਦੇ ਸਪੂਤ ਲੇਖਕ ਮੋਹਨ ਸ਼ਰਮਾ ਦਾ ਵਿਛੋੜਾ ਅਗਲੀ ਖ਼ਬਰ ਰਾਸ਼ਟਰਮੰਡਲ ਖੇਡਾਂ-2030 ਲਈ ਗੁਜਰਾਤ 'ਚ ਤਿਆਰੀ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।