ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ 14 ਮਾਘ ਸੰਮਤ 1739 ਬਿਕਰਮੀ ਨੂੰ ਪਿੰਡ ਪਹੂਵਿੰਡ ਜ਼ਿਲ੍ਹਾ ਤਰਨ ਤਾਰਨ (ਉਸ ਸਮੇਂ ਜ਼ਿਲ੍ਹਾ ਅੰਮਿ੍ਤਸਰ) 'ਚ ਮਾਤਾ ਜਿਉਣੀ ਤੇ ਪਿਤਾ ਭਗਤਾ ਦੇ ਗ੍ਰਹਿ ਵਿਖੇ ਹੋਇਆ | ਉਨ੍ਹਾਂ ਦਾ ਬਚਪਨ ਦਾ ਨਾਂਅ ਦੀਪਾ ਸੀ | ਖ਼ਾਲਸਾ ਪੰਥ ਦੀ ਸਾਜਨਾ ਮੌਕੇ ਉਹ ਆਪਣੇ ਮਾਤਾ-ਪਿਤਾ ਨਾਲ ਅਨੰਦਪੁਰ ਸਾਹਿਬ ਪਹੁੰਚੇ ਤੇ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮਿ੍ਤ ਛਕ ਕੇ ਦੀਪੇ ਤੋਂ ਦੀਪ ਸਿੰਘ ਬਣ ਗਏ | ਉਸ ਸਮੇਂ ਉਨ੍ਹਾਂ ਦੀ ਉਮਰ 18 ਸਾਲਾਂ ਦੀ ਸੀ | ਉਹ ਅਨੰਦਪੁਰ ਸਾਹਿਬ ਰਹਿ ਕੇ ਲੰਗਰ ਦੀ ਸੇਵਾ ਕਰਨ ਲੱਗੇ | ਗੁਰੂ ਜੀ ਨੇ ਉਨ੍ਹਾਂ ਨੂੰ ਗੁਰਮੁਖੀ ਦੇ ਨਾਲ ਅਰਬੀ, ਫ਼ਾਰਸੀ ਭਾਸ਼ਾ ਸਿਖਾਈ | ਅਨੰਦਪੁਰ ਰਹਿੰਦਿਆਂ ਉਨ੍ਹਾਂ ਭਾਈ ਮਨੀ ਸਿੰਘ ਤੋਂ ਗੁਰਬਾਣੀ ਦਾ ਗਿਆਨ ਪ੍ਰਾਪਤ ਕੀਤਾ, ਨਾਲ ਹੀ ਉਨ੍ਹਾਂ ਨੇ ਯੁੱਧ ਵਿਚ ਜੂਝਣ ਲਈ ਸ਼ਸਤਰਾਂ ਦੀ ਸਿੱਖਿਆ ਵੀ ਗ੍ਰਹਿਣ ਕੀਤੀ | ਇਸ ਤਰ੍ਹਾਂ 20-22 ਸਾਲ ਦੀ ਉਮਰ 'ਚ ਉਹ ਸੂਝਵਾਨ ਵਿਦਵਾਨ ਤੇ ਸੂਰਬੀਰ ਯੋਧੇ ਬਣ ਗਏ |

ਮੁਕਤਸਰ ਦੀ ਜੰਗ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਕਈ ਪਿੰਡਾਂ ਤੋਂ ਹੁੰਦੇ ਹੋਏ ਸਾਬੋ ਕੀ ਤਲਵੰਡੀ ਪਹੁੰਚੇ | ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਭਾਈ ਮਨੀ ਸਿੰਘ ਨਾਲ ਇਸ ਸਥਾਨ 'ਤੇ ਗੁਰੂ ਜੀ ਨੂੰ ਮਿਲੇ | ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਭਾਈ ਮਨੀ ਸਿੰਘ ਤੋਂ ਲਿਖਵਾਉਂਦਿਆਂ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਣੀ ਨੂੰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਕਰਵਾਇਆ | ਅੰਤਿਮ ਰੂਪ ਦੇਣ ਵਿਚ ਬਾਬਾ ਦੀਪ ਸਿੰਘ ਨੇ ਵੀ ਸਹਾਇਤਾ ਕੀਤੀ | ਇਸ ਬੀੜ ਨੂੰ ਦਮਦਮਾ ਸਾਹਿਬ ਵਾਲੀ ਬੀੜ ਕਿਹਾ ਜਾਂਦਾ ਹੈ | ਗੁਰੂ ਜੀ ਨੇ ਉਨ੍ਹਾਂ ਨੂੰ ਚਾਰ ਹੱਥ ਲਿਖਤ ਬੀੜਾਂ ਤਿਆਰ ਕਰਨ ਲਈ ਕਿਹਾ | ਇਹ ਕਾਰਜ ਉਨ੍ਹਾਂ ਨੇ ਗੁਰੂ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਸੰਪੂਰਨ ਕੀਤਾ | ਬਾਬਾ ਦੀਪ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦਾ ਅਰਬੀ ਭਾਸ਼ਾ 'ਚ ਵੀ ਤਰਜਮਾ ਕੀਤਾ | ਇਹ ਪਵਿੱਤਰ ਬੀੜ ਸ. ਕ੍ਰਿਪਾਲ ਸਿੰਘ ਦੇ ਕਥਨ ਅਨੁਸਾਰ ਬਗ਼ਦਾਦ ਯੂਨੀਵਰਸਿਟੀ ਵਿਚ ਸੰਭਾਲ ਕੇ ਰੱਖੀ ਹੋਈ ਹੈ | ਜਦ ਬੰਦਾ ਸਿੰਘ ਬਹਾਦਰ 1709 ਈ. 'ਚ ਪੰਜਾਬ ਆਏ ਤਾਂ ਗੁਰੂ ਸਾਹਿਬ ਦੇ ਅਨੁਯਾਈਆਂ ਵਿਚ ਬਾਬਾ ਦੀਪ ਸਿੰਘ ਵੀ ਸਾਬੋ ਕੀ ਤਲਵੰਡੀ ਤੋਂ ਆ ਮਿਲੇ | ਉਨ੍ਹਾਂ ਨੇ ਵੱਖ-ਵੱਖ ਇਲਾਕਿਆਂ ਨੂੰ ਜਿੱਤਣ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਮਦਦ ਕੀਤੀ | 17ਵੀਂ ਸਦੀ 'ਚ ਸਾਰਾ ਖ਼ਾਲਸਾ ਪੰਥ ਜੰਗਲਾਂ ਤੇ ਪਹਾੜਾਂ 'ਚੋਂ ਬਾਹਰ ਆ ਕੇ ਇਕੱਠਾ ਹੋ ਗਿਆ | ਖ਼ਾਲਸਾ ਪੰਥ 12 ਮਿਸਲਾਂ 'ਚ ਵੰਡਿਆ ਗਿਆ, ਜਿਨ੍ਹਾਂ 'ਚੋਂ ਇਕ ਮਿਸਲ ਸੀ ਸ਼ਹੀਦ ਮਿਸਲ, ਜਿਸ ਦੇ ਮੁੱਖ ਜਥੇਦਾਰ ਬਾਬਾ ਦੀਪ ਸਿੰਘ ਥਾਪੇ ਗਏ |
5 ਫਰਵਰੀ, 1762 ਈ. ਨੂੰ ਕੁੱਪ ਰਹੀੜੇ ਦੇ ਸਥਾਨ 'ਤੇ ਹੋਏ ਵੱਡੇ ਘੱਲੂਘਾਰੇ ਤੋਂ ਬਾਅਦ ਅਹਿਮਦ ਸ਼ਾਹ ਦੁਰਾਨੀ ਜਦ ਮੁੜਦਿਆਂ ਵਾਪਸ ਲਾਹÏਰ ਵੱਲ ਆਇਆ ਤਾਂ ਰਸਤੇ 'ਚ ਸਿੰਘਾਂ ਤੋਂ ਖਿੱਝ ਕੇ ਉਸ ਨੇ ਸ੍ਰੀ ਅੰਮਿ੍ਤਸਰ ਦਰਬਾਰ ਸਾਹਿਬ ਦਾ ਸਰੋਵਰ ਮਿੱਟੀ ਨਾਲ ਭਰਵਾ ਦਿੱਤਾ ਤੇ 10 ਅਪ੍ਰੈਲ, 1762 ਈ. (ਮੁ. 1819 ਬਿਕਰਮੀ) ਨੂੰ ਨੀਂਹਾਂ ਹੇਠ ਬਾਰੂਦ ਦੇ ਕੁੱਪੇ ਰਖਵਾ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਉਡਾ ਦਿੱਤੀ ਗਈ | ਇਹ ਖ਼ਬਰ ਜਦੋਂ ਬਾਬਾ ਦੀਪ ਸਿੰਘ ਨੂੰ ਸਾਬੋ ਕੀ ਤਲਵੰਡੀ ਵਿਖੇ ਪੁੱਜੀ ਤਾਂ ਉਨ੍ਹਾਂ ਨੇ ਦੋਖੀਆਂ ਨਾਲ ਟੱਕਰ ਲੈਣ ਦਾ ਫ਼ੈਸਲਾ ਕੀਤਾ | ਵੱਖ-ਵੱਖ ਨਗਰਾਂ ਤੋਂ ਅਣਗਿਣਤ ਸਿੰਘ ਬਾਬਾ ਜੀ ਦੀ ਅਗਵਾਈ 'ਚ ਬਿਆਸ ਦਰਿਆ ਪਾਰ ਕਰਕੇ ਮਾਝੇ ਦੇ ਇਲਾਕੇ 'ਚ ਦਾਖ਼ਲ ਹੋਏ | ਤਰਨ ਤਾਰਨ ਵਿਖੇ ਪਹੁੰਚ ਕੇ ਉਨ੍ਹਾਂ ਅਰਦਾਸ ਕੀਤੀ ਤੇ ਸਾਰੇ ਸਿੰਘ ਜੈਕਾਰੇ ਗਜਾਉਂਦੇ ਹੋਏ ਅੰਮਿ੍ਤਸਰ ਵੱਲ ਵਧਣ ਲੱਗੇ |
ਤਰਨ ਤਾਰਨ ਤੋਂ 10 ਕਿਲੋਮੀਟਰ ਦੂਰ ਗੋਹਲਵੜ ਪਿੰਡ ਨੇੜੇ ਬਾਬਾ ਜੀ ਨੇ ਆਪਣੇ ਜਥੇ ਸਮੇਤ ਦੁਸ਼ਮਣ ਦੀ ਫ਼ੌਜ ਨੂੰ ਲੜਾਈ ਲਈ ਲਲਕਾਰਿਆ | ਇਸ ਜਗ੍ਹਾ ਅੱਜ ਗੁਰਦੁਆਰਾ ਲਲਕਾਰ ਸਾਹਿਬ ਸਥਾਪਤ ਹੈ | ਗੋਹਲਵੜ ਵਿਖੇ ਬਾਬਾ ਜੀ ਦਾ ਸਾਹਮਣਾ ਜਮਾਲ ਖ਼ਾਨ ਨਾਲ ਹੋਇਆ | ਬਾਬਾ ਦੀਪ ਸਿੰਘ ਸਵਾ ਮਣ ਦਾ ਦੋ-ਧਾਰਾ ਖੰਡਾ ਖੜਕਾਉਂਦੇ ਵੈਰੀਆਂ ਨੂੰ ਸਦਾ ਦੀ ਨੀਂਦ ਸੁਆਉਂਦੇ ਹੋਏ ਅੱਗੇ ਵਧ ਰਹੇ ਸਨ | ਜਮਾਲ ਖ਼ਾਨ ਅੱਗੇ ਵਧ ਕੇ ਬਾਬਾ ਜੀ 'ਤੇ ਵਾਰ ਕਰਨ ਲੱਗਾ ਤਾਂ ਅੱਗੋਂ ਬਾਬਾ ਜੀ ਨੇ ਵੀ ਵਾਰ ਕਰ ਦਿੱਤਾ | ਇਸ ਸਾਂਝੇ ਵਾਰ 'ਚ ਬਾਬਾ ਜੀ ਨੇ ਉਸ ਮੁਗ਼ਲ ਕਮਾਂਡਰ ਨੂੰ ਤਾਂ ਥਾਂ 'ਤੇ ਹੀ ਢੇਰ ਕਰ ਦਿੱਤਾ ਪਰ ਉਹ ਆਪ ਵੀ ਗੰਭੀਰ ਜ਼ਖ਼ਮੀ ਹੋ ਗਏ | ਇਸ ਸਥਾਨ 'ਤੇ ਅੱਜ ਗੁਰਦੁਆਰਾ ਟਾਹਲਾ ਸਾਹਿਬ ਸੁਸ਼ੋਭਿਤ ਹੈ | ਬਚਨ ਕੇ ਬਲੀ ਸੂਰਬੀਰ ਯੋਧੇ ਬਾਬਾ ਜੀ ਆਪਣਾ ਸੀਸ ਸੰਭਾਲਦੇ ਅਤੇ ਖੰਡਾ ਵਾਹੁੰਦੇ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾ ਤੱਕ ਪਹੁੰਚ ਗਏ | ਪਰਕਰਮਾ ਵਿਚ ਲਹਿੰਦੇ ਪਾਸੇ ਇਸ ਸਥਾਨ ਦੇ ਸਾਹਮਣੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ | ਇੱਥੋਂ ਤੱਕ ਅੱਪੜਦਿਆਂ ਬਾਬਾ ਜੀ ਨੇ ਕਈ ਪਠਾਣ ਤੇ ਅਫ਼ਗਾਨ ਮਾਰ-ਮੁਕਾਏ | ਇਸ ਤਰ੍ਹਾਂ ਇਸ ਜੰਗ 'ਚ ਅਫ਼ਗਾਨ ਜਰਨੈਲਾਂ ਦੇ ਮਾਰੇ ਜਾਣ ਨਾਲ ਅਫ਼ਗਾਨੀ ਫ਼ੌਜ ਦੇ ਹੌਸਲੇ ਟੁੱਟ ਗਏ ਅਤੇ ਦੂਜੇ ਪਾਸੇ 13 ਨਵੰਬਰ, 1757 ਈ. ਨੂੰ ਬਾਬਾ ਦੀਪ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾ ਅੰਦਰ ਪਹੁੰਚ ਕੇ ਸ਼ਹੀਦੀ ਪ੍ਰਾਪਤ ਕਰ ਗਏ |
ਸ਼ਹੀਦ ਹੋਏ ਸਿੰਘਾਂ ਦੀ ਯਾਦ 'ਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਨੇੜੇ ਇਕ ਥੜ੍ਹੇ 'ਤੇ ਨਿਸ਼ਾਨ ਸਾਹਿਬ ਝੁਲਦਾ ਹੈ | ਉਸ ਥੜ੍ਹੇ 'ਤੇ ਬਾਬਾ ਦੀਪ ਸਿੰਘ ਸ਼ਹੀਦ ਹੈੱਡ ਜਥੇਦਾਰ, ਬਾਬਾ ਬਲਵੰਤ ਸਿੰਘ ਸ਼ਹੀਦ ਜਥੇਦਾਰ, ਬਾਬਾ ਹੀਰਾ ਸਿੰਘ ਸ਼ਹੀਦ ਜਥੇਦਾਰ, ਬਾਬਾ ਗੰਢਾ ਸਿੰਘ ਸ਼ਹੀਦ ਜਥੇਦਾਰ, ਬਾਬਾ ਲਹਿਣਾ ਸਿੰਘ ਸ਼ਹੀਦ ਜਥੇਦਾਰ, ਬਾਬਾ ਰਣ ਸਿੰਘ ਸ਼ਹੀਦ ਜਥੇਦਾਰ, ਬਾਬਾ ਗੁਪਾਲ ਸਿੰਘ ਸ਼ਹੀਦ ਜਥੇਦਾਰ, ਬਾਬਾ ਭਾਗ ਸਿੰਘ ਸ਼ਹੀਦ ਜਥੇਦਾਰ, ਬਾਬਾ ਸੱਜਣ ਸਿੰਘ ਸ਼ਹੀਦ ਜਥੇਦਾਰ, ਬਾਬਾ ਬਹਾਦਰ ਸਿੰਘ ਸ਼ਹੀਦ ਜਥੇਦਾਰ ਦੇ ਨਾਂਅ ਲਿਖੇ ਹੋਏ ਹਨ | ਚਾਟੀਵਿੰਡ ਗੇਟ ਦੇ ਨਾਲ ਜਿੱਥੇ ਬਾਬਾ ਜੀ ਦਾ ਸਸਕਾਰ ਕੀਤਾ ਗਿਆ, ਉੱਥੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸੁਸ਼ੋਭਿਤ ਹੈ | ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਉਹ ਦੋ-ਧਾਰਾ ਖੰਡਾ ਅਕਾਲ ਤਖ਼ਤ ਸਾਹਿਬ ਦੇ ਸ਼ਸਤਰਾਂ 'ਚ ਰੱਖਿਆ ਹੋਇਆ ਹੈ, ਜਿਸ ਦੇ ਰੋਜ਼ਾਨਾ ਸ਼ਾਮ ਸਮੇਂ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਹਨ | ਬਿਨਾਂ ਸ਼ੱਕ ਸ਼ਹੀਦ ਤੇ ਵਿਦਵਾਨ ਬਾਬਾ ਦੀਪ ਸਿੰਘ ਦਾ ਸਿੱਖ ਇਤਿਹਾਸ ਵਿਚ ਬਹੁਤ ਹੀ ਅਹਿਮ ਦਰਜਾ ਹੈ, ਜੋ ਆਉਣ ਵਾਲੇ ਸਮੇਂ ਵਿਚ ਵੀ ਪ੍ਰੇਰਨਾ ਦਾ ਸਰੋਤ ਬਣਿਆ ਰਹੇਗਾ |
(ਡੇਟਨ ਓਹਾਇਹੋ, ਯੂ.ਐੱਸ.ਏ.) |
ਸੰਪਰਕ: ਵਟਸਐਪ: +919417533060
ਈ-ਮੇਲ : gumtalacs@gmail.com